ਲੁਧਿਆਣਾ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 20, 21 ਅਤੇ 22 ਨਵੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ 20 ਅਕਤੂਬਰ ਨੂੰ ਸਵੇਰੇ 9.30 ਵਜੇ ਯੂਨੀਵਰਸਿਟੀ ਸਥਿਤ ਪਾਲ ਆਡੀਟੋਰੀਅਮ ਵਿਖੇ ਕਰਨਗੇ। ਇਹ ਪ੍ਰਗਟਾਵਾ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਕੇ ਡੀ ਕੋਕਾਟੇ ਨੇ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿਚ ਦੇਸ਼ ਭਰ ਅੰਦਰ ਕੰਮ ਕਰਦੇ 630 ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 1200 ਡੈਲੀਗੇਟ ਪਹੁੰਚਣਗੇ। ਡਾ: ਢਿੱਲੋਂ ਅਤੇ ਡਾ: ਕੋਕਾਟੇ ਨੇ ਦੱਸਿਆ ਕਿ ਭਾਰਤ ਦੇ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਚਰਨ ਦਾਸ ਮਹੰਤ ਵੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਆਯੱਪਨ ਵੀ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ ਅਸ਼ੀਸ਼ ਬਹੁਗੁਣਾ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਸ਼੍ਰੀ ਜੀ ਸੀ ਪਾਤੀ ਵੀ ਇਸ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ।
ਦੇਸ਼ ਭਰ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਥਾਪਨਾ 1974 ’ਚ ਪੁਡੂਚੇਰੀ ਤੋਂ ਸ਼ੁਰੂ ਹੋਈ ਅਤੇ ਇਸ ਸਮੇਂ ਤੀਕ 630 ਕ੍ਰਿਸ਼ੀ ਵਿਗਿਆਨ ਕੇਂਦਰ ਦੇਸ਼ ਭਰ ਵਿਚ ਕੰਮ ਕਰ ਰਹੇ ਹਨ। ਪੰਜਾਬ ਵਿੱਚ ਇਸ ਵੇਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧੀਨ 17 ਕ੍ਰਿਸ਼ੀ ਵਿਗਿਆਨ ਕੇਂਦਰ ਕੰਮ ਕਰ ਰਹੇ ਹਨ ਜਦ ਕਿ ਤਿੰਨ ਕ੍ਰਿਸ਼ੀ ਵਿਗਿਆਨ ਕੇਂਦਰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਦੀ ਦੇਖਰੇਖ ਹੇਠ ਕਾਰਜਸ਼ੀਲ ਹਨ। ਡਾ: ਢਿੱਲੋਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਉਚੇਚੇ ਤੌਰ ਤੇ ਪੁੱਜ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਕਾਨਫਰੰਸ ਦਾ ਮਨੋਰਥ ਸੰਗਠਤ ਤਕਨਾਲੋਜੀ ਅਤੇ ਚੰਗੇ ਢੰਗ ਤਰੀਕਿਆਂ ਨੂੰ ਭਵਿੱਖ ਦੇ ਖੇਤੀਬਾੜੀ ਵਿਕਾਸ ਲਈ ਵਿਚਾਰਨਾ ਅਤੇ ਅੱਗੇ ਵਧਾਉਣਾ ਹੈ। ਇਸ ਮੌਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸਬੰਧਿਤ ਕੁਝ ਮਹੱਤਵਪੂਰਨ ਪ੍ਰਕਾਸ਼ਨਾਵਾਂ ਵੀ ਮਾਣਯੋਗ ਮੰਤਰੀ ਜੀ ਰਿਲੀਜ਼ ਕਰਨਗੇ।
