ਨਵੀਂ ਦਿੱਲੀ- ਸੰਸਦ ਦੇ ਅਗਲੇ ਸੈਸ਼ਨ ਵਿੱਚ ਐਫ਼ਡੀਆਈ ਮੁੱਦੇ ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿਹਾ ਕਿ ਅਸੀਂ ਅਵਿਸ਼ਵਾਸ਼ ਸਮੇਤ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ। ਇਸ ਸੈਸ਼ਨ ਵਿੱਚ ਸਰਕਾਰ ਨੇ ਕੁਝ ਮਹੱਤਵਪੂਰਣ ਬਿੱਲਾਂ ਤੇ ਸਮਰਥਣ ਪ੍ਰਾਪਤ ਕਰਨ ਲਈ ਰਾਜਨੀਤਕ ਪਾਰਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਯੂਪੀਏ ਸਰਕਾਰ ਨੇ ਲੋਕ ਸੱਭਾ ਚੋਣਾਂ ਜਲਦੀ ਕਰਵਾਏ ਜਾਣ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਸਰਕਾਰ 2014 ਤੱਕ ਦਾ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਵਿੱਤ ਮੰਤਰੀ ਪੀ. ਚਿਦੰਬਰਮ, ਦੂਰਸੰਚਾਰ ਮੰਤਰੀ ਕਪਿਲ ਸਿੱਬਲ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾਰੀ ਨੇ ਅਗਲਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਸਾਹਮਣੇ ਸਰਕਾਰ ਦੀ ਸਥਿਤੀ ਸਾਫ਼ ਕਰਦੇ ਹੋਏ ਕਿਹਾ ਕਿ ਸਰਕਾਰ ਕਿਸੇ ਵੀ ਮੁੱਦੇ ਤੇ ਚਰਚਾ ਕਰਵਾਉਣ ਲਈ ਤਿਆਰ ਹੈ।
ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਚਾਰ ਹਫ਼ਤੇ ਤੱਕ ਚੱਲਣ ਵਾਲੇ ਇਸ ਸੈਸ਼ਨ ਦੌਰਾਨ ਬਿੱਲਾਂ ਨੂੰ ਪਾਸ ਕਰਵਾਉਣ ਲਈ ਅਸੀਂ ਰਾਜਨੀਤਕ ਪਾਰਟੀਆਂ ਨਾਲ ਸੰਪਰਕ ਵਿੱਚ ਹਾਂ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਕਾਰ ਨੂੰ ਬਾਹਰ ਤੋਂ ਸਮਰਥੱਣ ਦੇਣ ਵਾਲੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਉਹ ਹੋਰ ਵੀ ਸਹਿਯੋਗੀ ਦਲਾਂ ਨੂੰ ਮਿਲਣਗੇ। ਮਹੱਤਵਪੂਰਣ ਬਿੱਲਾਂ ਵਿੱਚੋਂ ਬੀਮਾ ਸੁਧਾਰ ਬਿੱਲ ਵੀ ਹੈ, ਜਿਸ ਵਿੱਚ ਐਫ਼ਡੀਆਈ ਸੀਮਾ ਨੂੰ 26% ਤੋਂ ਵਧਾ ਕੇ 49% ਕਰਨ ਦਾ ਪ੍ਰਸਤਾਵ ਹੈ।
ਤ੍ਰਿਣਮੂਲ ਕਾਂਗਰਸ ਵੱਲੋਂ ਅਵਿਸ਼ਵਾਸ਼ ਪ੍ਰਸਤਾਵ ਲਿਆਉਣ ਦੀ ਧਮਕੀ ਸਬੰਧੀ ਪੁੱਛੇ ਜਾਣ ਤੇ ਕਪਿਲ ਸਿੱਬਲ ਨੇ ਕਿਹਾ, ‘ਸਦਨ ਵਿੱਚ ਕੋਈ ਵੀ ਪ੍ਰਸਤਾਵ ਲਿਆਉਣਾ ਹਰ ਰਾਜਨੀਤਕ ਪਾਰਟੀ ਦਾ ਅਧਿਕਾਰ ਹੈ।ਜਦੋਂ ਵੀ ਇਹ ਪ੍ਰਸਤਾਵ ਆਵੇਗਾ, ਅਸੀਂ ਇਸ ਦਾ ਸਾਹਮਣਾ ਕਰਾਂਗੇ।’
ਸਰਕਾਰ ਨੂੰ ਇਸ ਸਮੇਂ 265 ਸਾਂਸਦਾਂ ਦਾ ਸਮਰਥੱਣ ਹਾਸਿਲ ਹੈ।ਸਪਾ ਦੇ 22 ਅਤੇ ਬਸਪਾ ਦੇ 21 ਸਾਂਸਦਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਸਰਕਾਰ ਨੂੰ ਸਮਰਥੱਣ ਦੇਣ ਵਾਲਿਆਂ ਦੀ ਸੰਖਿਆ 300 ਤੋਂ ਵੱਧ ਹੋ ਜਾਂਦੀ ਹੈ ਜੋ ਕਿ ਲੋਕ ਸੱਭਾ ਦੇ 273 ਦੇ ਬਹੁਮੱਤ ਦੇ ਅੰਕੜਿਆਂ ਤੋਂ ਕਾਫ਼ੀ ਵੱਧ ਹੈ।