ਬੀਰ ਦਵਿੰਦਰ ਸਿੰਘ
ਇਹ ਖ਼ਬਰ ਬੜੇ ਹੀ ਸਦਮੇ ਨਾਲ ਜਾਣੀ ਗਈ ਕਿ ਭਾਈ ਮਰਦਾਨਾ ਜੀ ਦੀ ਸਤਾਰਵੀਂ ਪੀੜ੍ਹੀ ਵਿੱਚੋਂ ਸ਼ਬਦ ਕੀਰਤਨ ਦੀ ਰਬਾਬੀ ਪਰੰਪਰਾ ਦੇ ਅਨਮੋਲ ਗਾਇਕ, ਲੱਖਾਂ ਰੂਹਾਂ ਨੂੰ ਗੁਰੂ ਘਰ ਨਾਲ ਜੋੜਨ ਵਾਲੇ ਰਬਾਬੀ ਭਾਈ ਆਸ਼ਿਕ ਅਲੀ ਸਾਹਿਬ ਜਿਨ੍ਹਾਂ ਨੇ ‘ਭਾਈ ਲਾਲ’ ਦੇ ਲਕਬ ਨਾਲ ਪ੍ਰਸਿੱਧੀ ਪਾਈ, ਲਾਹੌਰ ਦੇ ਸਰਵਰ ਹਸਪਤਾਲ ਵਿੱਚ, ਪੰਜ ਨਵੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਸਵਾਸਾਂ ਦੀ ਬਖ਼ਸ਼ੀ ਪੂੰਜੀ ਸਮੇਟ ਕੇ ਇੰਤਕਾਲ ਫ਼ੁਰਮਾ ਗਏ ।ਉਹ 85 ਵ੍ਹਰਿਆਂ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ ਹਨ।ਭਾਈ ਲਾਲ ਲੱਗਪੱਗ ਪਿਛਲੇ ਸੱਤ ਦਹਾਕਿਆਂ ਤੋਂ ਗੁਰਬਾਣੀ ਦਾ ਕੀਰਤਨ ਕਰਦੇ ਆ ਰਹੇ ਸਨ। 1947 ਦੇ ਖ਼ੂਨੀ ਬਟਵਾਰੇ ਤੱਕ ਉਹ ਆਪਣੇ ਪੁਰਖਿਅ ਸਮੇਤ ਦਰਬਾਰ ਸਾਹਿਬ, ਤਰਨਤਾਰਨ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਡੇਹਰਾ ਸਾਹਿਬ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਅਨੇਕਾਂ ਹੀ ਗੁਰੂ-ਘਰਾਂ ਵਿੱਚ ਕੀਰਤਨ ਕਰਦੇ ਰਹੇ। ਆਪ ਗੁਰੂ ਘਰ ਦੇ ਹਜ਼ੂਰੀ ਰਾਗੀ ਸਨ ਪਰ 1947 ਦੇ ਮਾਰਧਾੜ ਵਾਲੇ ਮਾਹੌਲ ਵਿੱਚ ਉਨ੍ਹਾਂ ਨੂੰ ਮਜਬੂਰੀ ਵੱਸ, ਭਰੇ ਮਨ ਨਾਲ, ਅੰਮ੍ਰਿਤਸਰ ਛੱਡ ਕੇ ਲਾਹੌਰ ਵੱਸਣ ਲਈ ਮਜਬੂਰ ਹੋਣਾ ਪਿਆ, ਪ੍ਰੰਤੂ ਉਨ੍ਹਾਂ ਉਥੇ ਜਾ ਕੇ ਵੀ ਗੁਰਬਾਣੀ ਕੀਰਤਨ ਦਾ ਦਾਮਨ ਬੜੇ ਅਦਬ ਅਤੇ ਅਕੀਦਤ ਨਾਲ ਸੰਭਾਲੀ ਰੱਖਿਆ ਅਤੇ ਸੰਗਤਾਂ ਨੂੰ ਆਪਣੀ ਨਿਵੇਕਲੀ ਰਬਾਬੀ ਕੀਰਤਨ ਸ਼ੈਲੀ ਰਾਹੀਂ, ਆਪਣੇ ਅੰਤਲੇ ਸਾਹਾਂ ਤੱਕ ਨਿਹਾਲ ਕਰਦੇ ਰਹੇ ।
ਭਾਈ ਮਰਦਾਨਾ ਦੇ ਰਬਾਬੀ ਪ੍ਰੀਵਾਰ ਨਾਲ ਸਿੱਖ ਸੰਗਤਾਂ ਦੇ ਰਿਸ਼ਤੇ, ਸਾਡੇ ਵਿਰਾਸਤੀ ਅਕੀਦੇ ਦੀਆਂ ਤੰਦਾਂ ਨਾਲ ਉਸੇ ਤਰ੍ਹਾਂ ਹੀ ਜੁੜੇ ਹੋਏ ਹਨ ਜਿਵੇਂ ਅਸੀਂ ਧਾਰਮਿਕ ਸ਼ਰਧਾ ਨਾਲ ਰਾਇ ਭੋਇ ਦੀ ਤਲਵੰਡੀ ਜੋ ਹੁਣ ਨਨਕਾਣਾ ਸਾਹਿਬ ਹੈ, ਨਾਲ ਜੁੜੇ ਹੋਏ ਹਾਂ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਗੂੜ੍ਹੇ ਮਿੱਤਰਾਂ ਵਿੱਚੋਂ ਸਨ। ਉਮਰ ਵਿੱਚ ਭਾਂਵੇਂ ਗੁਰੂ ਨਾਨਕ ਸਾਹਿਬ ਪਾਸੋਂ ਦਸ ਸਾਲ ਵੱਡੇ ਸਨ ਪ੍ਰੰਤੂ ਗੁਰੂ ਸਾਹਿਬ ਦੀ ਸੰਗਤ ਵਿੱਚ ਉਹਨਾਂ 52 ਸਾਲ ਗੁਜ਼ਾਰੇ ਅਤੇ ਅਖ਼ੀਰਲਾ ਸਮਾ ਵੀ ਦਰਿਆ ਖ਼ੁਰਮ (ਅਫ਼ਗਾਨਿਸਤਾਨ) ਦੇ ਕਿਨਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਗੁਜ਼ਾਰਿਆ ਅਤੇ ਗੁਰੂ ਜੀ ਦੀ ਗੋਦ ਵਿੱਚੋਂ ਹੀ ਸਦੀਵਤਾ ਦੇ ਸਫ਼ਰ ਲਈ ਰਵਾਨਗੀ ਪਾਈ।ਉਨ੍ਹਾਂ ਦੇ ਮਿਰਤਕ ਸ਼ਰੀਰ ਦੀਆਂ ਅੰਤਮ ਰਸਮਾਂ ਵੀ, ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਪੂਰੀਆਂ ਕੀਤੀਆਂ। ਭਾਈ ਮਰਦਾਨਾ ਭਾਵੇਂ ਮੁਸਲਮਾਨ ਸਨ ਪਰ ਉਨ੍ਹਾਂ ਦੀ ਇੱਛਾ ਮੁਤਾਬਿਕ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਸਪੁਰਦ-ਏ-ਖ਼ਾਕ ਕਰਨ ਦੀ ਬਜਾਏ ਸਪੁਰਦ-ਏ-ਆਤਿਸ਼ ਕੀਤਾ ਭਾਵ ਉਨ੍ਹਾ ਨੂੰ ਦਫ਼ਨ ਕਰਨ ਦੀ ਬਜਾਏ ਉਨ੍ਹਾਂ ਦਾ ਦਾਹ-ਸੰਸਕਾਰ ਕੀਤਾ ਗਿਆ। ਭਾਈ ਮਰਦਾਨਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਸਵਾਸ ਤਿਆਗਣ ਤੋਂ ਪਹਿਲਾਂ ਹੀ ਇਹ ਅਰਜ਼ ਗੁਜ਼ਾਰੀ ਸੀ, “ਬਾਬਾ ਤੈਂਡੇ ਨਾਲ ਪੈਂਡੇ ਕੱਛਦਿਆਂ, ਤੁਸਾਂ ਦੀ ਇਲਾਹੀ ਨਦਰ ਨੇ, ਮੈਨੂੰ ਜੀਵਨ ਦੀਆਂ ਸੱਭੇ ਕੈਦਾਂ ਵਿੱਚੋਂ ਮੁਕਤ ਕੀਤਾ ਹਈ, ਹੁਣ ਮੋ ਕੁ ਹੱਡਾਂ ਤੇ ਮਿੱਟੀ ਕੀ ਕੈਦ ਵਿੱਚ ਨਹੀਂ ਪਾਵਣਾਂ”।
ਜਨਮ ਸਾਖੀਆਂ ਅਤੇ ਤਵਾਰੀਖ਼ੀ ਹਵਾਲਿਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਦੇ ਉਹ ਹਮੇਸ਼ਾਂ ਹੀ ਭਾਈ ਮਰਦਾਨਾ ਨੂੰ ਸੰਬੋਧਨ ਹੋ ਕਰ ਆਖ਼ਦੇ, “ ਮਰਦਾਨਿਆਂ ਰਬਾਬ ਉਠਾਇ, ਬਾਣੀ ਆਈਆ” ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਆਲਾਪ ਅਨੁਸਾਰ, ਰਬਾਬ ਨੂੰ ਉਸੇ ਵੇਲੇ ਸੁਰ ਕਰ ਲੈਂਦੇ ਸਨ।ਇਹ ਰਬਾਬ ਵੀ ਇਨ੍ਹਾਂ ਨੂੰ ਬੇਬੇ ਨਾਨਕੀ ਨੇ ਲੈਕੇ ਦਿੱਤੀ ਸੀ। ਇਸ ਰਬਾਬ ਦੀ ਪ੍ਰਾਪਤੀ ਦਾ ਸਬੱਬ ਵੀ ਬੜਾ ਰੌਚਕ ਅਤੇ ਇਲਾਹੀ ਹੈ। ਇਹ ਰਬਾਬ ਪਿੰਡ ਆਸਕਪੁਰ ਦੇ ਹਿੰਦੂ ਰਬਾਬੀ ਭਾਈ ਫਿਰੰਦਾ ਨੇ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਾਹਿਬ ਲਈ ਬੜੀ ਸ਼ਰਧਾ ਭਾਵਨਾ ਨਾਲ ਤਿਆਰ ਕਰਕੇ ਰੱਖੀ ਹੋਈ ਸੀ, ਉਹ ਇਸਨੂੰ ਕਿਸੇ ਪਾਸ ਵੇਚਦਾ ਨਹੀਂ ਸੀ ਤੇ ਨਾ ਹੀ ਇਸਦਾ ਕਿਸੇ ਨਾਲ ਕੋਈ ਮੁੱਲ ਕਰਦਾ ਸੀ, ਜੇ ਕੋਈ ਪੁੱਛ ਵੀ ਲੈਂਦਾ ਕਿ, ‘ ਫਿਰੰਦਿਆ ਕੀ ਮੁੱਲ ਹੈ ਇਸ ਰਬਾਬ ਦਾ ? ਤਾਂ ਅੱਗੋਂ ਫਿਰੰਦਾ ਆਖਦਾ “ਨਾਨਕ ਫ਼ਕੀਰ ਕੇ ਦਰਸ਼ਨ” ਉਸਦੇ ਮਨ ਦੀ ਅਨੁਭਵੀ ਰੀਝ ਸੀ, “ ਕਿ ਜੇ ਕਿਤੇ ਦਮਾ ਦੇ ਰਹਿੰਦਿਆਂ, ਨਾਨਕ ਫ਼ਕੀਰ ਦੇ ਦਰਸਨ ਹੋ ਜਾਵਣ ਤਾਂ ਇਹ ਰਬਾਬ ਉਸਦੇ ਚਰਨਾਂ ਤੇ ਰੱਖ, ਢਹਿ ਪਵਾਂ, ਤੇ ਮੁੜ ਤੱਦੇ ਉਠਸਾਂ ਜਦੋਂ ਨਾਨਕ ਫ਼ਕੀਰ, ਇਸ ਰਬਾਬ ਥੀਂ ਮਨਜ਼ੂਰ ਕਰੇ”। ਉਸਦੀ ਇਹ ਉਮੀਦ ਬਰ ਆਈ। ਗੁਰੂ ਨਾਨਕ ਸਾਹਿਬ ਜੀਨੇ ਭਾਈ ਮਰਦਾਨੇ ਨੂੰ ਰਬਾਬ ਲੈਣ ਲਈ ਭਾਈ ਫਿਰੰਦੇ ਪਾਸ ਆਸਕਪੁਰ ਭੇਜਿਆ, ਭਾਈ ਫਿਰੰਦੇ ਨੇ ਮਰਦਾਨੇ ਨੂੰ ਇਸ ਰਬਾਬ ਨੂੰ ਛੁਹਣ ਤੱਕ ਨਾ ਦਿੱਤਾ, ਉਸ ਦੀ ਤਾਂ ਇੱਕੋ ਹੀ ਸ਼ਰਤ ਸੀ, ‘ਪਹਿਲਾ ਨਾਨਕ ਫ਼ਕੀਰ ਕੇ ਦਰਸਨ ਕਰਾਵੋ’ ਭਾਈ ਮਰਦਾਨਾ ਭਾਈ ਫਿਰੰਦਾ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਆਏ ਜੋ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਅਤੇ ਰਬਾਬ ਗੁਰੂ ਜੀ ਦੇ ਚਰਨੀ ਰੱਖ ਦਿੱਤੀ, ਉਸ ਵੇਲੇ ਤੌਂ ਇਹ ਰਬਾਬ ਭਾਈ ਮਰਦਾਨਾ ਦੀ ਸਪੁਰਦਦਾਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਰਹੀ, ਇਸੇ ਰਬਾਬ ਲਈ ਗੁਰੂ ਜੀ ਫ਼ੁਰਮਾਉਂਦੇ ਸਨ, “ ਮਰਦਾਨਿਆਂ ਰਬਾਬ ਉਠਾਇ, ਬਾਣੀ ਆਈਆ”।
ਭਾਈ ਮਰਦਾਨਾ ਜੀ ਦੇ ਦਿਹਾਂਤ ਤੋ ਬਾਦ ਗੁਰੂ ਨਾਨਕ ਸਾਹਿਬ ਭਾਈ ਬਾਲਾ ਨਾਲ ਸਿੱਧੇ ਖ਼ੁਰਮ ਤੋਂ ਚੱਲ ਕੇ (ਜੋ ਹੁਣ ਅਫ਼ਗਾਨਿਸਤਾਨ ਵਿੱਚ) ਆਪਣੀ ਜਨਮ ਭੋਂਇ ਤਲਵੰਡੀ ਪਹੁੰਚੇ, ਜਿੱਥੇ ਭਾਈ ਮਰਦਾਨਾ ਦਾ ਬਾਕੀ ਪ੍ਰਵਾਰ ਵੱਸਦਾ ਸੀ, ਭਾਈ ਮਰਦਾਨੇ ਦਾ ਪ੍ਰੀਵਾਰ ਰਾਇ ਭੋਇ ਦੀ ਤਲਵੰਡੀ ਦਾ ਖਾਨਦਾਨੀ ਮਿਰਾਸੀ ਪ੍ਰੀਵਾਰ ਸੀ। ਭਾਈ ਬਾਲਾ ਵੀ ਇਸੇ ਪਿੰਡ ਦੇ ਸੰਧੂ ਜੱਟ ਸਨ ਜੋ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਪਾਸੋਂ ਤਿੰਨ ਸਾਲ ਛੋਟੇ ਸਨ। ਭਾਈ ਬਾਲਾ ਅਤੇ ਭਾਈ ਮਰਦਾਨਾ ਨੇ ਆਪਣਾ ਸਾਰਾ ਜੀਵਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿੱਚ ਹੀ ਸਮਰਪਤ ਕੀਤਾ ਹੋਇਆ ਸੀ।ਭਾਈ ਬਾਲੇ ਦੀ ਜਨਮ ਸਾਖੀ ਅਨੁਸਾਰ, ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤ੍ਰੀ ਮਹਿਤਾ ਲਾਲੂ ਵੇਦੀ ਪਾਸੋਂ ਲੈ ਕੇ, ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ, ਉਨ੍ਹਾਂ ਪਾਸ ਖਡੂਰ ਪਹੁੰਚਾ ਕੇ ( ਹੁਣ ਖਡੂਰ ਸਾਹਿਬ) ਆਏ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੁ ਵੇਦੀ ਗੁਜ਼ਰ ਚੁੱਕੇ ਸਨ। ਇਸ ਜਨਮ ਪੱਤ੍ਰੀ ਦੇ ਅਨੁਸਾਰ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੇਸ-ਪ੍ਰਦੇਸ ਵਿੱਚ ਮਨਾਇਆ ਜਾਂਦਾ ਹੈ।ਗੂਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੇ ਵੱਡੇ ਪੁੱਤਰ ਸ਼ੁਜਾਦ ਨੂੰ ਬੁਲਾ ਕੇ, ਉਸਦੇ ਅੱਬੂ ਦੇ ਅੱਲਾ ਨੂੰ ਪਿਆਰੇ ਹੋ ਜਾਣ ਦੀ ਖ਼ਬਰ ਉਸਨੂੰ ਦਿੱਤੀ , ਤਲਵੰਡੀ ਪਿੰਡ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਜੀ ਨੇ ਸ਼ੁਜਾਦ ਨੂੰ ਸਿਰੋਪਾਓ ਦੀ ਕ੍ਰਿਪਾ ਬਖ਼ਸ਼ਿਸ਼ ਕੀਤੀ ਤੇ ਨਾਲ ਹੀ ਆਖਿਆਂ “ ਤੁਸਾਂ ਦੇ ਅੱਬੂ ਨੇ ਸਾਡੇ ਨਾਲ ਬੜੀ ਨਿਭਾਈ ਹਈ, ਅਸਾਂ ਭੀ ਉਸਨੂੰ ਸੱਖਣੀ ਝੋਲੀ ਨਹੀਂ ਘੱਲਿਆ ਹਈ, ਤੁਸਾਂ ਵੀ ਜੋ ਮੂਹੋਂ ਮੰਗਸੋ, ਸੋਈ ਮੁਰਾਦ ਬੰਨੇ ਥੀਵਸੀ” ਅੱਗੋ ਸ਼ੁਜਾਦ ਨੇ ਸਿਰ ਨਿਵਾ ਕੇ ਆਖਿਆ, “ ਬਾਬਾ ਜੋ ਅੱਬੂ ਦੀ ਝੋਲੀ ਪਾਇਓਸ, ਸੋਈ ਬਖ਼ਸੋ” ਗੁਰੂ ਨਾਨਕ ਸਾਹਿਬ ਜੀ ਨੇ ਕੀਲੇ ਨਾਲ ਟੰਗੀ ਭਾਈ ਮਰਦਾਨੇ ਵਾਲੀ ਰਬਾਬ ਉਸਦੀ ਝੋਲੀ ਵਿੱਚ ਪਾਇ ਕੇ ਅਸੀਸ ਦਿੱਤੀ, “ ਤੁਸਾਂ ਨੂੰ ਵੀ ਭਾਈ ਤਾਰ ਦਾ ਗੁਣ ਬਖਸਿਆ, ਇਸਨੂੰ ਕਿਸੇ ਕੁ ਵੇਚਣਾ ਨਾਂਹੀ, ਕੇਸਾਂ ਕੀ ਬੇਅਦਬੀ ਨਹੀਂ ਕਰਨੀ।