ਨਵੀਂ ਦਿੱਲੀ : ਸ. ਜਸਬੀਰ ਸਿੰਘ ਕਾਕਾ, ਜਨਰਲ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਹਾਲਤ ਉਸ ਡਾਕੂ ਵਰਗੀ ਹੈ ਜੋ ਡਾਕਾ ਮਾਰਦਿਆਂ ਪਕੜਿਆ ਜਾਏ ਤਾਂ ਘਰ ਵਾਲਿਆਂ ਵਲ ਇਸ਼ਾਰਾ ਕਰਕੇ ਡਾਕੂ-ਡਾਕੂ ਚਿਲਾਉਣ ਲਗ ਪੈਂਦਾ ਹੈ।
ਸ. ਜਸਬੀਰ ਸਿੰਘ ਕਾਕਾ ਨੇ, ਬਾਦਲਕਿਆਂ ਵਲੋਂ ਉਪ-ਰਾਜਪਾਲ ਨਾਲ ਮੁਲਾਕਾਤ ਕਰ ਗੁਰਦੁਆਰਾ ਕਮੇਟੀ ਦੇ ਦਫਤਰ ਦੇ ਬਾਹਰ ਆਪ ਕੀਤੀ ਹੁਲੜਬਾਜ਼ੀ ਲਈ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਦੇ ਬਾਹਰ ਜੋ ਸਾਕਾ ਵਾਪਰਿਆ ਉਸਦੇ ਲਈ ਗੁਰਦੁਆਰਾ ਕਮੇਟੀ ਦੇ ਮੁਖੀ ਜਾਂ ਸੁਰਖਿਆ ਦੀ ਜ਼ਿਮੇਦਾਰੀ ਨਿਭਾ ਰਹੇ ਸੇਵਾਦਾਰ ਜ਼ਿਮੇਂਦਾਰ ਨਹੀਂ, ਕਿਉਂਕਿ ਉਹ ਕਿਸੇ ਤੇ ਹਮਲਾ ਕਰਨ ਨਹੀਂ ਸੀ ਗਏ। ਹਮਲਾ ਕਰਨ ਤਾਂ ਜ. ਮਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ 50-60 ਗੁੰਡੇ ਲੈ ਕੇ ਆਏ ਸਨ, ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਦਫਤਰ ਦੀ ਸੁਰਖਿਆ ਦੀ ਜ਼ਿਮੇਂਦਾਰੀ ਨਿਭਾ ਰਹੇ ਸੇਵਾਦਾਰਾਂ ਨੇ ਰੋਕਿਆ। ਜਿਸ ਤੇ ਜ. ਮਨਜੀਤ ਸਿੰਘ ਤੇ ਉਨ੍ਹਾਂ ਨਾਲ ਆਏ ਗੁੰਡਿਆਂ ਨੇ ਉਨ੍ਹਾਂ ਪੁਰ ਹਮਲਾ ਕਰ ਦਿਤਾ, ਫਲਸਰੂਪ ਸੇਵਾਦਾਰਾਂ ਨੂੰ ਆਪਣੀ ਸੁਰਖਿਆ ਦੀ ਕਾਰਵਾਈ ਕਰਨ ਤੇ ਮਜਬੂਰ ਹੋਣਾ ਪਿਆ, ਜਿਸ ਨਾਲ ਹਮਲਾਵਰਾਂ ਨੂੰ ਸਟਾਂ ਲਗਣੀਆਂ ਕੁਦਰਤੀ ਸਨ।
ਉਨ੍ਹਾਂ ਕਿਹਾ ਕਿ ਬਾਦਲਕੇ ਅਤੇ ਹੋਰ ਉਥੇ ਮੌਜੂਦ ਲੋਕੀ ਜਾਣਦੇ ਹਨ, ਕਿ ਸ. ਪਰਮਜੀਤ ਸਿੰਘ ਸਰਨਾ, ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਤੇ ਹੋਰ ਕਮੇਟੀ ਮੈਬਰਾਂ ਵਿਚੋਂ ਕੋਈ ਵੀ ਇਸ ਘਟਨਾ ਸਮੇਂ ਮੌਕੇ ਤੇ ਮੌਜੂਦ ਨਹੀਂ ਸੀ, ਉਹ ਤਾਂ ਦਫਤਰ ਵਿਚ ਹੋ ਰਹੀ ਅਤਿੰਰਗ ਬੋਰਡ ਦੀ ਬੈਠਕ ਵਿਚ ਹਿਸਾ ਲੈ ਰਹੇ ਸਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਗੁਰਦੁਆਰਾ ਕਮੇਟੀ ਦੇ ਦਫਤਰ ਪੁਰ ਬਾਦਲਕਿਆਂ ਨੇ ਆਪ ਹਮਲਾ ਕੀਤਾ, ਇਸ ਗਲ ਨੂੰ ਸਾਰੇ ਜਾਣਦੇ ਵੀ ਹਨ, ਇਸਦੇ ਕਈ ਚਸ਼ਮਦੀਦ ਗੁਆਹ ਵੀ ਹਨ ਫਿਰ ਵੀ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਪੁਰ ਹਮਲਾ ਕਰਨ ਦੇ ਦੋਸ਼ ਲਾ ਰਹੇ ਹਨ। ਗੁਰਦੁਆਰਾ ਕਮੇਟੀ ਦੇ ਦਫਤਰ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ੇ ਬਾਹਰੋਂ ਬਾਦਲਕਿਆਂ ਵਲੋਂ ਮਾਰੇ ਪਥਰਾਂ ਨਾਲ ਟੁੱਟੇ ਹਨ ਅਤੇ ਦਫਤਰ ਦੀਆਂ ਦੀਵਾਰਾਂ ਤੇ ਲਗੇ ਗੋਲੀਆਂ ਦੇ ਨਿਸ਼ਾਨ ਵੀ ਉਨ੍ਹਾਂ ਵਿਚੋਂ ਹੀ ਕਿਸੇ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਹਨ। ਇਨ੍ਹਾਂ ਨਿਸ਼ਾਨਾਂ ਅਤੇ ਟੁੱਟੇ ਸ਼ੀਸ਼ੀਆਂ ਨੂੰ ਵੇਖਕੇ ਹਰ ਕੋਈ ਸਮਝ ਸਕਦਾ ਹੈ ਕਿ ਇਹ ਸਭ ਕੁਝ ਬਾਹਰੋਂ ਹੋਏ ਹਮਲੇ ਦੇ ਹੀ ਸਬੂਤ ਹਨ ।