ਫਤਹਿਗੜ੍ਹ ਸਾਹਿਬ – “ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਜਨਤਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਮੁੱਖ ਜਿੰਮੇਵਾਰੀ ਹੁੰਦੀ ਹੈ, ਤਾਂ ਕਿ ਕਿਸੇ ਸੂਬੇ ਦੇ ਬਸਿੰਦਿਆਂ ਨੂੰ ਕਿਸੇ ਵੀ ਪੱਖੋ ਕੋਈ ਮੁਸ਼ਕਿਲ ਪੇਸ ਨਾ ਆਵੇ । ਵੱਡੇ ਕਾਰੋਬਾਰੀ ਟਾਟਾ ਵੱਲੋਂ ਜੋ ਪੰਜਾਬ ਵਿਚ ਕੈਂਸਰ ਹਸਪਤਾਲ ਸਥਾਪਿਤ ਕਰਨ ਦੀ ਯੋਜਨਾ ਹੈ, ਉਹ ਮੁੱਲਾਪੁਰ (ਚੰਡੀਗੜ੍ਹ) ਦੀ ਬਜਾਇ ਮਾਲਵਾ ਵਿਚ ਸਥਾਪਿਤ ਕੀਤਾ ਜਾਵੇ । ਕਿਉਂਕਿ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਤੋ ਪੀੜਤ ਪਰਿਵਾਰਾਂ ਦੀ 90 ਪ੍ਰਤੀਸ਼ਤ ਵਸੋਂ ਪੰਜਾਬ ਦੇ ਮਾਲਵੇ ਇਲਾਕੇ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ ਆਦਿ ਜਿ਼ਲ੍ਹਿਆਂ ਵਿਚ ਹੈ । ਇਸ ਇਲਾਕੇ ਦੇ ਪੀੜਤ ਪਰਿਵਾਰਾਂ ਕੋਲ ਮਾਲੀ ਸਾਧਨਾਂ ਦੀ ਵੀ ਵੱਡੀ ਘਾਟ ਹੈ । ਉਹ ਰਾਜਸਥਾਨ ਜਾਂ ਦਿੱਲੀ ਆਦਿ ਵਰਗੇ ਲੰਮੀਂ ਦੂਰੀ ਵਿਖੇ ਜਾਕੇ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ । ਇਸ ਲਈ ਜੇਕਰ ਆਧੁਨਿਕ ਸਹੂਲਤਾਂ ਨਾਲ ਲੈਂਸ ਪੰਜਾਬ ਸਰਕਾਰ ਨੇ ਸੂਬੇ ਦੇ ਅਤੇ ਨਾਲ ਲੱਗਦੇ ਸੂਬਿਆਂ ਦੇ ਕੈਂਸਰ ਪੀੜਤਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾਂ ਦੁਆਉਣ ਲਈ ਕੈਂਸਰ ਹਸਪਤਾਲ ਸਥਾਪਿਤ ਕਰਨ ਦੀ ਠਾਣ ਹੀ ਲਈ ਹੈ, ਤਾਂ ਉਹਨਾਂ ਨੂੰ ਇਹ ਕੈਂਸਰ ਹਸਪਤਾਲ ਮਾਨਸਾ, ਬਠਿੰਡਾ, ਸੰਗਰੂਰ ਜਾਂ ਬਰਨਾਲਾ ਵਿਚ ਕਿਸੇ ਵੀ ਸਥਾਨ ‘ਤੇ ਮਾਲਵੇ ਦੇ ਇਲਾਕੇ ਵਿਚ ਸਥਾਪਿਤ ਕਰਨਾ ਚਾਹੀਦਾ ਹੈ । ਤਾਂ ਕਿ ਇਸ ਇਲਾਕੇ ਦੇ ਹਜ਼ਾਰਾਂ ਹੀ ਮਜ਼ਬੂਰ ਅਤੇ ਗ਼ਰੀਬ ਪਰਿਵਾਰਾਂ ਨਾਲ ਸੰਬੰਧਤ ਮਰੀਜ ਇਥੋ ਇਲਾਜ ਕਰਵਾਕੇ ਇਸ ਲੰਬੀ ਬਿਮਾਰੀ ਤੋ ਸਰੂਖਰ ਹੋ ਸਕਣ । ਉਹਨਾਂ ਨੂੰ ਦੂਰ ਦੁਰਾਡੇ ਕਿਰਾਇਆਂ ਉਤੇ ਵੱਡੇ ਖ਼ਰਚ ਕਰਕੇ ਆਵਾਜ਼ਾਈ ਸਾਧਨਾਂ ਅਤੇ ਰਹਿਣ ਲਈ ਮਹਿੰਗੇ ਸਥਾਨਾਂ ਦੀ ਤਕਲੀਫ ਨਾ ਝੱਲਣੀ ਪਵੇ ।”