ਅੰਮ੍ਰਿਤ ਵੇਲੇ ਬੰਦਗੀ ਕਰਨੀ। ਅੱਲਾ ਕਾ ਫ਼ਜ਼ਲ ਹੋਸੀ, ਅੱਬੂ ਕੀ ਰੂਹ ਰੱਜਸੀ, ਕਿਸੇ ਕੁ ਨਿਰਾਸ ਨਹੀਂ ਮੋੜਨਾ” ਉਨ੍ਹਾਂ ਸਮਿਆਂ ਤੋ ਲੈ ਕੇ ਅੱਜ ਤੀਕਰ ਗੁਰੂ ਨਾਨਕ ਸਾਹਿਬ ਜੀ ਦੀ ਬਖਸੀ ਹੋਈ ਰਬਾਬ ਤੇ ਸ਼ਬਦ ਕੀਰਤਨ ਦੀ ਰਬਾਬੀ ਪਰੰਪਰਾ, ਭਾਈ ਮਰਦਾਨਾ ਜੀ ਦੀ ਸਤਾਰਵੀਂ ਪੀੜ੍ਹੀ ਤੱਕ ਚਲਦੀ ਅਤੇ ਨਿਭਦੀ ਆ ਰਹੀ ਹੈ। ਗੁਰੂ ਜੀ ਦੀ ਅਸੀਸ ਸਦਕਾ ਸਿੱਖ ਸੰਗਤਾਂ , ਹਮੇਸ਼ਾਂ ਹੀ ਇਨ੍ਹਾਂ ਰਬਾਬੀ ਕੀਰਤਨੀਆਂ ਨੂੰ , ਭਾਈ ਮਰਦਾਨੇ ਕੇ ਸਮਝ ਕੇ, ਮਾਣ ਅਤੇ ਸਤਿਕਾਰ ਨਾਲ ਪਲਕਾਂ ਤੇ ਬਿਠਾਉਂਦੀਆਂ ਰਹੀਆਂ ਹਨ।
ਜਦੋਂ ਅਸੀ ਬਚਪਣ ਵਿੱਚ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਦੀਆ ਤਸਵੀਰਾਂ ਜੋ ਪੁਰਾਤਨ ਸਮਿਆਂ ਦੇ ਮੁਸੱਵਰਾਂ ਨੇ ਚਿਤਵ ਕੇ ਬਣਾਈਆਂ ਸਨ ਉਨ੍ਹਾਂ ਤਸਵੀਰਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੀ ਤਸਵੀਰ ਦੇ ਦਰਸ਼ਨ ਵੀ ਹੁੰਦੇ ਸਨ, ਇੱਕ ਪਾਸੇ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਰਬਾਬ ਦਿਖਾਈ ਦੇਂਦੀ ਸੀ ਦੂਸਰੇ ਪਾਸੇ ਭਾਈ ਬਾਲਾ ਜੀ ਦੇ ਹੱਥ ਵਿੱਚ ਮੋਰ-ਪੰਖੜੀ ਚਵਰ ਦਿਖਾਈ ਦਿੰਦੀ ਸੀ , ਦੋਵ੍ਹਾਂ ਦੇ ਦਰਿਮਿਆਨ ਗੁਰੂ ਜੀ ਦਾ ਆਸਣ ਸੀ। ਹੁਣ ਪਤਾ ਨਹੀਂ ਕਿਓਂ ਕਿਸ ਸਾਜਿਸ਼ ਜਾਂ ਸੌੜੀ ਸੋਚ ਅਨੁਸਾਰ, ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਨਾਲ ਜੁੜੇ ਪ੍ਰਬੰਧਕਾਂ ਨੇ, ਗੁਰੂ ਨਾਨਕ ਸਾਹਿਬ ਜੀ ਨਾਲ ਜੀਵਨ ਭਰ ਨਿਭਣ ਵਾਲੇ ਭਾਈ ਮਰਦਾਨੇ ਅਤੇ ਭਾਈ ਬਾਲੇ ਨੂੰ ਉਨ੍ਹਾਂ ਪਾਸੋਂ ਵਿਛੋੜ ਦਿੱਤਾ ਹੈ, ਅੱਜ ਸਤਿਗੁਰ ਨਾਨਕ ਹਰ ਤਸਵੀਰ ਵਿੱਚ ਇਕੱਲੇ ਦਿਖਾਈ ਦੇ ਰਹੇ ਹਨ, ਭਾਈ ਬਾਲਾ ਅਤੇ ਭਾਈ ਮਰਦਾਨਾ ਤਸਵੀਰਾਂ ਵਿੱਚੋਂ ਤਾਂ ਆਹਿਸਤਾ- ਆਹਿਸਤਾ ਗੁੰਮ ਹੋ ਗਏ ਹਨ, ਪਰ ਸਿੱਖ ਸੰਗਤਾਂ ਦੇ ਤਸੱਵਰ ਵਿੱਚ ਉਹ ਤਸਵੀਰਾਂ ਅੱਜ ਵੀ ਜਿਉਂ ਦੀਆਂ ਤਿਉਂ ਕਾਇਮ ਹਨ।
