ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜੱਜ ਇਫ਼ਤਖਾਰ ਚੌਧਰੀ ਆਏ ਦਿਨ ਸਰਕਾਰ ਅਤੇ ਆਰਮੀ ਲਈ ਕੋਈ ਨਾਂ ਕੋਈ ਨਵੀਂ ਹੀ ਸਮੱਸਿਆ ਤਿਆਰ ਰੱਖਦੇ ਹਨ। ਹੁਣ ਪਾਕਿਸਤਾਨ ਦੇ ਆਰਮੀ ਚੀਫ਼ ਕਿਆਨੀ ਨੇ ਸੁਪਰੀੰ ਕੋਰਟ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸੁਪਰੀਮ ਕੋਰਟ ਦੇਸ਼ ਦੀ ਆਰਮੀ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਨਾਂ ਕਰੇ। ਅਗਰ ਕੋਰਟ ਅਜਿਹਾ ਕਰਦੀ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੱਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੈਨਾ ਦੇਸ਼ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਕਰਨਾ ਬੰਦ ਕਰੇ।
ਜਨਰਲ ਕਿਆਨੀ ਨੇ ਜਸਟਿਸ ਇਫ਼ਤਖਾਰ ਚੌਧਰੀ ਦੇ ਬਿਆਨ ਨੂੰ ਚੈਲੰਜ ਦੀ ਤਰ੍ਹਾਂ ਲੈਂਦੇ ਹੋਏ ਕਿਹਾ ਹੈ ਕਿ ਸੁਪਰੀਮ ਕੋਰਟ ਆਰਮੀ ਦੀ ਤਾਕਤ ਘੱਟ ਕਰਨ ਦਾ ਯਤਨ ਨਾਂ ਕਰੇ। ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਦੇ ਆਜ਼ਾਦੀ ਤੋਂ ਬਆਦ ਸੱਤਾ ਦੇ 65 ਸਾਲ ਦੇ ਇਤਿਹਾਸ ਵਿੱਚ ਅੱਧੇ ਤੋਂ ਵੱਧ ਸਮਾਂ ਦੇਸ਼ ਦੀ ਕਮਾਂਡ ਸੈਨਾ ਦੇ ਹੱਥਾਂ ਵਿੱਚ ਹੀ ਰਹੀ ਹੈ। ਕਿਆਨੀ ਨੇ ਕਿਸੇ ਵੀ ਜੱਜ ਦਾ ਨਾਂ ਲਏ ਬਿਨਾਂ ਕਿਹਾ ਕਿ ਜਾਣੇ-ਅਣਜਾਣੇ ਵਿੱਚ ਕੋਈ ਵੀ ਅਜਿਹੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਜਿਸ ਨਾਲ ਸੈਨਾ ਅਤੇ ਦੇਸ਼ ਦੀ ਜਨਤਾ ਦਰਮਿਆਨ ਸਬੰਧ ਕਮਜੋਰ ਹੋਣ।ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਸੈਨਾ ਮੁੱਖੀ ਨੇ ਬੇਸ਼ੱਕ ਕਿਸੇ ਦਾ ਨਾਂ ਨਹੀਂ ਲਿਆ ਪਰ ਸਪੱਸ਼ਟ ਤੌਰ ਤੇ ਸੁਪਰੀਮ ਕੋਰਟ ਨੂੰ ਚਿਤਾਵਨੀ ਦੇ ਦਿੱਤੀ ਹੈ।