ਫਤਹਿਗੜ੍ਹ ਸਾਹਿਬ,- “ਜਰਨਲ ਕੁਲਦੀਪ ਸਿੰਘ ਬਰਾੜ ਜਿਸ ਨੇ ਬਲਿਊ ਸਟਾਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲੇ ਦੀ ਅਗਵਾਈ ਕੀਤੀ ਸੀ, ਉਹ ਅਕਸਰ ਹੀ ਲੰਡਨ ਦੇ ਮਹਿੰਗੇ ਕੈਸੀਨੋਂ “ਸਪੋਰਟਸਮੈਨ” ਜੋ ਕਿ ਔਲਡ ਕਿਊਬਿਕ ਸਟ੍ਰੀਟ ਵਿਖੇ ਸਥਿਤ ਹੈ, ਉੱਥੇ ਜੂਆ ਖੇਡਦੇ ਹਨ ਅਤੇ ਬਰਿਆਨਸੰਨ ਸਟ੍ਰੀਟ ਦੇ ਮੋਇਸਟਨ ਅਤਿ ਮਹਿੰਗੇ ਹੋਟਲ ਵਿਚ ਠਹਿਰਦੇ ਹਨ ਅਤੇ ਲੰਡਨ ਵਿਖੇ ਵੱਡੀਆਂ ਜ਼ਾਇਦਾਦਾਂ ਖਰੀਦੀਆਂ ਹੋਈਆਂ ਹਨ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਸ. ਗੁਰਸੇਵਕ ਸਿੰਘ ਜਵਾਹਰਕੇ, ਪ੍ਰੌ. ਮਹਿੰਦਰਪਾਲ ਸਿੰਘ (ਦੋਵੇ ਜਰਨਲ ਸਕੱਤਰ), ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਮੁੱਖ ਬੁਲਾਰਾ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਦੇ ਦਸਤਖ਼ਤਾ ਹੇਠ ਬੀਤੇ ਦਿਨੀਂ ਗਵਰਨਰ ਪੰਜਾਬ ਨੂੰ ਯਾਦ ਪੱਤਰ ਦਿੰਦੇ ਹੋਏ ਜਰਨਲ ਬਰਾੜ ਦੇ ਕਾਰਨਾਮਿਆਂ ਦੀ ਛਾਂਣਬੀਨ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ।”
ਇਸ ਯਾਦ ਪੱਤਰ ਵਿਚ ਇਹ ਵੀ ਇਸ਼ਾਰਾ ਕੀਤਾ ਗਿਆ ਹੈ ਕਿ 1984 ਵਿਚ ਜਦੋ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਸੀ, ਤਾਂ ਉਸ ਸਮੇਂ ਸਿੱਖ ਕੌਮ ਦੇ ਤੋਸਾਖਾਨੇ ਵਿਚ ਪਈਆ ਅਮੁੱਲ ਵਸਤਾਂ ਅਤੇ ਬੇਸਕੀਮਤੀ ਦੁਰਲੱਭ ਵਸਤਾਂ ਫ਼ੌਜ ਉੱਠਾਕੇ ਲੈ ਗਈ ਸੀ । ਕੀ ਜਰਨਲ ਬਰਾੜ ਵੱਲੋਂ ਜੋ ਲੰਡਨ ਵਿਖੇ ਬੇਪਰਵਾਹੀ ਨਾਲ ਵੱਡੇ ਖ਼ਰਚ ਕਰਕੇ ਐਸੋ-ਇਸਰਤ ਕੀਤੀ ਜਾ ਰਹੀ ਹੈ, ਇਹ ਧਨ-ਦੌਲਤਾ ਸਿੱਖ ਕੌਮ ਦਾ ਸਰਮਾਇਆ ਤਾ ਨਹੀ ਹਨ ? ਕਿਉਕਿ ਤੋਸਾਖਾਨੇ ਅਤੇ ਸਿੱਖ ਰੈਫਰੈਸ ਲਾਇਬਰੇਰੀ ਵਿਚੋਂ ਫ਼ੌਜ ਵੱਲੋਂ ਉੱਠਾਕੇ ਲਜਾਇਆਂ ਗਈਆਂ ਦੁਰਲੱਭ ਵਸਤਾਂ ਅਤੇ ਇਤਿਹਾਸ ਸਿੱਖ ਕੌਮ ਨੂੰ ਅੱਜ ਤੱਕ ਨਹੀ ਦਿੱਤਾ ਗਿਆ । ਇਸ ਯਾਦ ਪੱਤਰ ਵਿਚ ਪੰਜਾਬ ਪੁਲਿਸ ਅਤੇ ਪੰਜਾਬ ਦੇ ਗੈਰ ਇਖ਼ਲਾਕੀ ਸਿਆਸਤਦਾਨਾਂ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾ ਰਹੇ ਕਤਲਾਂ ਦਾ ਵੇਰਵਾ ਦਿੰਦੇ ਹੋਏ ਜਾਣਕਾਰੀ ਦਿੱਤੀ ਗਈ ਹੈ ਕਿ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਕਰ ਰਹੇ ਸਿੱਖ ਨੌਜ਼ਵਾਨਾਂ ਉਤੇ ਪੁਲਿਸ ਵੱਲੋਂ ਬਿਨ੍ਹਾਂ ਵਜ਼ਹ ਗੋਲੀ ਚਲਾਕੇ ਸ. ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ 24 ਅਗਸਤ 2012 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਅਕਲੀਆ ਵਿਖੇ ਅਮਨਮਈ ਤਰੀਕੇ ਮੁਜ਼ਾਹਰਾ ਕਰ ਰਹੇ ਨਿਹੱਥੇ ਜਿੰਮੀਦਾਰਾਂ ਉਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ । ਜਿਸ ਵਿਚ ਦੋ ਜਿੰਮੀਦਾਰ ਮਾਰੇ ਗਏ ਸਨ । ਜੋਗਾ ਥਾਣੇ ਵਿਚ ਇਸ ਸੰਬੰਧੀ ਐਫ.ਆਈ.ਆਰ. ਨੰਬਰ 36 ਰਾਹੀ ਕੇਸ ਦਰਜ ਹੈ । ਗੁਲਸੇਰ ਸਿੰਘ ਸੇ਼ਰਾਂ ਨਾਮ ਦਾ ਇਕ ਵਿਅਕਤੀ ਜੋ ਮਕਾਨ ਨੰਬਰ 443 ਨਹਿਰੂ ਕਲੋਨੀ ਬਠਿੰਡਾ ਵਿਖੇ ਰਹਿੰਦਾ ਸੀ, ਉਸ ਨੂੰ 6 ਸਤੰਬਰ 2012 ਨੂੰ ਦਿਨ ਦਿਹਾੜੇ ਉਸ ਦੇ ਮਕਾਨ ਦੇ ਨੇੜੇ ਹੀ ਪੰਜਾਬ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਮਾਰ ਦਿੱਤਾ ਸੀ । 30 ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਸਰਹੱਦ ਉਤੇ ਬੀ.ਐਸ.ਐਫ. ਦੀਆਂ ਦੋ ਕਾਂਸਟੇਬਲ ਲੜਕੀਆਂ ਆਰਤੀ ਅਤੇ ਰੀਨਾ ਕੌਰ ਵੱਲੋਂ ਦੋ ਪਾਕਿਸਤਾਨੀਆਂ ਨੂੰ ਵੀ ਘੁਸਪੈਠ ਦਾ ਨਾਮ ਦੇਕੇ ਮਾਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਅਜਿਹਾ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ ਸੀ । ਜਸਪਾਲ ਸਿੰਘ ਚੌੜ ਸਿੱਧਵਾਂ ਕਤਲ ਕੇਸ ਦੀ ਛਾਂਣਬੀਨ ਕਰਨ ਲਈ ਸ੍ਰੀ ਲੱਧੜ ਕਮਿਸ਼ਨਰ ਜਲੰਧਰ ਦੀ ਦੇਖ-ਰੇਖ ਹੇਠ ਕਮੇਟੀ ਕਾਇਮ ਕੀਤੀ ਸੀ ਜਿਸ ਦੀ ਆਈ ਰਿਪੋਰਟ ਵਿਚ ਵੀ ਪੁਲਿਸ ਨੂੰ ਇਸ ਕਤਲ ਦੀ ਦੋਸੀ ਠਹਿਰਾਇਆ ਗਿਆ ਹੈ । ਉਪਰੋਕਤ ਹੋਏ ਕਤਲਾਂ ਲਈ ਕਿਸੇ ਨੂੰ ਵੀ ਦੋਸੀ ਨਾ ਤਾਂ ਨਾਮਜ਼ਦ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ । ਪੁਲਿਸ ਅਤੇ ਸਿਆਸਤਦਾਨਾਂ ਦੇ ਇਹ ਅਮਲ ਅਤਿ ਨਿੰਦਣਯੋਗ ਅਤੇ ਅਗਲੇਰੀ ਨਿਰਪੱਖਤਾ ਵਾਲੀ ਕਾਰਵਾਈ ਦੀ ਮੰਗ ਕਰਦੇ ਹਨ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਯਾਦ ਪੱਤਰ ਰਾਹੀ ਉਪਰੋਕਤ ਦੁੱਖਦਾਂਇਕ ਘਟਨਾਵਾਂ ਅਤੇ ਫ਼ਰੀਦਕੋਟ ਵਿਖੇ 15 ਸਾਲਾਂ ਨਾਬਾਲਗ ਲੜਕੀ ਸ਼ਰੂਤੀ ਦੇ ਅਗਵਾਹ ਹੋਣ ਤੋ ਲੈਕੇ ਅੱਜ ਤੱਕ ਦੀ ਸਮੁੱਚੀ ਛਾਣਬੀਣ ਸੀ.ਬੀ.ਆਈ. ਤੋ ਕਰਾਉਣ ਦੀ ਮੰਗ ਕੀਤੀ ਹੈ । ਤਾਂ ਜੋ ਉਪਰੋਕਤ ਕਤਲਾਂ ਦੇ ਕਾਤਿਲ ਪੁਲਿਸ ਅਧਿਕਾਰੀ ਅਤੇ ਸਿਆਸਤਦਾਨਾਂ ਦੇ ਚਿਹਰੇ ਸਾਹਮਣੇ ਆ ਸਕਣ ਅਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਹੋ ਸਕੇ । ਆਗੂਆਂ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਵੱਲੋਂ ਦਿੱਤੇ ਗਏ ਯਾਦ-ਪੱਤਰ, ਜਿਸ ਨੂੰ ਪ੍ਰੈਸ ਨੇ ਕੈਮਰਿਆਂ ਵਿਚ ਬੰਦ ਕੀਤਾ ਸੀ ਅਤੇ ਯਾਦ-ਪੱਤਰ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ, ਉਸ ਸੰਬੰਧੀ ਚੰਡੀਗੜ੍ਹ ਦੀ ਪ੍ਰੈਸ ਨੇ ਨਸਰ ਨਾ ਕਰਕੇ ਜਰਨਲਿਜਮ ਦੇ ਨਿਰਪੱਖਤਾ ਵਾਲੇ ਨਿਯਮਾਂ ਅਤੇ ਅਸੂਲਾਂ ਦੀ ਵੀ ਉਲੰਘਣਾ ਕੀਤੀ ਹੈ ਜੋ ਨਹੀ ਹੋਣੀ ਚਾਹੀਦੀ । ਕਿਉਕਿ ਪ੍ਰੈਸ ਜ਼ਮਹੂਰੀਅਤ ਦਾ ਚੌਥਾਂ ਮੁੱਖ ਥੰਮ ਹੈ ।