ਭਾਈ ਮਰਦਾਨਾ ਜੀ ਦੀਆਂ ਸਾਰੀਆਂ ਸਤਾਰਾਂ ਪੀੜ੍ਹੀਆਂ ਨਾਲ ਸਿੱਖ ਕੌਮ ਨੇ ਆਪਣੀ ਵਿਰਾਸਤੀ ਅਤੇ ਧਾਰਮਿਕ ਸਾਂਝ ਹੁਣ ਤੱਕ ਪੁਗਾਈ ਅਤੇ ਨਿਭਾਈ ਹੇ। ਪਿਛਲੇ ਕੁੱਝ ਸਮੇਂ ਤੋ ਮਰਹੂਮ ਭਾਈ ਲਾਲ ਦੀ ਦਿਲੀ ਆਰਜ਼ੂ ਸੀ, ਕਿ ਦਮਾਂ ਦਾ ਕੋਈ ਭਰੋਸਾ ਨਹੀਂ, ਕਿਵੇਂ ਨਾਂ ਕਿਵੇਂ ਇੱਕ ਬਾਰ, ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦੀ ਇੱਛਾ, ਉਨ੍ਹਾਂ ਦੀ ਨਿੱਤ ਦੀ ਬੰਦਗੀ ਦਾ ਹਿੱਸਾ ਬਣੀ ਹੋਈ ਸੀ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਪਾਸ ਬਥੇਰੇ ਵਾਸਤੇ ਪਾਏ, ਪਰ ਗੁਰੂ ਨਾਨਕ ਦੇ ਇਨ੍ਹਾਂ ਰਬਾਬੀਆਂ ਦੀ ਕਿਸੇ ਨੇ ਇੱਕ ਨਾਂ ਸੁਣੀ, ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ 52 ਸਾਲ ਆਪਣੇ ਸੀਨੇ ਨਾਲ ਲਾਈਂ ਰੱਖਿਆ, ਅਸੀਂ ਭਾਈ ਮਰਦਾਨੇ ਦੀ ਸਤਾਰਵੀਂ ਪੀੜ੍ਹੀ ਨੂੰ ਉਸ ਅਦਬ ਨਾਲ ਸਵੀਕਾਰ ਕਰਨੋ, ਕਿਸੇ ਗੱਲੋਂ ਖੁੰਝ ਗਏ ਹਾਂ, ਜਿਸ ਅਦਬ ਅਤੇ ਸਤਿਕਾਰ ਦੇ ਉਹ ਮੁਸਤਹਿਕ ਸਨ ।
ਇਹ ਵੀ ਇੱਕ ਅਜੀਬ ਇਤਫ਼ਾਕ ਸੀ ਕਿ 5 ਨਵੰਬਰ 2012 ਨੂੰ ਸਵੇਰੇ 5.30 ਵਜੇ ਭਾਈ ਲਾਲ, ਭਾਈ ਮਰਦਾਨੇ ਦੀ ਸਤਾਰਵੀਂ ਪੀੜ੍ਹੀ ਦੇ ਇੱਕ ਵੱਡੇ ਰੁਕਨ, ਲਾਹੌਰ ਦੇ ਸਰਵਰ ਹਸਪਤਾਲ ਵਿੱਚ ਆਖ਼ਰੀ ਸਾਹ ਲੈਂਦੇ ਹਨ ਤੇ ਠੀਕ ਉਸੇ ਦਿਨ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਾਘਾ ਸਰਹੱਦ ਰਾਹੀਂ, ਬੜੀ ਸ਼ਾਨੋ-ਸ਼ੌਕਤ ਨਾਲ, ਮੰਤਰੀਆਂ ਅਤੇ ਸੰਤਰੀਆਂ ਦਾ ਇੱਕ ਵੱਡਾ ਕਾਫ਼ਲਾ ਲੈ ਕੇ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਫੇਰੀ ਦਾ ਮਕਸਦ ਹੈ, ਲਹਿੰਦੇ ਪੰਜਾਬ ਨਾਲ ਚੜ੍ਹਦੇ ਪੰਜਾਬ ਦੀਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਝਾਂ ਨੂੰ ਮਜ਼ਬੂਤ ਕਰਨਾਂ ਅਤੇ ਤਜਾਰਤੀ ਅਦਾਨ-ਪਦਾਨ ਲਈ ਹਮਵਾਰ ਰਸਤਿਆਂ ਦੀ ਤਲਾਸ਼ ਕਰਨਾਂ, ਅਜੇਹੀਆਂ ਪਹਿਲ-ਕਦਮੀਆਂ ਦੇ ਅਮਲ ਤਹਿ ਕਰਨੇ ਜਿਸਦੇ ਨਾਲ ਪਰਸਪਰ ਮੁਹੱਬਤਾਂ ਦੇ ਅਹਿਸਾਸ ਹੋਰ ਗਹਿਰੇ ਹੋ ਸਕਣ ਤੇ ਅਸੀਂ ਚੰਗੇ ਗਵਾਂਢੀਆਂ ਵਾਂਗ ਹਮਸਾਇਆਂ ਦੇ ਸਦਕੇ ਜਾਣ ਦੇ ਰੰਗ ਵਿੱਚ ਰੰਗੇ ਜਾ ਸਕੀਏ।ਨਿਸ਼ਚੈ ਹੀ ਇਹ ਇੱਕ ਸ਼ਲਾਘਾ ਯੌਹ ਉਦਮ ਸੀ।ਸਬੱਬ ਨਾਲ ਪੰਜਾਬ ਦੇ ਸੂਫ਼ੀ ਗਾਇਕ ਹੰਸ ਰਾਜ ਹੰਸ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਮਰਾਹ ਲਾਹੌਰ ਪੁੱਜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਗਏ, ਇਸ ਨੂੰ ਵਕਤ ਦੀ ਸਿਤਮ ਜ਼ਰੀਫ਼ੀ ਕਹੀਏ ਜਾਂ ਮਹਿਜ਼ ਇੱਕ ਇਤਫ਼ਾਕ ਕਿ ਰਬਾਬੀ ਭਾਈ ਲਾਲ ਦੀ ਮੌਤ ਵੀ ਉਸ ਦਿਨ ਹੋਈ ਜਦੋਂ ਪੰਜਾਬ ਦਾ ਇੱਕ ਉੱਚ ਪੱਧਰੀ ਵਫ਼ਦ ਲਾਹੌਰ ਪੁੱਜਦਾ ਹੈ।
ਭਾਈ ਲਾਲ ਦੀ ਅੰਤਿਮ ਇੱਛਾ ਸੀ ਕਿ ਉਨ੍ਹਾ ਦੀ ਮਈਅਤ ਨੂੰ ਮਿੱਟੀ ਦੇ ਹਵਾਲੇ ਕਰਨ ਤੋਂ ਪਹਿਲਾਂ, ਉਨ੍ਹਾਂ ਦਾ ਇਸ਼ਨਾਨ ਨਨਕਾਣਾ ਸਾਹਿਬ ਦੇ ਸਰੋਵਰ ‘ਚੋਂ ਪਵਿੱਤਰ ਜਲ ਲਿਆ ਕੇ ਕਰਵਾਇਆ ਜਾਵੇ ਤੇ ਉਸ ਤੋੰ ਬਾਦ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇ। ਭਾਈ ਲਾਲ ਦੀ ਇਸ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪੁੱਤਰ ਪੋਤਰੇ ਨਨਕਾਣਾ ਸਾਹਿਬ ਦੇ ਸਰੋਵਰ ‘ਚੋਂ ਪਵਿੱਤਰ ਜਲ ਲੈ ਕੇ ਆਏ ਜਿਸ ਨਾਲ ਭਾਈ ਲਾਲ ਜੀ ਦਾ ਇਸ਼ਨਾਨ ਕਰਵਾਉਣ ਉਪਰੰਤ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ।ਇਸ ਸਾਰੇ ਪਹਿਲੁ ਦਾ ਇੱਕ ਅਫ਼ਸੋਸਨਾਕ ਮੰਜ਼ਰ ਇਹ ਰਿਹਾ ਕਿ ਭਾਈ ਲਾਲ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਰਬਾਬੀ ਪਰੰਪਰਾ ਅਨੁਸਾਰ ਗੁਰੂ ਜਸ ਗਾਇਨ ਕਰਨ ਦੀ ਪ੍ਰਬਲ ਹਸਰਤ ਵੀ ਉਨ੍ਹਾਂ ਦੇ ਨਾਲ ਹੀ ਹਮੇਸ਼ਾਂ ਲਈ ਦਫ਼ਨ ਹੋ ਗਈ!
