ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਇਕ ਬਹੁਤ ਹੀ ਦਿਲਕਸ਼ ਜਗ੍ਹਾ ਉਤੇ ਪਿਛਲੇ 20 ਸਾਲਾਂ ਤੋਂ ਦੁਕਾਨ ਚਲਾ ਰਹੇ ਸ੍ਰੀ ਜਤਿਨ ਪਟੇਲ ਨੂੰ ਉਦੋਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਦੁਕਾਨ ਤੋਂ ਬਹੁ ਗਿਣਤੀ ਵਿਚ ਵਿਕ ਰਹੀ ਆਈਸ ਕ੍ਰੀਮ ਉਨ੍ਹਾਂ ਨੂੰ ਮਿਲਿਆ ਲਿੱਕਰ ਲਾਇੰਸਸ ਠੰਢਾ ਪਾ ਗਈ। ਵਾਈਨ ਅਤੇ ਬੀਅਰ ਵੇਚਣ ਦਾ ਇਹ ‘ਆਫ ਲਾਇੰਸਸ’ ਪਿਛਲੇ ਦਿਨੀਂ ‘ਲਿੱਕਰ ਲਾਇਸੰਸ ਅਥਾਰਟੀ’ ਵੱਲੋਂ ਰੱਦ ਕਰ ਦਿੱਤਾ ਗਿਆ। ਸ੍ਰੀ ਜਤਿਨ ਪਟੇਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਇਸ ਬਾਰੇ ਆਪਣਾ ਪੱਖ ਰੱਖਿਆ ਸੀ ਪਰ ਅਧਿਕਾਰੀਆਂ ਨੇ ਦੁਕਾਨ ਵਿਚ ਵਿਕਦੇ ਦੂਜੇ ਸਾਮਾਨ ਦੇ ਅਨੁਪਾਤ ਨੂੰ ਧਿਆਨ ਵਿਚ ਰੱਖਦਿਆਂ ਇਹ ਲਾਇਸੰਸ ਰੱਦ ਕੀਤਾ ਹੈ। ਉਹ 30 ਨਵੰਬਰ ਤੱਕ ਸਾਰਾ ਪੁਰਾਣਾ ਸਟਾਕ ਵੇਚ ਸਕਣਗੇ। ਜਿਸ ਜਗ੍ਹਾ ਇਹ ‘ਦਾ ਓਰੀਐਂਟ ਬੇਅ ਸਟੋਰ’ ਸਥਾਪਿਤ ਹੈ ਉਹ ਸੈਰ ਸਪਾਟੇ ਵਾਲੇ ਲੋਕਾਂ ਦੀ ਖਾਸ ਖਿਚ ਦਾ ਕਾਰਨ ਹੈ ਜਿਸ ਕਰਕੇ ਉਥੇ ਆਈਸ ਕ੍ਰੀਮ ਦੀ ਕਾਫੀ ਵਿਕਰੀ ਹੁੰਦੀ ਹੈ। ਸ੍ਰੀ ਜਤਿਨ ਨੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਨ੍ਹਾਂ ਨੂੰ ਲੋਟੋ ਮਸ਼ੀਨ ਰੱਖਣ ਦੀ ਇਜ਼ਾਜਤ ਮਿਲ ਗਈ ਹੈ