ਫਤਹਿਗੜ੍ਹ ਸਾਹਿਬ – “ਬੇਸ਼ੱਕ ਬਾਲ ਠਾਕਰੇ ਵਰਗਾ ਮੁਤੱਸਵੀਂ ਫਿਰਕੂ ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਦਾ ਵਿਰੋਧੀ ਇਥੋਂ ਆਪਣੀ ਮੌਤੇ ਹੀ ਗਿਆ ਹੈ, ਲੇਕਿਨ ਉਹ ਮੁਸਲਿਮ, ਸਿੱਖ, ਈਸਾਈ, ਬਿਹਾਰੀਆਂ, ਅਸਾਮੀਆ ਦਾ ਦੁਸ਼ਮਣ ਸੀ । ਜਿਸਨੇ ਮਹਾਰਾਸਟਰ ਵਿਚ ਇਨ੍ਹਾਂ ਨੂੰ ਜ਼ਬਰੀ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉਥੋ ਕੱਢਣ ਲਈ ਗੈਰ ਕਾਨੂੰਨੀ ਢੰਗਾਂ ਦਾ ਅਮਲ ਕਰਦਾ ਰਿਹਾ ਹੈ । ਮੁੰਬਈ ਵਿਚ ਕਾਰੋਬਾਰੀ, ਵਪਾਰੀ ਅਤੇ ਹੋਟਲਾਂ ਦੇ ਮਾਲਿਕ ਸਿੱਖਾਂ ਤੋਂ ਉਹ ਜ਼ਬਰੀ ਫਿਰੋਤੀਆਂ ਵਸੂਲਦਾ ਸੀ ਅਤੇ ਆਪਣੇ ਸਿ਼ਵ ਸੈਨਿਕਾਂ ਰਾਹੀ ਮੁੰਬਈ ਅਤੇ ਹਿੰਦ ਦੇ ਹੋਰ ਸੂਬਿਆਂ ਵਿਚ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਕਰਕੇ ਵੱਖ-ਵੱਖ ਫਿਰਕਿਆਂ, ਕੌਮਾਂ ਵਿਚ ਨਫ਼ਰਤ ਪੈਦਾ ਕਰਨ ਅਤੇ ਹਿੰਦੂਤਵ ਸੋਚ ਨੂੰ ਮਜ਼ਬੂਤ ਕਰਨ ਦੀ ਸੋਚ ਰੱਖਦਾ ਸੀ । ਅਜਿਹੇ ਆਗੂ ਦੀ ਚਿੱਖਾਂ ਨੂੰ ਮੁੰਬਈ ਪੁਲਿਸ ਵੱਲੋਂ ਸਰਕਾਰੀ ਤੌਰ ਤੇ ਸਲਾਮੀ ਦੇਣ ਦੇ ਅਮਲ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਖੁਦ-ਬਾ-ਖੁਦ ਦਿੱਤੇ ਗਏ ਸੰਦੇਸ ਦੀ ਜਾਣਕਾਰੀ ਸਮਝ ਲੈਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਿਵ ਸੈਨਾ ਆਗੂ ਹੀ ਬਾਲ ਠਾਕਰੇ ਦੀ ਮੌਤ ਉਤੇ ਸਿਆਸਤਦਾਨਾਂ, ਹਿੰਦ ਦੇ ਹੁਕਮਰਾਨਾਂ, ਫਿਲਮ ਉਦਯੋਗ ਨਾਲ ਸੰਬੰਧਤ ਕਲਾਕਾਰਾਂ ਅਤੇ ਵੱਡੇ-ਵੱਡੇ ਅੰਬਾਨੀ ਵਰਗੇ ਉਦਯੋਗਪਤੀਆਂ ਵੱਲੋਂ ਉਸ ਮਨੁੱਖਤਾ ਵਿਰੋਧੀ ਆਤਮਾਂ ਦੇ ਸਸਕਾਰ ਤੇ ਪਹੁੰਚਣ ਦੇ ਹੋਏ ਵਰਤਾਰੇ ਉਤੇ ਡੂੰਘੀ ਹੈਰਾਨੀ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕਿੰਨੇ ਦੁੱਖ ਅਤੇ ਅਫਸ਼ੋਸ ਦੀ ਗੱਲ ਹੈ ਕਿ ਮੁੰਬਈ ਵਿਚ ਚੱਲਣ ਵਾਲੀਆਂ 35 ਹਜ਼ਾਰ ਟੈਕਸੀਆਂ ਅਤੇ 90 ਹਜ਼ਾਰ ਆਟੋ-ਰਿਕਸਾ ਚਲਾਉਣ ਵਾਲੇ ਮਿਹਨਤੀ ਪਰਿਵਾਰਾਂ ਨੂੰ ਸ੍ਰੀ ਠਾਕਰੇ ਦੇ ਸਸਕਾਰ ਵਾਲੇ ਦਿਨ ਆਪਣੇ ਰੁਜ਼ਗਾਰ ਕਰਨ ਤੋਂ ਰੋਕਿਆ ਗਿਆ ਅਤੇ ਦਹਿਸ਼ਤ ਨਾਲ ਦੁਕਾਨਾਂ ਬੰਦ ਕਰਵਾਈਆਂ ਗਈਆਂ । ਹਿੰਦੂਤਵ ਸੋਚ ਰੱਖਣ ਵਾਲੇ ਭਾਵੇ ਉਹ ਹੁਕਮਰਾਨ ਹੋਣ, ਭਾਵੇ ਸਿਆਸਤਦਾਨ, ਭਾਵੇ ਅਫ਼ਸਰਸ਼ਾਹੀ, ਭਾਵੇ ਵਪਾਰੀ ਆਦਿ ਸਭ ਨੇ ਉਸ ਦਿਨ ਹਿੰਦੂਤਵ ਸੋਚ ਨੂੰ ਹੀ ਉਜ਼ਾਗਰ ਕੀਤਾ ਹੈ ਨਾਂ ਕਿ ਹਿੰਦ ਨਿਵਾਸੀਆਂ ਪ੍ਰਤੀ ਸਾਜ਼ਗਰ ਮਾਹੌਲ ਪੈਦਾ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ । ਜਦੋ ਇਕ ਫਿਰਕੂ ਆਗੂ ਦੀ ਮੌਤ ਤੇ ਬਹੁਤ ਵੱਡਾ ਡਰਾਮਾਂ ਕਰਦੇ ਹੋਏ ਉਸ ਨੂੰ ਟੀ.ਵੀ. ਚੈਨਲਾਂ, ਪ੍ਰਚਾਰ ਸਾਧਨਾਂ ਤੇ ਇੰਝ ਪੇਸ ਕੀਤਾ ਜਾਵੇ ਕਿ ਉਹ ਬਹੁਤ ਵੱਡਾ ਸਮਾਜ ਸੁਧਾਰ ਜਾਂ ਮਨੁੱਖਤਾ ਦਾ ਪੈਰੋਕਾਰ ਹੈ ਤਾਂ ਇਸ ਤੋ ਵੱਡਾ ਝੂਠ ਤੇ ਫਰੇਬ ਹਿੰਦ ਨਿਵਾਸੀਆਂ ਲਈ ਹੋਰ ਕੀ ਹੋਵੇਗਾ । ਇਸ ਤੋ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਹੁਕਮਰਾਨਾਂ ਤੇ ਸਿਆਸਤਦਾਨਾਂ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਕੀ ਸੋਚ ਹੈ ।