ਚੰਗਾ ਹੁੰਦਾ ਜੇ ਸਿੱਖ ਕੌਮ ਦੀ ਧਾਰਮਿਕ ਅਤੇ ਰਾਜਨੀਤਿਕ ਪ੍ਰਤੀਨਿਧ ਜਥੇਬੰਦੀ, ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੇ ਵਜ਼ੀਰਾਂ ਅਤੇ ਹੋਰ ਸਾਥੀਆਂ ਸਮੇਤ ਲਾਹੌਰ ਦੀ ਫੂਡ ਸਟਰੀਟ ਤੇ ਖੁਲ੍ਹੇ-ਆਮ ਗੋਲ-ਗੱਪਿਆਂ ਦਾ ਲੁਤਫ਼ ਉਠਾਉਣ ਦੀ ਬਜਾਏ ਕੁੱਝ ਸਮਾ ਕੱਢ ਕੇ, ਸਾਥੀਆਂ ਸਮੇਤ, ਭਾਈ ਲਾਲ ਜੀ ਦੀ ਤਾਅਜ਼ੀਅਤ ਵਿੱਚ ਪੂਰੀ ਸਿੱਖ ਕੌਮ ਵੱਲੋ ਸ਼ਰੀਕ ਹੁੰਦੇ ਪਰ ਅਫ਼ਸੋਸ! ਕਿ ਅਜਿਹਾ ਨਹੀਂ ਹੋ ਸਕਿਆ, ਭਾਵੇਂ ਇਹ ਉਕਾਈ ਇੱਕ ਸਹਿਬਨ ਉਕਾਈ ਹੀ ਹੈ ਪਰ ਇਸ ਭੁੱਲ ਦੀ ਨਮੋਸ਼ੀ ਦੇ ਪ੍ਰਛਾਵੇਂ, ਸਿੱਖ ਕੌਮ ਦੇ ਅਦਬੀ ਅਕਸ ‘ਚੋਂ ਜ਼ਰੂਰ ਝਲਕਦੇ ਰਹਿਣਗੇ।
ਭਾਈ ਲਾਲ ਜੀ ਦੇ ਪੁੱਤਰ ਭਾਈ ਨਈਮ ਤਾਹਿਰ ਅਨੁਸਾਰ ਭਾਈ ਲਾਲ ਜੀ ਦੀ ਵਿਛੜੀ ਰੂਹ ਦੇ ਸਕੂਨ ਲਈ ਦੁਆ ਕਰਨ ਲਈ, ਦੁਆ-ਏ-ਮਗ਼ਫ਼ਰਿਤ ਦਾ ਆਯੋਜਨ 7 ਦਸੰਬਰ 2012 ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਮਕਾਨ ਨੰਬਰ-29, ਗਲੀ ਨੰਬਰ 51, ਮੁਹੱਲਾ ਹੁਸੈਨ ਪੁਰਾ, ਗਾਜ਼ੀਆਂਬਾਦ, ਲਾਹੌਰ ਤੈਅ ਕੀਤਾ ਗਿਆ ਹੈ, ਚੰਗਾ ਹੋਵੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉੱਚ ਪੱਧਰੀ ਵਫ਼ਦ ਦੁਆ-ਏ-ਮਗ਼ਫ਼ਰਿਤ ਵਕਤ ਸਮੁੱਚੀ ਸਿੱਖ ਕੋਮ ਵੱਲੋਂ ਸ਼ਰੀਕ ਹੋ ਸਕੇ, ਇੰਜ ਕਰਨ ਨਾਲ ਸਾਡੀ ਪਹਿਲੀ ਉਕਾਈ ਦੀ ਤਲ਼ਾਫ਼ੀ ਵੀ ਹੋ ਸਕੇਗੀ, ਨਹੀਂ ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ ਅੱਗੇ ਇਸ ਸੰਗੀਨ ਉਕਾਈ ਲਈ, ਹਮੇਸ਼ਾ ਸ਼ਰਮਸ਼ਾਰ ਰਹਾਂਗੇ।
ਸਾਬਕਾ ਡਿਪਟੀ ਸਪੀਕਰ, ਪੰਜਾਬ