ਅਹਿਮਦਾਬਾਦ- ਭਾਰਤ ਅਤੇ ਇੰਗਲੈਂਡ ਦੌਰਾਨ ਇਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤ ਦੀ ਹਾਲਤ ਕਾਫ਼ੀ ਮਜ਼ਬੂਤ ਦਿਖਾਈ ਦੇ ਰਹੇ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਇੰਗਲੈਂਡ ਦੀ ਟੀਮ ਆਪਣੀਆਂ ਤਿੰਨ ਵਿਕਟਾਂ ਗੁਆਕੇ ਸਿਰਫ਼ 41 ਦੌੜਾਂ ਹੀ ਬਣਾ ਸਕੀ। ਇਸਤੋਂ ਪਹਿਲਾਂ ਭਾਰਤੀ ਟੀਮ ਵਲੋਂ ਅੱਠ ਵਿਕਟਾਂ ਦੇ ਨੁਕਸਾਨ 521 ਦੌੜਾਂ ਦਾ ਵੱਡਾ ਸਕੋਰ ਬਣਾਕੇ ਪਾਰੀ ਐਲਾਨ ਦਿੱਤੀ ਗਈ ਸੀ।
ਇੰਗਲੈਂਡ ਦੀ ਟੀਮ ਇਸ ਸਮੇਂ 480 ਦੌੜਾਂ ਪਿੱਛੇ ਹੈ ਅਤੇ ਉਸਦੇ 7 ਖਿਡਾਰੀ ਆਊਟ ਹੋਣੇ ਅਜੇ ਬਾਕੀ ਹਨ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਕੇਵਿਨ ਪੀਟਰਸਨ 6 ਅਤੇ ਏਲੇਸਟਰ ਕੁੱਕ 22 ਦੌੜਾਂ ਬਣਾਕੇ ਕਰੀਸ ‘ਤੇ ਟਿਕੇ ਹੋਏ ਸਨ। ਇੰਗਲੈਂਡ ਦੀ ਟੀਮ ਦੇ ਆਊਟ ਹੋਣ ਵਾਲੇ ਖਿਡਾਰੀ ਨਿਕ ਕਾਂਪਟਨ (9 ਦੌੜਾਂ), ਜੇਮਸ ਐਂਡਰਸਨ (2 ਦੌੜਾਂ), ਜੋਨਾਥਨ ਟ੍ਰਾਟ (0) ਦੇ ਸਕੋਰ ‘ਤੇ ਹੀ ਆਊਟ ਹੋ ਗਏ। ਆਰ ਅਸ਼ਵਿਨ ਦੇ ਹਿੱਸੇ 2 ਅਤੇ ਪ੍ਰਗਯਾਨ ਓਝਾ ਦੇ ਹਿੱਸੇ ਇਕ ਵਿਕਟ ਆਈ।
ਇਸਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਬਣਾਇਆ। ਭਾਰਤੀ ਟੀਮ ਵਲੋਂ ਚੇਤੇਸ਼ਵਰ ਪੁਜਾਰਾ ਨੇ ਬਿਨਾਂ ਆਊਟ ਹੋਏ 206 ਦੌੜਾਂ ਬਣਾਈਆਂ। ਵਰਿੰਦਰ ਸਹਿਵਾਗ ਨੇ 117 ਦੌੜਾਂ, ਯੁਵਰਾਜ ਸਿੰਘ ਨੇ 74 ਦੌੜਾਂ ਅਤੇ ਗੌਤਮ ਗੰਭੀਰ ਨੇ 45 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ। ਭਾਰਤੀ ਟੀਮ ਦੇ ਕਪਤਾਨ ਮਹਿੰਦਰ ਧੋਨੀ ਸਿਰਫ਼ 5 ਦੌੜਾਂ ਹੀ ਬਣਾ ਸਕੇ।
ਇੰਗਲੈਂਡ ਦੀ ਟੀਮ ਵਲੋਂ ਸਭ ਤੋਂ ਕਾਮਯਾਬ ਗੇਂਦਬਾਜ਼ ਗ੍ਰੇਮ ਸਵਾਨ ਰਹੇ। ਉਸਨੇ ਭਾਰਤੀ ਟੀਮ ਦੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ।