ਅੰਮ੍ਰਿਤਸਰ:- ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟਸ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਅੰਮ੍ਰਿਤਸਰ ਵੱਲੋਂ ਸੇਹਤ ਸੇਵਾਵਾਂ ਦੀ ਸਹੂਲਤ ਵਿੱਚ ਹੋਰ ਵਾਧਾ ਕਰਦਿਆਂ ਤਿੰਨ ਵਾਤਾ-ਅਨੁਕੂਲ ਐਂਬੂਲੈਸਾਂ ਸੰਗਤਾਂ ਦੀ ਸੇਵਾ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਝੰਡੀ ਦਿਖਾ ਕੇ ਰਵਾਨਾ ਕੀਤੀਆਂ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਗੁਰੂ ਰਾਮਦਾਸ ਇੰਸਟੀਚਿਊਟ ਵੱਲੋਂ ਪਹਿਲਾਂ ਪੰਜ ਐਂਬੂਲੈਸਾਂ ਸੇਵਾ ਨਿਭਾ ਰਹੀਆਂ ਹਨ, ਮਰੀਜਾਂ ਦੀ ਹੋਰ ਸਹੂਲਤ ਨੂੰ ਦੇਖਦਿਆਂ ਤਿੰਨ ਆਧੂਨਿਕ ਕਿਸਮ ਦੀਆਂ ਏ.ਸੀ. ਐਂਬੂਲੈਸ ਬੱਸਾਂ ਅੱਜ ਸੇਵਾ ਲਈ ਚਲਾਈਆਂ ਗਈਆਂ ਹਨ। ਇੱਕ ਐਂਬੂਲੈਸ ਗੁਰੂ ਰਾਮਦਾਸ ਹਸਪਤਾਲ ਸ਼ਹੀਦਾਂ ਪਾਸ ਮੌਜੂਦ ਰਹੇਗੀ ਤੇ ਦੋ ਵੱਲੇ ਇੰਸਟੀਚਿਊਟਸ ਤੋਂ ਚੱਲਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਐਕਸੀਡੈਂਟ ਸੂਚਨਾ ਤੇ ਇਹ ਐਬੂਲੈਂਸ ਆਪਣੀ ਸੇਵਾ ਵੀ ਕਰਨਗੀਆਂ। ਇਸ ਵਿੱਚ ਵੈਂਟੀਲੇਟਰ (ਸਾਹਵਾਲੀ ਮਸ਼ੀਨ) ਵੀ ਮੁਹੱਈਆ ਕੀਤੀ ਗਈ ਹੈ। ਅਤਿਨਾਜ਼ੁਕ ਹਾਲਤ ਵਾਲੇ ਮਰੀਜਾਂ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਪਹੁੰਚਾਉਣ ਲਈ ਇਹ ਗੱਡੀਆਂ ਵਿਸ਼ੇਸ਼ ਸਹਾਇਤਾ ਯੋਗ ਹੋਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੁੱਖਦਾਈ ਘਟਨਾਵਾਂ ਸਾਡੇ ਨੋਟਿਸ ਵਿੱਚ ਹਨ। ਦਿੱਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਲੋੜੀ ਬਿਆਨਬਾਜੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧਾ ਦਖਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਮੁੱਢ ਤੋਂ ਕਿਸੇ ਨਾ ਕਿਸੇ ਬਹਾਨੇ ਗੁਰਦੁਆਰਿਆਂ ਵਿੱਚ ਦਖਲ ਦੇਣ ਦਾ ਕੋਝਾ ਯਤਨ ਕਰਦੀਆਂ ਰਹੀਆਂ ਹਨ ਜਿਸ ਨੂੰ ਸਿੱਖ ਹਮੇਸ਼ਾ ਨਕਾਮ ਕਰਦੇ ਆ ਰਹੇ ਹਨ, ਹੁਣ ਦਿੱਲੀ ਵਿੱਚ ਵੀ ਸ੍ਰੀਮਤੀ ਸੀਲਾ ਦੀਕਸ਼ਤ ਦੀ ਇਹ ਚਾਲ ਵੀ ਕਦਾਚਿਤ ਕਾਮਯਾਬ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿ ਤੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿੱਖ ਨੇਤਾਵਾਂ ਤੇ ਹਮਲੇ ਕੀਤੇ ਜਾ ਰਹੇ ਹਨ। ਕਾਂਗਰਸ ਨੂੰ ਅਜਿਹੀ ਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਇਸ ਮੌਕੇ ਬਾਬਾ ਹਰਨਾਮ ਸਿੰਘ ਖਾਸਲਾ ਮੁਖੀ ਦਮਦਮੀ ਟਕਸਾਲ, ਸ੍ਰੀ ਬਖਸ਼ੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਤਰਲੋਚਨ ਸਿੰਘ ਸਕੱਤਰ, ਸ.ਮਨਜੀਤ ਸਿੰਘ ਤੇ ਸ.ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ, ਡਾ: ਏ.ਪੀ.ਸਿੰਘ ਐਡੀ:ਸਕੱਤਰ ਟ੍ਰਸਟ ਗੁਰੂ ਰਾਮਦਾਸ ਹਸਪਤਾਲ, ਸ.ਜੋਗਿੰਦਰ ਸਿੰਘ ਓ.ਐਸ.ਡੀ. ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਕੇਵਲ ਸਿੰਘ, ਸ.ਹਰਭਜਨ ਸਿੰਘ ਮਨਾਵਾਂ ਤੇ ਸ.ਕੁਲਦੀਪ ਸਿੰਘ ਬਾਵਾ (ਸਾਰੇ ਮੀਤ ਸਕੱਤਰ ਸਾਹਿਬਾਨ), ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਆਦਿ ਮੌਜੂਦ ਸਨ।