ਡਾ. ਰਜਿੰਦਰ ਕੌਰ ਕਾਲੜਾ,
ਦੀਵਾਲੀ ਸਾਡੇ ਦੇਸ ਦਾ ਇੱਕ ਪ੍ਰਮੁੱਖ ਤਿਉਹਾਰ ਹੋਣ ਦੇ ਨਾਲ– ਨਾਲ ਘਰ ਨੂੰ ਸਾਫ–ਸਫਾਈ ਰੰਗ ਰੋਗਨ ਕਰਕੇ ਸਾਨਦਾਰ ਬਨਾਉਣ ਦਾ ਵੀ ਇੱਕ ਮੌਕਾ ਹੈ। ਜਿੱਥੇ ਇਹ ਤਿਉਹਾਰ ਸਾਡੇ ਲਈ ਖੁਸੀਆਂ ਲਿਆਉਂਦਾ ਹੈ, ਉਥੇ ਇਸ ਨੂੰ ਸੁਰੱਖਿਅਤ ਢੰਗ ਨਾਲ ਮਨਾਉਣਾ ਵੀ ਸਾਡੀ ਜਿੰਮੇਵਾਰੀ ਹੈ ਤਾਂ ਜੋ ਅਸੀਂ ਇਸ ਤਿਉਹਾਰ ਦਾ ਭਰਪੂਰ ਆਨੰਦ ਪਾ ਸਕੀਏ, ਇਸ ਲਈ ਸਾਨੂੰ ਕੁਝ ਹੇਠ ਲਿਖੀਆਂ ਜਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਸਭ ਤੋਂ ਪਹਿਲਾਂ ਤਾਂ ਘਰ ਦੀ ਸਫਾਈ ਦੀਵਾਲੀ ਤੋਂ 10–15 ਦਿਨ ਪਹਿਲੇ ਹੀ ਸੁਰੂ ਕਰ ਦੇਣੀ ਚਾਹੀਦੀ ਹੈ। ਰੋਜਾਨਾ ਥੋੜੀ–ਥੋੜੀ ਸਫਾਈ ਕੀਤੀ ਜਾ ਸਕਦੀ ਹੈ ਜਿਸ ਨਾਲ ਥਕਾਵਟ ਵੀ ਜਿਆਦਾ ਨਹੀਂ ਹੁੰਦੀ ਅਤੇ ਸਫਾਈ ਵੀ ਬੇਹਤਰ ਹੁੰਦੀ ਹੈ। ਸਫਾਈ ਦੇ ਕੰਮ ਵੇਲੇ ਜਿਆਦਾ ਪੁਰਾਣਾ ਜਾਂ ਬੇਕਾਰ ਸਮਾਨ ਨੂੰ ਹਟਾ ਦੇਣਾ ਚਾਹੀਦਾ ਹੈ ਜਿਵੇਂ ਕਿ ਪੁਰਾਣੀਆਂ ਕਿਤਾਬਾਂ, ਪੁਰਾਣੇ ਕੱਪੜੇ, ਡੱਬੇ, ਬੋਤਲਾਂ ਜਾਂ ਹੋਰ ਕੋਈ ਪੁਰਾਣੀਆਂ ਵਸਤਾਂ ਆਦਿ । ਇਹ ਵੀ ਵੇਖ ਲੈਣਾ ਚਾਹੀਦਾ ਹੈ ਕਿ ਜਿਹੜਾ ਸਮਾਨ 6 ਮਹੀਨੇ ਜਾਂ ਸਾਲ ਭਰ ਲਈ ਨਹੀਂ ਵਰਤਿਆ ਗਿਆ ਉਸ ਨੂੰ ਚੰਗੀ ਤਰ੍ਹਾਂ ਘੋਖ ਲਈਏ, ਜੇਕਰ ਇਹ ਚੀਜਾਂ ਕਿਸੇ ਦੇ ਕੰਮ ਆ ਸਕਦੀਆਂ ਹਨ ਤਾਂ ਕਿਸੀ ਜਰੂਰਤਮੰਦ ਨੂੰ ਦਿੱਤੀਆਂ ਜਾ ਸਕਦੀਆਂ ਹਨ। ਬੇਕਾਰ ਚੀਜਾਂ ਨੂੰ ਹਟਾਉਣ ਨਾਲ ਘਰ ਵਿੱਚ ਚੰਗੀ ਹਵਾ ਦਾ ਆਗਮਨ ਹੁੰਦਾ ਹੈ ਅਤੇ ਘਰ ਸਾਫ ਲੱਗਦਾ ਹੈ। ਘਰ ਵਿੱਚ ਜੇਕਰ ਰੰਗ ਰੋਗਨ ਦੀ ਲੋੜ ਹੈ ਤਾਂ ਇਹ ਕੰਮ ਮਹੀਨਾਂ ਪਹਿਲਾਂ ਹੀ ਕਰਵਾ ਲੈਣਾ ਚਾਹੀਦਾ ਹੈ ਕਿਉਂ ਕਿ ਦੀਵਾਲੀ ਦੇ ਨੇੜੇ ਇਸ ਕੰਮ ਦੀ ਮਜਦੂਰੀ ਵੀ ਵਧ ਜਾਂਦੀ ਹੈ ਅਤੇ ਕਾਮੇ ਵੀ ਆਸਾਨੀ ਨਾਲ ਨਹੀਂ ਮਿਲਦੇ । ਦੀਵਾਲੀ ਤੇ ਖਰੀਦਾਰੀ ਆਪਣੇ ਰੀਤੀ ਰਿਵਾਜ ਨੂੰ ਧਿਆਨ ਵਿੱਚ ਰੱਖ ਕੇ ਕਰੋ । ਘਰ ਦੀ ਸਫਾਈ ਅਤੇ ਸਜਾਵਟ ਲਈ ਹੋਰ ਮੈਂਬਰਾਂ ਦੀ ਸਲਾਹ– ਮਸਵਰਾ ਲੈ ਲੈਣੀ ਚਾਹੀਦੀ ਹੈ। ਇਸ ਨਾਲ ਉਹਨਾਂ ਦੀ ਪਸੰਦ ਜਾਂ ਨਾ ਪਸੰਦ ਮੁਤਾਬਿਕ ਚੀਜਾਂ ਖਰੀਦੀਆਂ ਜਾ ਸਕਦੀਆਂ ਹਨ।
ਕੁਝ ਚੀਜਾਂ ਜਿਵੇਂ ਸੋਫੇ ਦੇ ਕਵਰ, ਬੈਡ ਸੀਟ, ਟੇਬਲ ਕਵਰ ਜਾਂ ਪਰਦੇ ਆਦਿ ਵਿੱਚ ਬਦਲਾਵ ਲਿਆ ਕੇ ਸਜਾਵਟ ਵਿੱਚ ਨਵਾਂਪਨ ਪੈਦਾ ਕੀਤਾ ਜਾ ਸਕਦਾ ਹੈ।
ਦੀਵਾਲੀ ਦੇ ਮੌਕੇ ਤੇ ਕਈ ਦੁਕਾਨਦਾਰ ਸੇਲ ਲਗਾਉਂਦੇ ਹਨ ਜਾਂ ਗਿਫਟ ਸਕੀਮਾਂ ਦੀ ਔਫਰ ਦਿੰਦੇ ਹਨ। ਵੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਇਹਨਾਂ ਮੌਕਿਆਂ ਤੇ ਉਹ ਆਪਣਾ ਪੁਰਾਣਾ ਸਮਾਨ ਕੱਢਣ ਦੀ ਕੋਸਿਸ ਕਰਦੇ ਹਨ। ਇਸ ਲਈ ਖਰੀਦਦਾਰੀ ਵੱਕਤ ਸੁਆਣੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸਿਆਣਪ ਨਾਲ ਕੀਤੀ ਖਰੀਦਾਰੀ ਨਾਲ ਘੱਟ ਪੈਸੇ ਖਰਚ ਕੇ ਵਧੀਆ ਸਮਾਨ ਪ੍ਰਾਪਤ ਕਰ ਸਕਦੇ ਹਾਂ।
ਦੀਵਾਲੀ ਦੇ ਮੌਕੇ ਤੇ ਕਈ ਤਰ੍ਹਾਂ ਦੇ ਸਮਾਨ ਜਿਵੇਂ ਕੱਪੜਿਆਂ ,ਕਰੌਕਰੀ, ਬਿਜਲੀ ਦੇ ਯੰਤਰ ਆਦਿ ਤੇ ਆਕਰਸਕ ਛੂਟ ਦਿੱਤੀ ਜਾਂਦੀ ਹੈ। ਪਰ ਜਰੂਰੀ ਹੈ ਕਿ ਖਰੀਦ ਵੇਲੇ ਕੁਆਲਿਟੀ ਦਾ ਧਿਆਨ ਰੱਖੋ। ਕਈ ਵੱਡੀਆਂ ਕੰਪਨੀਆਂ ਇਸ ਮੌਕੇ ਤੇ ਘਰੇਲੂ ਬਿਜਲੀ ਯੰਤਰਾਂ ਤੇ ਜਿਵੇਂ ਫਰਿੱਜ, ਵਾਸਿੰਗ ਮਸੀਨ, ਟੀ.ਵੀ ਆਦਿ ਤੇ ਭਾਰੀ
ਕਟੌਤੀ ਕਰਦੀਆਂ ਹਨ। ਜੇਕਰ ਇਹਨਾਂ ਚੀਜਾਂ ਦੀ ਲੋੜ ਹੋਵੇ ਤਾਂ ਇਸ ਸਮੇਂ ਤੇ ਖਰੀਦ ਕਰਨ ਵਿੱਚ ਸਮਝਦਾਰੀ ਹੈ। ਖਰੀਦਣ ਵਾਲੀਆਂ ਚੀਜਾਂ ਦੀ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ ਅਤੇ ਇਸ ਲਈ ਆਪਣੇ ਬਜਟ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਪਹੁੰਚ ਤੋਂ ਜਿਆਦਾ ਖਰਚ ਬਾਅਦ ਵਿੱਚ ਮੁਸਕਿਲਾਂ ਪੈਦਾ ਕਰ ਸਕਦਾ ਹੈ।
