ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਹਫ਼ਤੇ ਤੱਕ ਚੱਲੇ ਆਪਣੇ ਰਾਸ਼ਟਰੀ ਸੰਮੇਲਨ ਤੋਂ ਬਾਅਦ ਆਖਿਰਕਾਰ ਆਪਣੇ ਸੰਭਾਵਿਤ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੰਭਾਵੀ ਪ੍ਰਧਾਨਮੰਤਰੀ ਲੀ ਕੀਕਿਆਂਗ ਨੂੰ ਨਵੀਂ ਕੇਂਦਰੀ ਕਮੇਟੀ ਨੇ ਚੁਣ ਲਿਆ ਹੈ।
ਚੀਨ ਦੀ ਅਧਿਕਾਰਿਕ ਸ਼ਿਨਹੂਆ ਕਮੇਟੀ ਨੇ ਦਸਿਆ ਕਿ ਮੌਜੂਦਾ ਉਪਰਾਸ਼ਟਰਪਤੀ ਜਿਨਪਿੰਗ ਅਤੇ ਮੌਜੂਦਾ ਉਪ ਪ੍ਰਧਾਨਮੰਤਰੀ ਲੀ ਕੀਕਿਆਂਗ ਕਮੇਟੀ ਵਿੱਚ ਚੁਣ ਲਏ ਗਏ ਹਨ।ਇਨ੍ਹਾਂ ਦੋਵਾਂ ਦੀ ਚੋਣ ਕਦੇ ਵੀ ਸ਼ੱਕ ਦੇ ਘੇਰੇ ਵਿੱਚ ਨਹੀਂ ਰਹੀ।ਪੋਲਿਤ ਬਿਊਰੋ ਦੀ ਸਥਾਈ ਕਮੇਟੀ ਦੇ ਸੰਭਾਵਿਤ ਦਾਅਵੇਦਾਰ ਮੰਨੇ ਜਾ ਰਹੇ 8 ਉਚ ਨੇਤਾਵਾਂ ਨੂੰ ਵੀ ਕੇਂਦਰੀ ਕਮੇਟੀ ਦੇ ਮੈਂਬਰ ਚੁਣ ਲਿਆ ਗਿਆ ਹੈ।
ਸੀਪੀਸੀ ਦੇ 18ਵੇਂ ਰਾਸ਼ਟਰੀ ਸੰਮੇਲਨ ਵਿੱਚ ਭਾਗ ਲੈ ਰਹੇ 2270 ਪ੍ਰਤੀਨਿਧੀਆਂ ਨੇ ‘ਗਰੇਟ ਹਾਲ ਆਫ਼ ਦੀ ਪੀਪਲ’ ਵਿੱਚ ਆਪਣੇ ਨਵੇਂ ਨੇਤਾਵਾਂ ਦੀ ਚੋਣ ਕੀਤੀ। ਕੇਂਦਰੀ ਕਮੇਟੀ ਹੀ ਸੀਪੀਸੀ ਦੇ ਸਾਰੇ ਨਿਰਣਿਆਂ ਤੇ ਅਧਿਕਾਰਕ ਫੈਸਲਾ ਲੈਂਦੀ ਹੈ।ਇਸ ਦੇ 200 ਸੰਪੂਰਣ ਮੈਨਬਰ ਅਤੇ 170 ਵਿਕਲੱਪ ਮੈਂਬਰ ਹੁੰਦੇ ਹਨ। ਵਿਕਲੱਪ ਮੈਂਬਰ ਵੋਟ ਨਹੀਂ ਕਰ ਸਕਦੇ।ਕੇਂਦਰੀ ਕਮੇਟੀ ਹੀ ਪੋਲਿਤ ਬਿਊਰੋ ਅਖਵਾਉਂਦੀ ਹੈ। ਪੋਲਿਤ ਬਿਊਰੋ ਵਿੱਚ 20 ਤੋਂ ਵੱਧ ਮੈਂਬਰ ਚੁਣੇ ਜਾਂਦੇ ਹਨ। ਇਸ ਵਾਰ ਪੋਲਿਤ ਬਿਊਰੋ ਦੀ ਸਰਵਉਚ ਸੰਸਥਾ ਸਥਾਈ ਕਮੇਟੀ ਵਿੱਚ ਸਿਰਫ਼ 7 ਨੇਤਾ ਹੀ ਚੁਣੇ ਜਾਣਗੇ।
ਮਾਰਚ ਵਿੱਚ ਦੋਵੇਂ ਨੇਤਾ ਅਧਿਕਾਰਕ ਤੌਰ ਤੇ ਚੀਨ ਦੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਦਾ ਅਹੁਦਾ ਸੰਭਾਲ ਲੈਣਗੇ। ਸੀਪੀਸੀ ਦੇ ਅਜਿਹੇ ਹੀ ਸੰਮੇਲਨ ਵਿੱਚ 10 ਸਾਲ ਪਹਿਲਾਂ ਮੌਜੂਦਾ ਰਾਸ਼ਟਰਪਤੀ ਹੂ ਜਿੰਤਾਓ ਨੂੰ ਸੱਤਾ ਸੌਂਪੀ ਗਈ ਸੀ।