ਚੰਡੀਗੜ੍ਹ – “ਬੀਤੇ ਕੁਝ ਦਿਨ ਪਹਿਲੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਖੇ ਸਰਨਾ ਅਤੇ ਬਾਦਲ ਸਮਰੱਥਕਾਂ ਵਿਚਕਾਰ ਹੋਏ ਟਕਰਾਅ ਨੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਡੂੰਘੀ ਢਾਅ ਲਗਾਈ ਹੈ । ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਜੇਕਰ ਦਿੱਲੀ ਵਿਚ ਸਰਨਾ ਭਰਾਵਾਂ ਦੀ ਕਾਂਗਰਸ ਮਦਦ ਕਰਦੀ ਹੈ, ਤਾ ਬਾਦਲ ਦਲ ਨੂੰ ਉਪਰੋਕਤ ਘਟਨਾ ਲਈ ਉਕਸਾਉਣ ਲਈ ਭਾਜਪਾ ਦਾ ਹੱਥ ਹੈ । ਅਸਲੀਅਤ ਵਿਚ ਇਸ ਘਟਨਾ ਪਿੱਛੇ ਹਿੰਦ ਦੀਆਂ ਦੋਵੇ ਸਿਆਸੀ ਜਮਾਤਾਂ ਕਾਂਗਰਸ ਅਤੇ ਭਾਜਪਾ ਦੇ ਆਪਣੇ ਸਿਆਸੀ ਸਵਾਰਥ ਹਨ । ਬਾਦਲਾਂ ਅਤੇ ਸਰਨਿਆ ਨੂੰ ਤਾ ਇਹ ਜਮਾਤਾਂ ਬਤੌਰ ਮੋਹਰੇ ਦੇ ਵਰਤ ਰਹੀਆ ਹਨ ਅਤੇ ਸਿੱਖ ਕੌਮ ਨੂੰ ਬਦਨਾਮ ਕਰ ਰਹੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਵਾਪਰੀ ਘਟਨਾ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ ਉਹਨਾਂ ਕਿਹਾ ਕਿ ਸਿੱਖ ਕੌਮ ਦੀ ਇਹ ਬਦਕਿਮਸਤੀ ਹੀ ਸਮਝੋ ਕਿ ਲੰਮੇਂ ਸਮੇਂ ਤੋਂ ਕਾਂਗਰਸ ਅਤੇ ਭਾਜਪਾ ਸਿੱਖਾਂ ਦੇ ਆਗੂਆਂ ਨੂੰ ਥੋੜੀਆਂ ਬਹੁਤੀਆਂ ਸਹੂਲਤਾਂ ਦੇਕੇ ਜਾਂ ਆਪਣੇ ਸਿਆਸੀ ਫੰਡਾਂ ਵਿਚੋਂ ਧਨ-ਦੌਲਤਾਂ ਦੇ ਲਾਲਚ ਦੇਕੇ ਆਪਣੇ ਗੁੱਝੇ ਮਕਸਦਾਂ ਦੀ ਪ੍ਰਾਪਤੀ ਲਈ ਦੁਰਵਰਤੋਂ ਕਰਦੀਆ ਆ ਰਹੀਆ ਹਨ । ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਜਦੋ ਬਾਦਲ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀਆਂ ਗੋਲਕਾਂ, ਸਾਧਨਾਂ, ਜ਼ਮੀਨਾਂ-ਜ਼ਾਇਦਾਦਾਂ ਅਤੇ ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟਣ ਵਿਚ ਮਸਰੂਫ ਹਨ, ਹੁਣ ਇਨ੍ਹਾਂ ਬਾਦਲ ਦਲੀਆਂ ਦੀ ਧਨ-ਦੌਲਤ ਦੀ ਭੁੱਖ ਨੂੰ ਪੂਰਾ ਕਰਨ ਲਈ ਦਿੱਲੀ ਦੇ ਗੁਰਦੁਆਰਿਆ ਦੀਆਂ ਗੋਲਕਾਂ ਅਤੇ ਸਾਧਨਾਂ ਤੇ ਟਿੱਕ ਚੁੱਕਾ ਹੈ । ਇਸ ਮਿਸਨ ਦੀ ਪ੍ਰਾਪਤੀ ਲਈ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸ. ਗੁਰਪ੍ਰੀਤ ਸਿੰਘ ਰਾਜੂ ਦੀ ਅਗਵਾਈ ਹੇਠ ਇਨ੍ਹਾਂ ਨੇ ਐਸ.ਓ.