ਇਹ ਉਪਰੋਕਤ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਂਸਰ ਹਸਪਤਾਲ ਮੁੱਲਾਪੁਰ (ਚੰਡੀਗੜ੍ਹ) ਵਿਖੇ ਬਣਾਉਣ ਦੀ ਤਜਵੀਜ਼ ਨੂੰ ਗੈਰ ਦਲੀਲ ਅਤੇ ਪੀੜਤਾਂ ਦੀ ਦੁੱਖ ਤਕਲੀਫਾਂ ਵਿਚ ਵਾਧਾ ਕਰਨ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੁੱਲਾਪੁਰ (ਚੰਡੀਗੜ੍ਹ) ਵਿਚ ਤਾ ਪੀੜਤ ਮਰੀਜਾਂ ਨੂੰ ਪਹਿਲੋਂ ਹੀ ਪੀ.ਜੀ.ਆਈ. ਵਿਖੇ ਇਲਾਜ ਅਧੀਨ ਆਏ ਮਰੀਜਾਂ ਨੂੰ ਉਪਰੋਕਤ ਦੋਵੇ ਮੁਸ਼ਕਿਲਾਂ ਦਾ ਵੱਡਾ ਸਾਹਮਣਾ ਕਰਨਾ ਪੈਦਾ ਹੈ । ਫਿਰ ਚੰਡੀਗੜ੍ਹ ਤੇ ਮਾਲਵੇ ਦੇ ਇਲਾਕੇ ਦੀ ਦੂਰੀ ਵੀ ਵੱਡੀ ਹੈ । ਇਸ ਹਸਪਤਾਲ ਨੂੰ ਸਥਾਪਿਤ ਕਰਦੇ ਸਮੇਂ ਇਸ ਗੱਲ ਦਾ ਵੀ ਉਚੇਚੇ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ ਸਥਾਨ ਰੇਲਵੇ ਅਤੇ ਸੜਕੀ ਆਵਾਜ਼ਾਈ ਨਾਲ ਸੋਖੇ ਤੇ ਸਿੱਧੇ ਤੌਰ ਤੇ ਜੁੜਿਆ ਹੋਣਾ ਚਾਹੀਦਾ ਹੈ ਅਤੇ ਉਥੇ ਮਰੀਜਾਂ ਦੇ ਪਰਿਵਾਰਿਕ ਮੈਬਰਾਂ ਨੂੰ ਰਹਿਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਂਸ ਵੱਡੀ ਸਰਾਅ ਬਣਾਉਣੀ ਵੀ ਸਮੇਂ ਦੀ ਲੋੜ ਹੈ । ਸਰਕਾਰ ਵੱਲੋਂ ਮੁੱਲਾਪੁਰ (ਚੰਡੀਗੜ੍ਹ) ਵਿਖੇ ਕੈਂਸਰ ਹਸਪਤਾਲ ਬਣਾਉਣ ਪਿੱਛੇ ਸਿਆਸਤਦਾਨਾਂ ਦੇ ਛਿਪੇ ਸਵਾਰਥਾਂ ਤੋਂ ਜਾਣੂ ਕਰਵਾਉਦੇ ਹੋਏ ਉਹਨਾਂ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆਂ, ਬੀਬੀ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਧਨਾਢ ਸਿਆਸਤਦਾਨਾਂ ਨੇ ਮੁੱਲਾਪੁਰ ਅਤੇ ਉਸਦੇ ਨਜ਼ਦੀਕ ਬਹੁਤ ਪਹਿਲੋਂ ਹੀ ਸਸਤੇ ਭਾਅ ਤੇ ਜ਼ਮੀਨਾਂ ਖ਼ਰੀਦਕੇ ਵੱਡੇ-ਵੱਡੇ ਫਾਰਮ ਬਣਾਏ ਹੋਏ ਹਨ । ਹੁਣ ਕੈਂਸਰ ਹਸਪਤਾਲ ਦੇ ਬਹਾਨੇ ਨਾਲ ਇਹ ਸਮੁੱਚੇ ਸਿਆਸਤਦਾਨ ਆਪਣੀਆਂ ਜ਼ਮੀਨਾਂ ਨੂੰ ਕਰੋੜਾਂ-ਅਰਬਾਂ ਰੁਪਇਆ ਵਿਚ ਵੇਚਕੇ ਹੋਰ ਧਨਾਢ ਬਣਨ ਦੀ ਇੱਛਾਂ ਰੱਖਦੇ ਹਨ । ਜਦੋਕਿ ਕੈਂਸਰ ਪੀੜਤਾਂ ਲਈ ਇਹ ਸਥਾਨ ਕਿਸੇ ਵੀ ਪੱਖੋਂ ਉਹਨਾਂ ਨੂੰ ਫਾਇਦਾਂ ਪਹੁੰਚਾਉਣ ਵਾਲਾ ਨਹੀ ਹੈ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਪੰਜਾਬ ਸਰਕਾਰ ਅਤੇ ਇਥੋ ਦੇ ਸਿਆਸਤਦਾਨਾਂ ਨੂੰ ਸੁਝਾਅ ਪੇਸ ਕਰਦੇ ਹੋਏ ਕਿਹਾ ਕਿ ਸੰਗਰੂਰ ਵਿਖੇ ਜੋ ਬੀਤੇ ਸਮੇਂ ਟੀ.ਬੀ. ਹਸਪਤਾਲ ਸੀ, ਉਥੇ ਕਾਫੀ ਖੁੱਲ੍ਹੀ ਜਗ੍ਹਾਂ ਉਸੇ ਤਰ੍ਹਾਂ ਖੰਡਰ ਹੋਈ ਪਈ ਹੈ । ਫਿਰ ਸੰਗਰੂਰ ਰੇਲਵੇ ਤੇ ਸੜਕੀ ਆਵਾਜ਼ਾਈ ਉਤੇ ਹੈ । ਫਿਰ ਪੰਜਾਬ ਸਰਕਾਰ ਨੂੰ ਜ਼ਮੀਨ ਲਈ ਪੰਜਾਬ ਦੇ ਖਜ਼ਾਨੇ ਵਿਚੋਂ ਵੱਡਾ ਖ਼ਰਚ ਨਹੀ ਕਰਨਾ ਪਵੇਗਾ । ਦੂਸਰਾ ਮਾਨਸਾ ਅਤੇ ਬਠਿੰਡਾ ਜਿ਼ਲ੍ਹਾਂ ਵੀ ਕੈਂਸਰ ਪੀੜਤਾਂ ਤੋ ਡੂੰਘਾ ਪ੍ਰਭਾਵਿਤ ਹੈ । ਮਾਨਸਾ ਜਿ਼ਲ੍ਹੇ ਦੇ ਪਿੰਡ ਰੱਲਾ ਦੀ ਪੰਚਾਇਤ ਦੀ 100 ਏਕੜ ਜ਼ਮੀਨ ਪਈ ਹੈ ਅਤੇ ਇਹ ਪੰਚਾਇਤ ਕੈਂਸਰ ਹਸਪਤਾਲ ਲਈ ਇਸ ਜ਼ਮੀਨ ਨੂੰ ਦੇਣ ਲਈ ਪਹਿਲੋਂ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰ ਚੁੱਕੀ ਹੈ । ਫਿਰ ਰੱਲਾ ਪਿੰਡ ਦਿੱਲੀ-ਅੰਮ੍ਰਿਤਸਰ ਹਾਈਵੇ ਅਤੇ ਅੰਮ੍ਰਿਤਸਰ-ਦਿੱਲੀ ਰੇਲਵੇ ਲਿੰਕ ਨਾਲ ਜੁੜਿਆ ਹੋਇਆ ਹੈ । ਇਨ੍ਹਾਂ ਸਥਾਨਾਂ ਵਿਚੋਂ ਕਿਸੇ ਵੀ ਸਥਾਨ ਤੇ ਇਹ ਹਸਪਤਾਲ ਸਥਾਪਿਤ ਕਰਨਾ ਜਿਥੇ ਕਫਾਇਤੀ ਹੋਵੇਗਾਂ, ਉਥੇ ਹਜ਼ਾਰਾਂ ਹੀ ਮਾਲਵੇ ਦੇ ਇਲਾਕੇ ਦੇ ਪੀੜਤ ਪਰਿਵਾਰਾਂ ਲਈ ਇਹ ਕੈਂਸਰ ਹਸਪਤਾਲ ਹਰ ਪੱਖੋ ਵਰਦਾਨ ਸਾਬਿਤ ਹੋ ਨਿਕਲੇਗਾ । ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਸੰਗਰੂਰ ਜਾਂ ਰੱਲਾ (ਮਾਨਸਾ) ਵਿਖੇ ਇਹ ਕੈਂਸਰ ਹਸਪਤਾਲ ਸਥਾਪਿਤ ਕੀਤਾ ਜਾਵੇ । ਨਾ ਕਿ ਸਿਆਸਤਦਾਨ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਉਣ ਅਤੇ ਹੋਰ ਅਮੀਰ ਬਣਨ ਦੇ ਚੱਕਰ ਵਿਚ ਪੰਜਾਬ ਦੇ ਕੈਂਸਰ ਦੇ ਪੀੜਤ ਪਰਿਵਾਰਾਂ ਨਾਲ ਬੇਇਨਸਾਫ਼ੀ ਕਰਨ ।