ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਰਾਜ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾਈਆਂ। ਐਤਵਾਰ ਨੂੰ ਹੋਏ ਮੱਤਦਾਨ ਦੌਰਾਨ 74.62% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚਕਾਰ ਸਿੱਧਾ ਮਕਾਬਲਾ ਹੈ।
ਵਿਧਾਨ ਸੱਭਾ ਦੇ 68 ਮੈਂਬਰਾਂ ਦੀ ਚੋਣ ਲਈ ਸਵੇਰ ਦੇ ਸਮੇਂ ਮੱਤਦਾਨ ਦੀ ਰਫ਼ਤਾਰ ਕਾਫ਼ੀ ਹੌਲੀ ਸੀ ਪਰ ਦਿਨ ਦੇ ਵੱਧਣ ਦੇ ਨਾਲ ਹੀ ਵੋਟਾਂ ਪਾਉਣ ਦੀ ਸਪੀਡ ਵੀ ਤੇਜ਼ ਹੁੰਦੀ ਗਈ। ਚੋਣ ਅਧਿਕਾਰੀਆਂ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਰਾਜ ਵਿੱਚ ਸ਼ਾਮ ਦੇ ਪੰਜ ਵਜੇ ਤੱਕ 74.62% ਮੱਤਦਾਨ ਹੋਇਆ। ਸੂਬੇ ਵਿੱਚ ਚੋਣਾਂ ਸ਼ਾਤਮਈ ਮਹੌਲ ਵਿੱਚ ਹੀ ਹੋਈਆਂ ਅਤੇ ਕਿਸੇ ਵੀ ਹਿੰਸਕ ਵਾਰਦਾਤ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਪੰਜ ਵਜੇ ਤੋਂ ਬਾਅਦ ਵੀ 200 ਮੱਤਦਾਨ ਕੇਂਦਰ ਤੇ ਲੋਕ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ।ਚੋਣ ਮੈਦਾਨ ਵਿੱਚ 459 ਉਮੀਦਵਾਰ ਹਨ, ਜਿਨ੍ਹਾਂ ਵਿੱਚ 30 ਔਰਤਾਂ ਵੀ ਸ਼ਾਮਿਲ ਹਨ।
ਵੋਟਾਂ ਦੀ ਗਿਣਤੀ ਗੁਜਰਾਤ ਵਿਧਾਨ ਸੱਭਾ ਚੋਣਾਂ ਤੋਂ ਬਾਅਦ 20 ਦਸੰਬਰ ਨੂੰ ਹੋਵੇਗੀ। ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਨੂੰ ਸੀਸੀਟੀਵੀ ਅਤੇ ਕੇਂਦਰੀ ਅਰਧਸੈਨਿਕ ਬਲਾਂ ਦੀ ਨਿਗਰਾਨੀ ਹੇਠ ਰੱਖਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ।