ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਅਗਾਂਹ ਵਧੂ ਆਲੂ ਬੀਜ ਉਤਪਾਦਕ ਸ. ਜੰਗ ਬਹਾਦਰ ਸਿੰਘ ਸੰਘਾ ਦੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਾਕਿਸਤਾਨ ਫੇਰੀ ਦੌਰਾਨ ਹੋਏ ਵਿਚਾਰ ਵਟਾਂਦਰੇ ਨੂੰ ਦੱਖਣੀ ਏਸ਼ੀਆ ਵਿੱਚ ਸਦੀਵੀ ਅਮਨ ਸਲਾਮਤੀ ਲਈ ਲੋੜੀਂਦੇ ਦੁਵੱਲੇ ਵਪਾਰ, ਉਦਯੋਗ ਅਤੇ ਖੇਤੀਬਾੜੀ ਖੋਜ ਦੀ ਰੌਸ਼ਨੀ ਵਿੱਚ ਮਹੱਤਵਪੂਰਨ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਪਾਕਿ ਸੰਬੰਧਾਂ ਵਿ¤ਚ ਵੀ ਲਾਜ਼ਮੀ ਸੁਖਾਵਾਂ ਮਾਹੌਲ ਉਸਰੇਗਾ । ਸ. ਸੰਘਾ ਇਸ ਵਫ਼ਦ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਗਏ ਸਨ ਅਤੇ ਅੱਜ ਲਾਹੌਰ ਤੋਂ ਸਿੱਧੇ ਹੀ ਪੰਜਵੀਂ ਕੌਮੀ ਬਾਗਬਾਨੀ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ । ਸ. ਸੰਘਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਜਿੰਨੀਆਂ ਵੀ ਪੇਸ਼ਕਸ਼ਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਨਾਲ ਖੇਤੀਬਾੜੀ ਖੋਜ ਨੂੰ ਵੀ ਬਲ ਮਿਲੇਗਾ । ਸ. ਸੁਖਬੀਰ ਸਿੰਘ ਬਾਦਲ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਹਿਬਾਜ਼ ਸ਼ਰੀਫ਼ ਨੇ ਉਦਯੋਗ ਵਪਾਰ ਅਤੇ ਖੇਤੀਬਾੜੀ ਲਈ ਸਾਂਝੇ ਏਜੰਡੇ ਦੀ ਪੂਰਤੀ ਲਈ ਕਮੇਟੀਆਂ ਦਾ ਗਠਨ ਵੀ ਕੀਤਾ ਹੈ ਜੋ ਆਪੋ ਆਪਣੇ ਕੇਂਦਰੀ ਸਰਕਾਰਾਂ ਰਾਹੀਂ ਇਸ ਕੰਮ ਵਿੱਚ ਅੱਗੇ ਵਧਣਗੀਆਂ । ਸ. ਸੰਘਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਢਾਈ ਸਾਲ ਪਹਿਲਾਂ ਖੇਤੀ ਉਪਜ ਤੇ ਡਿਊਟੀ ਆਇਤ ਕੀਤੀ ਸੀ ਉਸ ਨੂੰ ਘਟਾਉਣ ਲਈ ਵੀ ਮਾਣਯੋਗ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ।
ਸ. ਸੰਘਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨੀ ਕਿਸਾਨਾਂ ਨੂੰ ਨਿੱਜੀ ਸੰਪਰਕ ਦੌਰਾਨ ਪੇਸ਼ਕਸ਼ ਕੀਤੀ ਹੈ ਕਿ ਉਹ ਆਲੂਆਂ ਦਾ ਬੀਜ ਉਤਪਾਦਨ ਕਰਨ ਲਈ ਹਰ ਤਰ੍ਹਾਂ ਤਕਨੀਕੀ ਸਹਿਯੋਗ ਦੇਣ ਲਈ ਤਿਆਰ ਹਨ ਜਿਸ ਕਰਜ ਤੇ ਉਹ ਭਾਰਤ ਵਿੱਚ ਆਲੂਆਂ ਦਾ ਬੀਜ ਤਿਆਰ ਕਰ ਰਹੇ ਹਨ ਉਸੇ ਤਰ੍ਹਾਂ ਪਾਕਿਸਤਾਨੀ ਪੰਜਾਬ ਵਿੱਚ ਵੀ ਇਹ ਬੀਜ ਤਿਆਰ ਕਰਵਾਇਆ ਜਾ ਸਕਦਾ ਹੈ । ਸ. ਸੰਘਾ ਨੇ ਅੱਜ ਸ਼ਾਮ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਬਾਗਬਾਨੀ ਵਿਗਿਆਨੀਆਂ ਅਤੇ ਉਦਯੋਗਪਤੀਆਂ ਦੇ ਆਪਸੀ ਵਿਚਾਰ ਵਟਾਂਦਰੇ ਵਾਲੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਬਜ਼ੀਆਂ ਦੇ ਬੀਜ ਉਤਪਾਦਨ ਅਤੇ ਵਿਕਰੀ ਪ੍ਰਬੰਧ ਨੂੰ ਆਉਂਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਦੇਸ਼ ਦੇ ਵਿਗਿਆਨੀਆਂ ਤੋਂ ਸਾਨੂੰ ਵੱਡੀਆਂ ਉਮੀਦਾਂ ਹਨ ।