ਆਈ. ਦੇ ਨਾਮ ਹੇਠ ਸਮੁੱਚੇ ਪੰਜਾਬ ਵਿਚ ਸਮੱਗਲਰਾਂ, ਕਾਤਲਾਂ, ਰੇਤਾ-ਬਜ਼ਰੀ, ਸ਼ਰਾਬ ਅਤੇ ਹੋਟਲਾਂ ਦੇ ਕਾਰੋਬਾਰ ਕਰਨ ਵਾਲੇ ਵੱਡੇ ਠੇਕੇਦਾਰਾਂ ਅਤੇ ਵਪਾਰੀਆਂ ਨੂੰ ਭਰਤੀ ਕਰਕੇ ਅਸਲੀਅਤ ਵਿਚ ਬਦਮਾਸਾਂ ਦੀ ਫ਼ੌਜ ਖੜ੍ਹੀ ਕਰ ਲਈ ਹੈ । ਇਹ ਗੈਂਗ ਹਰ ਤਰ੍ਹਾਂ ਦੀਆਂ ਚੋਣਾਂ ਸਮੇਂ ਜਾਂ ਜ਼ਮੀਨਾਂ ਉਤੇ ਨਜ਼ਾਇਜ ਕਬਜੇ ਕਰਨ ਸਮੇਂ ਹਰ ਗੈਰ ਕਾਨੂੰਨੀ ਢੰਗਾਂ ਦੀ ਵਰਤੋਂ ਕਰਦੀ ਹੈ ਅਤੇ ਇਨ੍ਹਾਂ ਨੂੰ ਬਾਦਲ ਪਰਿਵਾਰ ਦੀ ਹਰ ਤਰਫ਼ੋ ਸਰਪ੍ਰਸਤੀ ਹਾਸਿਲ ਹੈ । ਅਸੀਂ ਬਾਦਲਾਂ ਅਤੇ ਸਰਨੇ ਭਰਾਵਾਂ ਤੋਂ ਪੁੱਛਣਾ ਚਾਹਵਾਂਗੇ ਕਿ ਬਾਦਲਾਂ ਨੇ ਪੰਜਾਬ ਸਥਿਤ ਗੁਰੂਘਰਾਂ ਲਈ ਟਾਸਕ ਫੋਰਸ ਬਣਾਈ ਹੋਈ ਹੈ ਅਤੇ ਸਰਨੇ ਭਰਾਵਾਂ ਨੇ ਦਿੱਲੀ ਗੁਰੂਘਰਾਂ ਲਈ ਜੋ ਟਾਸਕ ਫੋਰਸ ਬਣਾਈ ਹੋਈ ਹੈ, ਕੀ ਇਹ ਫੋਰਸਾਂ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਰੱਖਿਅਤ ਅਤੇ ਸਹੀ ਕਰਨ ਲਈ ਹਨ ਜਾਂ ਸਿੱਖਾਂ ਨੂੰ ਕੁੱਟਣ ਮਾਰਨ ਲਈ ?
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦਿੱਲੀ ਵਿਖੇ ਵਾਪਰੀ ਦੁੱਖਦਾਂਇਕ ਅਤੇ ਸ਼ਰਮਨਾਕ ਘਟਨਾਂ ਸੰਬੰਧੀਂ ਜੋ ਤਿੰਨ ਮੈਂਬਰੀ ਛਾਣਬੀਨ ਕਮੇਂਟੀ ਬਣਾਈ ਗਈ ਹੈ, ਇਹ ਕਾਰਵਾਈ ਕੇਵਲ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਤੁੱਲ ਹੀ ਹੈ । ਕਿਉਂਕਿ ਅਜਿਹੀਆਂ ਕਮੇਂਟੀਆਂ ਵਿਚ ਅਕਸਰ ਹੀ ਅਜਿਹੇ ਮੈਂਬਰ ਪਾਏ ਜਾਂਦੇ ਹਨ ਜੋ ਸ. ਪ੍ਰਕਾਸ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਵਫਾਦਾਰ ਹੋਣ । ਜਦੋਕਿ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਨਿਰਪੱਖ ਸੋਚ ਰੱਖਣ ਵਾਲੀਆਂ ਸਖਸ਼ੀਅਤਾਂ ਤੇ ਅਧਾਰਿਤ ਅਜਿਹੇ ਸਮੇਂ ਕਮੇਂਟੀਆਂ ਬਣਨੀਆਂ ਚਾਹੀਦੀਆਂ ਹਨ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਣ ਕੀਤੀ ਗਈ ਕਮੇਟੀ ਦੇ ਮੈਂਬਰਾਂ ਸ. ਬਰਿਆਮ ਸਿੰਘ, ਸ. ਇੰਦਰਜੀਤ ਸਿੰਘ ਗੋਗੋਆਣੀ ਅਤੇ ਸ. ਬਲਵੰਤ ਸਿੰਘ ਢਿੱਲੋਂ ਨੂੰ ਖੁਦ ਹੀ ਇਸ ਕਮੇਂਟੀ ਤੋ ਅਸਤੀਫੇ ਦੇ ਦੇਣੇ ਚਾਹੀਦੇ ਹਨ ਤਾਂ ਕਿ ਬਾਦਲ ਦਲੀਆਂ ਵੱਲੋਂ ਪਾਈਆਂ ਗਈਆਂ ਕੌਮ ਵਿਰੋਧੀ ਰਿਵਾਇਤਾਂ ਦਾ ਅੰਤ ਕੀਤਾ ਜਾ ਸਕੇ ਅਤੇ ਕੌਮ ਦੇ ਦੋਖੀਆਂ ਨੂੰ ਸਾਹਮਣੇ ਲਿਆਦਾਂ ਜਾ ਸਕੇ ।