ਡਾ: ਕੋਕਾਟੇ ਨੇ ਦੱਸਿਆ ਕਿ ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਵਿਕਸਤ ਤਕਨੀਕਾਂ ਨੂੰ ਆਪਸੀ ਆਦਾਨ ਪ੍ਰਦਾਨ ਰਾਹੀਂ ਵਿਚਾਰਨਾ ਅਤੇ ਅਪਨਾਉਣਾ ਵੀ ਇਸ ਵਿਚਾਰ ਵਟਾਂਦਰੇ ਉਪਰੰਤ ਅਸਾਨ ਰਹੇਗਾ । ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਇਸ ਕੌਮੀ ਗੋਸ਼ਟੀ ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸ਼ਕਤੀਕਰਨ, ਪ੍ਰਸ਼ਾਸਕੀ ਤੇ ਵਿਤੀ ਪ੍ਰਬੰਧ ਨੂੰ ਵੀ ਮਜਬੂਤੀ ਮਿਲੇਗੀ। ਡਾ: ਕੋਕਾਟੇ ਨੇ ਆਖਿਆ ਕਿ ਦੇਸ਼ ਭਰ ਵਿੱਚ ਖੇਤੀਬਾੜੀ ਨੂੰ ਨਵਾਂ ਹੁਲਾਰਾ ਦੇਣ ਲਈ ਜਵਾਨ ਪੀੜ੍ਹੀ ਨੂੰ ਤਕਨੀਕ ਅਧਾਰਿਤ ਖੇਤੀ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਕਾਨਫਰੰਸ ਵਿੱਚ ਇਸ ਮੁੱਦੇ ਨੂੰ ਪ੍ਰਮੁਖਤਾ ਨਾਲ ਵਿਚਾਰਿਆ ਜਾਵੇਗਾ।
ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਾਲ ਵਿੱਚ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ, ਖੇਤੀਬਾੜੀ ਰਾਜ ਮੰਤਰੀ ਮਹੰਤ ਚਰਨ ਦਾਸ ਅਤੇ ਦੇਸ਼ ਭਰ ਤੋਂ ਲਗਪਗ 1200 ਵਿਗਿਆਨੀਆਂ ਦਾ ਪਹੁੰਚਣਾ ਸਾਡੇ ਸਭ ਲਈ ਇਤਿਹਾਸਕ ਮੌਕਾ ਹੈ। ਅਤੇ ਡਾ: ਕੇ ਡੀ ਕੋਕਾਟੇ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਜ਼ਿਲਾ ਪੱਧਰ ਤੇ ਖੇਤੀ ਤਕਨੀਕਾਂ, ਮਸ਼ੀਨਰੀ ਅਤੇ ਖੇਤੀ ਢੰਗ ਤਰੀਕੇ ਪਰਖ਼ ਉਪਰੰਤ ਕਿਸਾਨਾਂ ਨੂੰ ਹੂ-ਬ-ਹੂ ਖੇਤਾਂ ’ਚ ਤਜ਼ਰਬੇ ਵਜੋਂ ਵਿਖਾਉਂਦੇ ਹਨ ਜਿਸ ਦਾ ਅਸਰ ਕਿਸਾਨ ਭਰਾ ਕਬੂਲਦੇ ਹਨ। ਇਨ੍ਹਾਂ ਕ੍ਰਿਸ਼ੀ ਵਿਗਿਆਨ ਕੇਦਰਾਂ ਤੇ ਹੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ, ਗ੍ਰਹਿ ਵਿਗਿਆਨ, ਖੇਤੀ ਮਸ਼ੀਨਰੀ ਅਤੇ ਖੇਤੀ ਸਹਾਇਕ ਧੰਦਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ। ਪਸਾਰ ਮਾਹਿਰਾਂ ਨੂੰ ਵਿਸ਼ੇਸ਼ ਸਿਖਲਾਈ ਦਿਵਾ ਕੇ ਅੱਗੇ ਕਿਸਾਨਾਂ ਨੂੰ ਇਹ ਗਿਆਨ ਵੰਡਿਆ ਜਾਂਦਾ ਹੈ। ਇਸ ਮੌਕੇ ਆਈ ਸੀ ਏ ਆਰ ਦੇ ਜ਼ੋਨਲ ਕੋਆਰਡੀਨੇਟਰ ਡਾ: ਏ ਐਮ ਨਰੂਲਾ ਅਤੇ ਆਈ ਸੀ ਏ ਆਰ ਨਵੀਂ ਦਿੱਲੀ ਤੋਂ ਆਏ ਡਾ: ਵੀ ਪੀ ਚਾਹਲ ਵੀ ਹਾਜ਼ਰ ਸਨ।