ਪਟਨਾ- ਬਿਹਾਰ ਦੇ ਪਟਨਾ ਸ਼ਹਿਰ ਵਿੱਚ ਛੱਠ ਪੂਜਾ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਵਿੱਚ ਬਦਲ ਗਈਆਂ ਜਦੋਂ ਗੰਗਾ ਨਦੀ ਦੇ ਘਾਟ ਤੇ ਭਗਦੜ ਮੱਚਣ ਨਾਲ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਜਿਆਦਾ ਬੱਚੇ ਦੱਸੇ ਜਾ ਰਹੇ ਹਨ। ਛੱਠ ਬਿਹਾਰੀਆਂ ਦਾ ਮੁੱਖ ਤਿਊਹਾਰ ਹੈ ਅਤੇ ਗੰਗਾ ਨਦੀ ਦੇ ਹਰ ਘਾਟ ਤੇ ਇਸ ਦਿਨ ਬਹੁਤ ਭੀੜ ਹੁੰਦੀ ਹੈ। ਸੋਮਵਾਰ ਨੂੰ ਸ਼ਾਮ ਦੇ ਸਮੇਂ ਇਹ ਦੁਖਦਾਈ ਘਟਨਾ ਵਾਪਰੀ।
ਆਰਜੇਡੀ ਸਾਂਸਦ ਮੈਂਬਰ ਰਾਮਕ੍ਰਿਪਾਲ ਯਾਦਵ ਦਾ ਕਹਿਣਾ ਹੈ ਕਿ 18 ਲੋਕਾਂ ਦੀਆਂ ਲਾਸ਼ਾ ਬਰਾਮਦ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਸ ਘਟਨਾ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਹੋਇਆ ਮੁੱਖਮੰਤਰੀ ਨਤੀਸ਼ ਕੁਮਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ। ਪਟਨਾ ਪੁਲਿਸ ਨੇ ਹੁਣ ਤੱਕ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਪਟਨਾ ਦੇ ਐਸਪੀ ਜੈਅੰਤਕਾਂਤ ਨੇ ਦੱਸਿਆ ਕਿ ਗੰਗਾ ਨਦੀ ਦੇ ਕੋਲ ਜਾਣ ਲਈ ਅਦਾਲਤਗੰਜ ਘਾਟ ਦੇ ਕੋਲ ਬਣਾਏ ਗਏ ਅਸਥਾਈ ਪੁੱਲ ਦੇ ਢਹਿ ਜਾਣ ਤੋਂ ਬਾਅਦ ਮੱਚੀ ਭਗਦੜ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਏ। ਪਟਨਾ ਮੈਡੀਕਲ ਕਾਲਜ ਅਨੁਸਾਰ 14 ਲੋਕਾਂ ਮਾਰੇ ਗਏ ਹਨ, ਜਿਨ੍ਹਾਂ ਵਿੱਚ 9 ਬੱਚੇ ਅਤੇ 3 ਔਰਤਾਂ ਹਨ। ਹਸਪਤਾਲ ਵਿੱਚ ਜਖਮੀਆਂ ਦੇ ਆਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ।
ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ।ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਜਖਮੀਆਂ ਦਾ ਸਹੀ ਢੰਗ ਨਾਲ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਮੁੱਖਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਡੇਢ ਡੇਢ ਲੱਖ ਰੁਪੈ ਅਤੇ ਮੁੱਖਮੰਤਰੀ ਸਹਾਇਤਾ ਫੰਡ ਵਿੱਚੋਂ 50-50 ਹਜ਼ਾਰ ਰੁਪੈ ਦੇਣ ਦੇ ਨਿਰਦੇਸ਼ ਦਿੱਤੇ।