ਅੰਮ੍ਰਿਤਸਰ:- ਨਵੰਬਰ 1984 ‘ਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿੱਚ ਸਮੇਂ ਦੀ ਸਰਕਾਰ ਦੇ ਗੁੰਡਿਆਂ ਵੱਲੋਂ ਸਿੱਖ ਫਿਰਕੇ ਨੂੰ ਨਿਸ਼ਾਨਾਂ ਬਣਾਉਂਦਿਆਂ ਜਿਉਂਦੇ ਜੀਅ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਹਜ਼ਾਰਾਂ ਘਰਾਂ ਦੇ ਰੌਸ਼ਨ ਚਿਰਾਗ ਬੁਝਾ ਦਿੱਤੇ ਗਏ। ਬੀਬੀਆਂ, ਭੈਣਾਂ ਨੂੰ ਬੇ-ਪੱਤ ਕੀਤਾ ਗਿਆ। ਹੱਸਦੇ ਵੱਸਦੇ ਸਿੱਖ ਪਰਿਵਾਰਾਂ ਨੂੰ ਉਜਾੜ ਕੇ ਰੋਟੀ-ਰੋਜ਼ੀ ਦੇ ਮੁਹਥਾਜ ਬਣਾਇਆ ਗਿਆ। ਪਰੰਤੂ ਕਿਸੇ ਵੀ ਦੰਗਾਕਾਰੀ ਜਾਂ ਇਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ 28 ਸਾਲ ਬੀਤ ਜਾਣ ਤੇ ਵੀ ਅੱਜ ਤੱਕ ਸਜਾਵਾਂ ਨਹੀ ਦਿੱਤੀਆਂ ਗਈਆਂ। ਬੇ-ਕਸੂਰ ਮਾਰੇ ਗਏ ਇਹਨਾਂ ਸਿੱਖ ਪਰਿਵਾਰਾਂ ਦੇ ਰਿਸਦੇ ਜਖਮਾਂ ਪ੍ਰਤੀ ਦੇਸ਼ ਅਤੇ ਵਿਦੇਸ਼ ‘ਚ ਬੈਠੇ ਸਿੱਖ ਮਨ੍ਹਾਂ ‘ਚ ਭਾਰੀ ਰੋਸ ਤੇ ਰੋਹ ਹੈ। ਇਨਸਾਫ ਲਈ ਕਈ ਇਨਕੁਆਰੀ ਕਮਿਸ਼ਨ ਬਣੇ ਪਰ ਇਨਸਾਫ ਦੀ ਕਿਰਨ ਕਿਸੇ ਪਾਸਿਓ ਵੀ ਦਿਖਾਈ ਨਾ ਦਿੱਤੀ, ਸਮੇਂ ਦੀ ਹਕੂਮਤ ਅੱਗੇ ਸਭ ਖੋਖਲੇ ਪੈ ਗਏ।
ਬੇ-ਕਸੂਰ ਮਾਰੇ ਗਏ ਸਿੱਖਾਂ ਦੀ ਆਤਮਿਕ ਸਾਂਤੀ ਤੇ ਦੰਗਾਕਾਰੀਆਂ ਅਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਸਜਾ ਦਿਵਾਉਣ ਲਈ ਗੁਰਦੁਆਰਾ ਝੰਡੇ-ਬੁੰਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ। ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਵੱਲੋਂ ਕੀਤੀ ਗਈ। ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਹੁਕਮਨਾਮਾ ਲਿਆ।
ਦੰਗਿਆਂ ਦੌਰਾਨ ਬੇ-ਕਸੂਰ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਚੋਂ ਬੀਬੀ ਜਗਦੀਸ਼ ਕੌਰ ਮੁੱਖ ਗਵਾਹ (ਸੱਜਣ ਕੁਮਾਰ ਕੇਸ), ਸ.ਜਗਮੋਹਣ ਸਿੰਘ, ਸ.ਗੁਰਿੰਦਰ ਸਿੰਘ, ਸ.ਗੁਰਦੀਪ ਸਿੰਘ ਗੋਲਡੀ, ਸ.ਮੱਘਰ ਸਿੰਘ (ਜਿਸ ਦੀਆਂ ਦੋਵੇਂ ਲੱਤਾਂ ਦੰਗਾਕਾਰੀਆਂ ਨੇ ਕੱਟ ਦਿੱਤੀਆਂ), ਬੀਬੀ ਸੁਖਵੰਤ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਸ.ਮੋਹਣ ਸਿੰਘ, ਸ.ਕੰਵਰ ਸਿੰਘ, ਸ.ਰਣਧੀਰ ਸਿੰਘ, ਬਾਪੂ ਅਜੀਤ ਸਿੰਘ, ਸ.ਪਰਮਜੀਤ ਸਿੰਘ ਤਨੇਲ ਤੇ ਸ.ਸੁਰਜੀਤ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਗ੍ਰੰਥੀ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਨੇ ਇਹਨਾਂ ਸਾਰੇ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ.ਹਰਭਜਨ ਸਿੰਘ ਤੇ ਸ.ਦਿਲਬਾਗ ਸਿੰਘ ਐਡੀ:ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਸ.ਹਰਬੰਸ ਸਿੰਘ ਮੱਲ੍ਹੀ ਮੈਨੇਜਰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’, ਸ.ਬਲਦੇਵ ਸਿੰਘ ਤੇ ਸ.ਗੁਰਿੰਦਰ ਸਿੰਘ ਐਡੀ:ਮੈਨੇਜਰ, ਸ.ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਡਾਕਟਰ ਕਾਰਜ ਸਿੰਘ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਮੌਜੂਦ ਸਨ।