ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਕ ਬਹੁਤ ਹੀ ਕਾਬਿਲ, ਬਚਾਅ ਪੱਖ ਦੇ ਨਾਮਵਰ ਵਕੀਲ ਸ੍ਰੀ ਗ੍ਰੈਗ ਕਿੰਗ (42) ਨੂੰ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਉਨ੍ਹਾਂ ਦੀ ਕਾਰ ਨੇੜੇ ਸਵੇਰੇ 10.30 ਵਜੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਸ੍ਰੀ ਗ੍ਰੈਗ ਕਿੰਗ ਜਿਨ੍ਹਾਂ ਨੇ ਇਥੇ ਇਕ ਪੰਜਾਬੀ ਵੀਰ ਵਰਿੰਦਰ ਸਿੰਘ ਬਰੇਲੀ ਤੱਲ੍ਹਣ ਵਾਲਿਆਂ (ਜਲੰਧਰ) ਦਾ ਸਵੈ ਰੱਖਿਆ ਦਾ ਕੇਸ ਜਿਸ ਵਿਚ ਉਨ੍ਹਾਂ ਨੇ ਅਕਤਬੂਰ 2008 ਵਿਚ ਆਪਣੀ ਦੁਕਾਨ ’ਤੇ ਲੁੱਟਣ ਆਏ ਲੁਟੇਰਿਆਂ ਨੂੰ ਦਬੋਚ ਲਿਆ ਸੀ ਤੇ ਪੁਲਿਸ ਦੇ ਆਉਣ ਤੱਕ ਫੜੀ ਰੱਖਿਆ ਸੀ, ਨੂੰ ਜਿੱਤ ਕੇ ਇਥੇ ਦੇ ਲੋਕਾਂ, ਪੁਲਿਸ ਅਤੇ ਨਿਆਂ ਵਿਭਾਗ ਦਾ ਧਿਆਨ ਖਿਚਿਆ ਸੀ। ਉਸ ਸਮੇਂ ਆਤਮ ਰੱਖਿਆ ਕਰਨ ਦੇ ਵਿਚ ਕੀਤੀ ਗਈ ਜ਼ੋਰ ਅਜਮਾਈ ਦਾ ਦੋਸ਼ ਇਸ ਪੰਜਾਬੀ ਵੀਰ ’ਤੇ ਲੱਗਿਆ ਸੀ। ਇਹ ਇਕ ਬਹੁਤ ਹੀ ਮਹਿੰਗਾ ਵਕੀਲ ਸੀ ਅਤੇ ਇਸ ਨੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਲਈ ਇਹ ਕੇਸ ਨਾ-ਮਾਤਰ ਕੀਮਤ ’ਤੇ ਲੜਿਆ ਸੀ। ਇਹ ਜਦੋਂ ਵੀ ਆਕਲੈਂਡ ਆਉਂਦਾ ਸੀ ਤਾਂ ਪੰਜਾਬੀ ਖਾਣੇ ਦਾ ਲੁਤਫ਼ ਜਰੂਰ ਉਠਾਉਂਦਾ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਇਥੇ ਇਕ ਬਹੁਤ ਹੀ ਚਰਚਿਤ ਕਤਲ ਕੇਸ (ਏਵਨ ਮੈਕਡੋਨਡ) ਇਸ ਨੇ ਜਿੱਤ ਕੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਇਸ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਜਾਂਦੇ ਇਕੱਲੇ-ਇਕੱਲੇ ਅੱਖਰ ਦਾ ਮੁੱਲ ਪਾਇਆ ਜਾਂਦਾ ਸੀ। ਇਸ ਦੀ ਹੋਈ ਦੁਖਦਾਈ ਮੌਤੇ ਉਤੇ ਵਰਿੰਦਰ ਸਿੰਘ ਬਰੇਲੀ, ਦਲਜੀਤ ਸਿੰਘ ਜੇ.ਪੀ, ਇੰਦਰਜੀਤ ਕਾਲਕਟ, ਹਰਪ੍ਰੀਤ ਸਿੰਘ ਕੰਗ, ਰਜਿੰਦਰ ਸਿੰਘ ਜਿੰਦੀ, ਰਣਵੀਰ ਸਿੰਘ ਲਾਲੀ ਸਮੇਤ ਹੋਰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਗਹਿਰਾ ਦੁੱਖ ਮਨਾਇਆ ਹੈ। ਪੁਲਿਸ ਨੇ ਇਸ ਮੌਤ ਦੇ ਕਾਰਨਾਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਸ੍ਰੀ ਗ੍ਰੈਗ ਕਿੰਗ ਨੂੰ ਇਸੇ ਸਾਲ ਅਮਰੀਕਾ ਦੇ 34ਵੇਂ ਰਾਸ਼ਟਰਪਤੀ ਸਵ. ਸ੍ਰੀ ਏਸਿਨੋਵਰ ਦੇ ਨਾਂਅ ਤੇ ਫੈਲੋਸ਼ਿੱਪ ਦਿੱਤੀ ਗਈ ਸੀ ਜੋ ਕਿ ਨਿਊਜ਼ੀਲੈਂਡ ਦੇਸ਼ ਵਾਸਤੇ ਬਹੁਤ ਹੀ ਵਕਾਰੀ ਗੱਲ ਸੀ।
ਨਿਊਜ਼ੀਲੈਂਡ ’ਚ ਪੰਜਾਬੀ ਭਾਈਚਾਰੇ ਦੇ ਵੱਡੇ ਸਹਿਯੋਗੀ ਰਹੇ ਹਾਈ ਪ੍ਰੋਫਾਈਲ ਵਕੀਲ ਸ੍ਰੀ ਗ੍ਰੈਗ ਕਿੰਗ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ
This entry was posted in ਅੰਤਰਰਾਸ਼ਟਰੀ.