ਉਹ ਲਿਖਾਰੀ ਹੈ
ਉਹ ਉਦਾਸ ਹੈ
ਕਿਤੇ ਛਪਦਾ ਨਹੀਂ
ਐਡੀਟਰ ਕੀ ਚਾਹੁੰਦੇ ਨੇ
ਇਹਨੂੰ ਸਮਝ ਨਹੀਂ
ਹੋ ਸਕਦਾ ਐ
ਉੱਚ ਪੱਧਰ ਤੋਂ ਨੀਵਾਂ
ਰਹਿ ਜਾਂਦਾ ਹੋਵੇ
ਜੋ ਪੱਲੇ ਉਹੀ
ਪੱਲਾ ਝਾੜ, ਦੇ ਸਕਦਾ ਹੈ
ਦੇਂਦਾ ਹੈ
ਅਪਣਾ ਆਪਾ ਕਿਵੇਂ ਤਿਆਗੇ
ਕੁੱਝ ਲਿਖਦਾ ਐ
ਪੰਨੇ ਭਰਦਾ ਐ
ਮੁੜ ਮੁੜ ਪੜ੍ਹਦਾ ਐ
ਕਾਗਜ਼ ਮਰੋੜਦਾ ਐ
ਕੂੜੇ ’ਚ ਤੁੰਨਦਾ ਐ
ਕਿਰਿਆ ਅਥੰਮ ਹੈ
ਲਿਖਾਰੀ, ਤੇਰੀ
ਮੱਤ ਮਾਰੀ ਐ?
ਲਿਖਾਰੀ ਉਦਾਸ ਹੈ
ਦਿਮਾਗ਼ ਦੌੜਾਉਂਦਾ ਹੈ
ਦਹਿ ਦਿਸ਼, ਵਿਚਾਰਾ
ਲਿਖਾਂ ਗੁਰੂ ਨਾਨਕ ਵਾਰੇ
ਸਭ ਪਸੰਦ ਕਰਨਗੇ
ਐਡੀਟਰ ਵੀ
ਪਰ ਕੱਟੜ ਸਿੱਖ
ਕੱਟੜ ਵਿਦਵਾਨ
ਕਰ ਨਾ ਦੇਣ ਕੋਈ
ਬੁਬਾਲ਼ ਖੜ੍ਹਾ
ਲਿਖਦਾ ਨਹੀਂ
ਮੱਤ ਮਾਰੀ ਐ
ਲਿਖਾਰੀ ਉਦਾਸ ਹੈ
ਵਿਚਾਰਦਾ ਹੈ, ਲਿਖਾਂ
ਛੇਵੇਂ ਦਰਿਆ ਵਾਰੇ
ਪੰਜਾਬ ’ਚ ਵਗਦਾ ਹੈ
ਕੰਢਿਆਂ ਤੋਂ ਬਾਹਰ ਹੋਇਆ
ਤਬਾਹੀ ਮਚਾ ਰਿਹਾ ਹੈ
ਵਹਾ ਥ੍ਹਮੇਂਗਾ ਨਹੀਂ
ਕਲਮਾਂ ਕਾਗਜਾਂ ਨਾਲ਼
ਡਰੱਗ ਸੌਦਾਗਰਾਂ ਨਾਲ਼ ਦੁਸ਼ਮਣੀ
ਮਹਿੰਗੀ ਪੈ ਸਕਦੀ ਐ
ਲਾਭ ਨਹੀਂ
ਲਿਖਦਾ ਨਹੀਂ
ਮੱਤ ਮਾਰੀ ਐ
ਲਿਖਾਰੀ ਉਦਾਸ ਹੈ
ਲਿਖਾਂ, ਸੋਚਦਾ ਹੈ
ਪੱਛਮ ’ਚ ਉਭਰਦੀ
ਪੰਜਾਬੀ ਨਵਨਸਲ ਵਾਰੇ
ਬਹੁਗਿਣਤੀ ਜਿਨਹਾਂ ਦੀ
ਪੰਜਾਬੀ ਬੋਲਦੀ ਨਹੀਂ
ਪੜ੍ਹਦੀ ਨਹੀਂ
ਅੰਗ੍ਰੇਜ਼ੀ ਬਿਨ ਗੁਜ਼ਾਰਾ ਨਹੀਂ
ਅੰਗ੍ਰੇਜ਼ੀ ’ਚ ਲਿਖਦਾ ਹੈ
ਲਿਖ ਲਿਖ ਕਾਗਜ਼ ਫਾੜਦਾ ਹੈ
ਲਿਖਦਾ ਹੈ, ਫਾੜਦਾ ਹੈ
ਇਹ ਮਾਤ ਭਾਸ਼ਾ ਤਾਂ ਨਹੀਂ
ਲਾਭ ਨਹੀਂ
ਅੰਗ੍ਰੇਜ਼ੀ ’ਚ ਲਿਖਣਾ
ਤਿਆਗਦਾ ਹੈ
ਮੱਤ ਮਾਰੀ ਐ
ਲਿਖਾਰੀ ਉਦਾਸ ਹੈ
ਸੋਚਦਾ ਹੈ
ਕੁੱਝ ਹੋਰ, ਨਵਾਂ ਸੋਚਾਂ
ਆਰਾਮ ਕੁਰਸੀ ਤੇ ਬਰਾਜਮਾਨ
ਕਾਪੀ ਥੱਲੇ ਹੈ
ਪੈਂਸਲ ਉੱਤੇ ਹੈ
ਸੋਚਦਾ ਸੋਚਦਾ ਉਂਘਦਾ ਹੈ
ਪੈਂਸਲ ਭੁੰਜੇ ਡਿਗਦੀ ਐ
ਕਾਪੀ ਪੈਂਸਲ ਤੇ ਡਿਗਦੀ ਐ
ਉਲਟ ਪੁਲਟ ਹੋਇਆ ਸਭ ਕੁੱਝ
ਭੁੰਜੇ ਹੀ ਪਿਆ ਰਹਿੰਦਾ ਹੈ
ਲੇਖਣੀ ਜਾਗੀ ਨਹੀਂ
ਲਿਖਦਾ ਨਹੀਂ
ਮੱਤ ਮਾਰੀ ਐ
ਲਿਖਾਰੀ ਉਦਾਸ ਹੈ
ਸ਼ਾਇਦ ਦੁਖੀ ਵੀ