ਮੁੰਬਈ – ਲੰਬੇ ਅਰਸੇ ਤੋਂ ਬਿਮਾਰ ਚੱਲ ਰਹੇ ਬਾਲ ਠਾਕੁਰੇ ਦਾ ਸ਼ਨਿਚਰਵਾਰ ਦੀ ਦੁਪਹਿਰ ਨੂੰ ਉਨ੍ਹਾਂ ਦੇ ਘਰ ਮਾਤੋ ਸ਼੍ਰੀ ਵਿੱਚ ਦੇਹਾਂਤ ਹੋ ਗਿਆ। ਠਾਕੁਰੇ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ 86 ਸਾਲਾ ਠਾਕੁਰੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਠਾਕੁਰੇ ਨੂੰ ਸਾਹ ਦੀ ਬਿਮਾਰੀ ਤੋਂ ਇਲਾਵਾ ਪੈਂਕ੍ਰਿਆਸ ਦੀ ਵੀ ਬਿਮਾਰੀ ਸੀ। ਇਹ ਖਬਰ ਮਿਲਦਿਆਂ ਹੀ ਸ਼ਿਵ ਸੈਨਿਕਾਂ ਦੀ ਭੀੜ ਉਨ੍ਹਾਂ ਦੇ ਘਰ ਅੱਗੇ ਇੱਕਠੀ ਹੋਣੀ ਸ਼ੁਰੂ ਹੋ ਗਈ ਹੈ।ਐਤਵਾਰ ਨੂੰ ਠਾਕੁਰੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਮੁੰਬਈ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾਂ ਵਾਪਰੇ।ਬਾਲ ਠਾਕੁਰੇ ਮੁੰਬਈ ਵਿੱਚ ਉਤਰ ਭਾਰਤੀਆਂ ਦੇ ਕਟੜ ਵਿਰੋਧੀ ਰਹੇ ਹਨ।ਸ਼ਿਵਸੈਨਾ ਦੇ ਗੜ੍ਹ ਸਮਝੇ ਜਾਣ ਵਾਲੇ ਖੇਤਰ ਵਿੱਚ ਕੁਝ ਲੋਕਾਂ ਨੇ ਆਪਣੀ ਮਰਜ਼ੀ ਨਾਲ ਦੁਕਾਨਾਂ ਬੰਦ ਕੀਤੀਆਂ ਹਨ ਤੇ ਕੁਝ ਦੀਆਂ ਜਬਰਦਸਤੀ ਬੰਦ ਕਰਵਾ ਦਿੱਤੀਆਂ ਗਈਆਂ ਹਨ। ਮਹਾਂਰਾਸ਼ਟਰ ਦੇ ਮੁੱਖਮੰਤਰੀ ਚਵਾਨ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਬਾਹਰ ਨਾਂ ਨਿਕਲਣ। ਮੁੰਬਈ ਪੁਲਿਸ ਨੇ ਵੀ ਲੋਕਾਂ ਨੂੰ ਐਤਵਾਰ ਨੂੰ ਵੈਸਟਰਨ ਐਕਸਪਰੈਸ ਹਾਈਵੇ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ਮੁੰਬਈਵਾਸੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਬਿਨਾਂ ਕੰਮ ਦੇ ਦਾਦਰ ਅਤੇ ਬਾਂਦਰਾ ਨਾਂ ਜਾਣ। ਐਤਵਾਰ ਨੂੰ 90 ਹਜ਼ਾਰ ਆਟੋ ਅਤੇ 35 ਹਜ਼ਾਰ ਟੈਕਸੀਆਂ ਨਹੀਂ ਚੱਲਣਗੀਆਂ। ਜਿਸ ਕਰਕੇ ਮੁੰਬਈ ਦੇ ਲੋਕਾਂ ਨੂੰ ਪਰੇਸ਼ਾਨੀ ਝਲਣੀ ਪਵੇਗੀ। ਮੁੰਬਈ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਕਈਆਂ ਫਿਲਮਾਂ ਦੇ ਸ਼ਾਮ ਦੇ ਸ਼ੋਅ ਬੰਦ ਕਰ ਦਿੱਤੇ ਗਏ ਹਨ।