ਦੀਵਾਲੀ ਦੇ ਮੌਕੇ ਤੇ ਮਿਠਾਈਆਂ ਦੀ ਮੰਗ ਵਧ ਜਾਂਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਦੁਕਾਨਦਾਰ ਕਈ ਤਰ੍ਹਾਂ ਦਾ ਨਕਲੀ ਸਮਾਨ ਵਰਤਦੇ ਹਨ ਜਿਸ ਦਾ ਸਾਡੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਚੰਗਾ ਹੈ ਜੇਕਰ ਘਰ ਵਿੱਚ ਹੀ ਮਿਠਾਈਆਂ ਤਿਆਰ ਕੀਤੀਆਂ ਜਾਣ। ਘਰ ਦੀਆਂ ਬਣੀਆਂ ਚੀਜਾਂ ਸਫਾਈ ਨਾਲ ਤਿਆਰ ਹੋਣ ਗੀਆਂ ਅਤੇ ਇਹਨਾਂ ਵਿੱਚ ਜਿਆਦਾ ਬਰਕਤ ਹੁੰਦੀ ਹੈ, ਜਿਵੇਂ ਬੇਸਨ ਦੀ ਬਰਫੀ, ਗੁਲਾਬ ਜਾਮੁਨ, ਮੱਠੀਆਂ, ਕੇਕ, ਬਿਸਕੁਟ ਆਦਿ ਘਰ ਵਿੱਚ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਦੋਸਤਾਂ ਜਾਂ ਰਿਸਤੇਦਾਰਾਂ ਨੂੰ ਮਿਠਾਈਆਂ ਦੀ ਬਜਾਏ ਉਪਯੋਗੀ ਅਤੇ ਕੰਮ ਆਉਣ ਵਾਲਾ ਸਮਾਨ ਜਿਵੇਂ ਸਜਾਵਟੀ ਸਮਾਨ, ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੀਜਾਂ ਮਿਕਸੀ, ਟੋਸਟਰ ਦੇਣਾ ਜਿਆਦਾ ਬੇਹਤਰ ਹੈ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਹ ਖਰਚੇ ਆਪਣੀ ਆਮਦਨ ਦੇ ਹਿਸਾਬ ਨਾਲ ਕੀਤੇ ਜਾਣ। ਇਹ ਸਮਾਨ ਕੋਸਿਸ ਕਰੋ ਕਿਸੇ ਹੋਲ ਸੇਲ ਦੀ ਦੁਕਾਨ ਤੋਂ ਖਰੀਦਿਆ ਜਾਵੇ।ਅੱਜ ਕੱਲ ਵੇਖਿਆ ਗਿਆ ਹੈ ਕਿ ਮੋਮਬੱਤੀਆਂ ਅਤੇ ਦੀਵਿਆਂ ਦੀ ਵਰਤੋਂ ਘੱਟ ਹੋ ਰਹੀ ਹੈ ਅਤੇ ਜਿਆਦਤਰ ਲੋਕੀਂ ਲਾਈਟਾਂ ਨਾਲ ਆਪਣੇ ਘਰ ਦੀ ਸੁੰਦਰਤਾ ਵਧਾਉਣ ਲਈ ਵੱਧ ਤੋਂ ਵੱਧ ਲਾਈਟਾਂ ਦਾ ਪ੍ਰਯੋਗ ਕਰਦੇ ਹਨ। ਇਹ ਲਾਈਟਾਂ ਕਈ–ਕਈ ਦਿਨ ਤੱਕ ਚਲਦੀਆਂ ਰਹਿੰਦੀਆਂ ਹਨ। ਜਿਸ ਨਾਲ ਬਿਜਲੀ ਦੀ ਖਪਤ ਵਧਦੀ ਹੈ। ਸਾਡੇ ਪੰਜਾਬ ਵਿੱਚ ਪਹਿਲਾਂ ਹੀ ਬਿਜਲੀ ਦੀ ਘਾਟ ਹੈ। ਅਜਿਹਾ ਕਰਨ ਨਾਲ ਬਿਜਲੀ ਦੀ ਬੇਲੋੜੀ ਖਪਤ ਹੁੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਲੋੜ ਅਨੁਸਾਰ ਲਾਈਟਾਂ ਦੀ ਵਰਤੋਂ ਕਰੀਏ।
ਦੀਵਾਲੀ ਦੇ ਮੌਕੇ ਤੇ ਬੱਚੇ, ਨੌਜਵਾਨ ਅਤੇ ਵੱਡੇ ਪਟਾਖੇ ਚਲਾ ਕੇ ਖੁਸੀ ਮਨਾਉਂਦੇ ਹਨ। ਇਹ ਖੁਸੀ ਤਾਂ ਜਰੂਰ ਮਨਾਉਣੀ ਚਾਹੀਦੀ ਹੈ ਪਰ ਸਾਨੂੰ ਇਹਨਾਂ ਪਟਾਖਿਆਂ ਦੇ ਬੁਰੇ ਪ੍ਰਭਾਵ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ। ਹਰ ਸਾਲ ਅਸੀਂ ਅਖਬਾਰਾਂ ਅਤੇ ਟੈਲੀਵਿਜਨ ਰਾਹੀਂ ਇਹਨਾਂ ਮੌਕਿਆਂ ਤੇ ਗੰਭੀਰ ਦੁਰਘਟਨਾਵਾਂ ਦੇਖਦੇ ਅਤੇ ਸੁਣਦੇ ਹਾਂ। ਬਹੁਤ ਸਾਰੀਆਂ ਇਹ ਦੁਰਘਟਨਾਵਾਂ ਸਾਡੀ ਲਾਪਰਵਾਹੀ ਦਾ ਹੀ ਨਤੀਜਾ ਹੁੰਦੀਆਂ ਹਨ। ਪਟਾਖੇ ਚਲਾਉਣ ਵੇਲੇ ਆਪਣੀ ਸੁਰੱਖਿਆ ਲਈ ਸੂਤੀ ਕੱਪੜੇ ਹੀ ਪਾਉ। ਇਸ ਲਈ ਕੋਸਿਸ ਕਰੋ ਕਿ ਪਟਾਖਿਆਂ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ । ਧਿਆਨ ਦੇਣ ਦੀ ਲੋੜ ਹੈ ਕਿ ਇਹ ਪਟਾਖੇ ਜਾਂ ਆਤਸਬਾਜੀ ਸਾਡੇ ਵਾਤਾਰਣ ਨੂੰ ਵੀ ਪ੍ਰਦੂਸਿਤ ਕਰਦੇ ਹਨ, ਜਿਸ ਦਾ ਸਾਡੀ ਸਿਹਤ ਉਪਰ ਮਾੜਾ ਅਸਰ ਪੈਂਦਾ ਹੈ ਕਿਉਂ ਕਿ ਇਹ ਹਵਾ ਨੂੰ ਦੂਸਿਤ ਕਰਦੇ ਹਨ ਅਤੇ ਸੋਰ ਪ੍ਰਦੂਸਣ ਫੈਲਾਉਂਦੇ ਹਨ, ਚੰਗਾ ਤਾਂ ਇਹ ਹੀ ਹੈ ਕਿ ਜੇਕਰ ਮੁਹੱਲੇ ਵਾਲੇ ਇਕੱਠੇ ਮਿਲ ਕੇ ਖੁੱਲ੍ਹੀ ਜਗ੍ਹਾ ਤੇ ਪਟਾਖੇ ਚਲਾ ਕੇ ਆਨੰਦ ਲੈਣ ਇਸ ਨਾਲ ਪ੍ਰਦੂਸਣ ਘਟ ਜਾਏਗਾ ਤੇ ਵਾਤਾਵਰਣ ਵੀ ਸੁਰੱਖਿਅਤ ਰਹੇਗਾ।
ਇਹਨਾਂ ਉਪਰ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਜੇਕਰ ਅਸੀਂ ਦੀਵਾਲੀ ਦਾ ਤਿਉਹਾਰ ਮਨਾਈਏ ਤਾਂ ਸਾਡੀਆਂ ਖੁਸੀਆਂ ਕਈ ਗੁਣਾਂ ਵਧ ਸਕਦੀਆਂ ਹਨ। ਇਸ ਤਰ੍ਹਾਂ ਅਸੀਂ ਆਪਣੇ– ਆਪ ਨੂੰ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਸਾਨੂੰ ਪਟਾਖੇ ਨਹੀਂ ਚਲਾਉਣੇ ਚਾਹੀਦੇ। ਇਸ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ।