ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ ਦੇ ਪ੍ਰਸਿੱਧ ਵਪਾਰਕ ਮੈਗਜ਼ੀਨ ‘ਫੋਰਬਸ’ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਦਰਤੀ ਸੁੰਦਰਤਾ ਦੀ ਖੁੱਲ੍ਹੀ ਪਿਟਾਰੀ ਵਰਗੇ ਦੇਸ਼ ‘ਨਿਊਜ਼ੀਲੈਂਡ’ ਨੂੰ ਵਿਸ਼ਵ ਭਰ ਵਿਚੋਂ ਵਪਾਰ ਕਰਨ ਵਾਸਤੇ ਸਿਖਰ ’ਤੇ ਰੱਖਿਆ ਗਿਆ ਹੈ। ਪਿਛਲੇ ਸਾਲ ਇਹ ਦੇਸ਼ ਦੂਸਰੇ ਨੰਬਰ ’ਤੇ ਸੀ ਪਰ ਇਸ ਵਾਰ ਪਹਿਲੇ ਨੰਬਰ ’ਤੇ ਛਲਾਂਗ ਲਗਾ ਗਿਆ ਹੈ। ਫੋਰਬਸ ਵੱਲੋਂ 141 ਦੇਸ਼ਾਂ ਦੀ ਸੂਚੀ ਗਿਆਰਾਂ ਵੱਖ-ਵੱਖ ਮਾਪਦੰਢਾਂ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਇਸ ਦੀ ਸ਼ਿਖਰਤਾ ਨੂੰ ਬਰਕਰਾਰ ਰੱਖਣ ਦੇ ਲਈ ਇਥੇ ਜੀ.ਡੀ.ਪੀ.(Gross Domestic Product) 162 ਬਿਲੀਅਨ, ਨਿੱਜੀ ਅਜ਼ਾਦੀ, ਨਿਵੇਸ਼ ਸੁਰੱਖਿਆ, ਜਿਆਦਾ ਕਾਨੂੰਨੀ ਉਲਝਣਾਂ ਤੋਂ ਛੋਟ ਅਤੇ ਰਿਸ਼ਵਤਖੋਰੀ ਦਾ ਨਾ ਹੋਣਾ ਮੰਨਿਆ ਗਿਆ ਹੈ। ਆਰਥਿਕ ਮੰਦੀ ਦੇ ਚਲਦਿਆਂ ਇਥੇ ਦੀ ਅਰਥ ਵਿਵਸਥਾ ਵੀ ਲਗਪਗ ਸਥਿਰ ਰਹੀ ਹੈ। ਇਥੇ ਬੇਰੁਜ਼ਗਾਰੀ ਦੀ ਦਰ ਭਾਵੇਂ ਵਧੀ ਹੈ ਪਰ ਕਾਰਪੋਰੇਟ ਟੈਕਸ ਦੇ ਵਿਚ ਕੀਤੀ ਗਈ ਕਟੌਤੀ ਨੇ ਇਸ ਨੂੰ ਉਚਾ ਰੈਂਕ ਦਿਵਾਇਆ ਹੈ। ਬਾਕੀ ਦੇਸ਼ਾਂ ਵਿਚੋਂ ਡੈਨਮਾਰਕ ਦੂਜੇ, ਹਾਂਗਕਾਂਗ ਤੀਜੇ, ਸਿੰਗਾਪੁਰ ਚੌਥੇ, ਕੈਨੇਡਾ ਪੰਜਵੇਂ, ਗੁਆਂਢੀ ਮੁਲਕ ਅਸਟਰੇਲੀਆ 11ਵੇਂ ਅਤੇ ਅਮਰੀਕਾ 12ਵੇਂ ਨੰਬਰ ’ਤੇ ਰਿਹਾ। ਇਸ ਤੋਂ ਇਲਾਵਾ ਆਪਣਾ ਭਾਰਤ 97ਵੇਂ ਅਤੇ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ 106ਵੇਂ ਨੰਬਰ ’ਤੇ ਆਇਆ ਹੈ। ਵਪਾਰ ਕਰਨ ਵਾਸਤੇ ਸਭ ਤੋਂ ਘਟੀਆ ਦੇਸ਼ ‘ਗਿਨੀ’ 141ਵੇਂ ਸਥਾਨ ’ਤੇ ਗਿਣਿਆ ਗਿਆ ਹੈ।