ਲੁਧਿਆਣਾ – ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਪਿਛਲੇ ਕਈ ਦਿਨਾ ਤੋਂ ਆਪਣੇ ਹੀ ਦੁੱਧ ਡੀਲਰਾਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਕਾਰਨ ਵੇਰਕਾ ਡੀਲਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਆਲਮ ਇਹ ਹੈ ਕਿ ਵੇਰਕਾ ਪਲਾਂਟ ਦੇ ਅਫਸਰ ਜਿਨਾ ਨੂ ਵੇਰਕਾ ਦੁੱਧ ਡੀਲਰਾਂ ਦੀਆਂ ਮੁਸ਼ਕਿਲਾਂ ਹਲ ਕਰਨ ਲਈ ਰੱਖਿਆ ਹੋਇਆ ਹੈ , ਉਹਨਾਂ ਨੇ ਵੀ ਡੀਲਰਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ ।
ਪਿਛਲੇ ਕੁਛ ਦਿਨਾਂ ਤੋਂ ਵੇਰਕਾ ਪਲਾਂਟ ਵਲੋਂ ਆਪਣੇ ਦੁੱਧ ਡੀਲਰਾਂ ਨੂ ਬਿਨਾ ਡਿਮਾਂਡ ਤੋਂ ਜਬਰਦਸਤੀ ਵੇਰਕਾ ਦਹੀਂ ਅਤੇ ਵੇਰਕਾ ਪਨੀਰ ਭੇਜਿਆ ਜਾ ਰਿਹਾ ਹੈ । ਜਿਨਾ ਦੁੱਧ ਡੀਲਰਾਂ ਦੇ ਕੋਲ ਮਾਲ ਨੂ ਵੇਚਣ ਦੀ ਸਮਰਥਾ ਨਹੀ ਹੈ ਜਾਂ ਇਨਾਂ ਉਤਪਾਦਾਂ ਦੇ ਗ੍ਰਾਹਕ ਨਹੀ ਹਨ , ਉਨਾਂ ਨੂੰ ਵੀ ਜਬਰਦਸਤੀ ਮਾਲ ਭੇਜਿਆ ਜਾ ਰਿਹਾ ਹੈ । ਹਾਲ ਇਹ ਹੈ ਕਿ ਡੀਲਰਾਂ ਦੇ ਮਿੰਨਤ ਤਰਲੇ ਕਰਨ ਦੇ ਬਾਵਜੂਦ ਵੀ ਹਰ ਰੋਜ ਦੁਪਿਹਰ ਦੀ ਸਪਲਾਈ ਵਿਚ ਹਰ ਦੁਕਾਨਦਾਰ ਨੂ ਦੋ ਡਬੇ ਦਹੀਂ ਅਤੇ 2 ਕਿਲੋ ਪਨੀਰ ਭੇਜਿਆ ਜਾ ਰਿਹਾ ਹੈ । ਕਈ ਡੀਲਰਾਂ ਕੋਲ ਹਜਾਰਾਂ ਰੁਪਏ ਦਾ ਸਮਾਨ ਜਮਾ ਹੋ ਗਿਆ ਹੈ । ਮਾਲ ਅਗੋਂ ਵਿਕ ਨਹੀ ਰਿਹਾ ਪਰ ਪਲਾਂਟ ਤੋ ਡੀਲਰਾਂ ਨੂੰ ਮਾਲ ਲਗਾਤਾਰ ਫਿਰ ਵੀ ਭੇਜਿਆ ਜਾ ਰਿਹਾ ਹੈ ।
ਵੇਰਕਾ ਪਲਾਂਟ ਦੇ ਕਈ ਡੀਲਰਾਂ ਨੇ ਦਸਿਆ ਕਿ ਕਿ ਜਦੋਂ ਓਹ ਇਸ ਸਬੰਧੀ ਅਫਸਰਾਂ ਨਾਲ ਗਲ ਕਰਨ ਗਏ ਤਾਂ ਉਹਨਾਂ ਕਿਹਾ ਕਿ ਇਹ ਮਾਲ ਭੇਜਣ ਦੇ ਹੁਕਮ ਜੀ.ਐਮ ਸਾਹਿਬ ਦੇ ਹਨ ਤੇ ਓਹ ਇਸ ਵਿਚ ਕੁਝ ਨਹੀ ਕਰ ਸਕਦੇ । ਡੀਲਰਾਂ ਨੇ ਦਸਿਆ ਕਿ ਜਦੋ ਜੀ.ਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ ਕੀਤੀ ਤਾਂ ਜੀ.ਐਮ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਹੀ ਨਹੀ ਕੀਤੀ । ਉਹਨਾਂ ਦਸਿਆ ਕਿ ਅਫਸਰਾਂ ਦਾ ਹੁਕਮ ਹੈ ਕਿ ਜੇ ਵੇਰਕਾ ਦਾ ਦੁੱਧ ਦਹੀਂ ਨਹੀ ਵੇਚਣਾ ਤਾ ਤੁਹਾਨੂੰ ਦੁੱਧ ਦੀ ਸਪਲਾਈ ਵੀ ਨਹੀ ਮਿਲੇਗੀ । ਉਹਨਾਂ ਕਿਹਾ ਕਿ ਇਸ ਤਰਾਂ ਦੇ ਨਾਦਰਸ਼ਾਹੀ ਹੁਕਮਾਂ ਨਾਲ ਵੇਰਕਾ ਡੀਲਰਾਂ ਦੀ ਨੀਂਦ ਹਰਾਮ ਹੋ ਗਈ ਹੈ । ਕਿਉਂ ਕਿ ਕਈ ਡੀਲਰ ਤਾਂ ਦੁੱਧ ਵੇਚ ਕੇ ਹੀ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਰਹੇ ਹਨ । ਉਨਾ ਦਸਿਆ ਕਿ ਦੁੱਧ ਵਿਚੋਂ ਮਾਰਜਨ ਘਟ ਹੋਣ ਕਾਰਨ ਅਸੀਂ ਦਹੀਂ ਪਨੀਰ ਪਲਿਓਂ ਪਾ ਕੇ ਵੀ ਨਹੀਂ ਵੇਚ ਸਕਦੇ ।
ਅਖਬਾਰ ਦੇ ਦਫਤਰ ਵਿਚ ਆਏ ਇਨਾ ਡੀਲਰਾਂ ਨੇ ਦਹੀ ਪਨੀਰ ਹਰ ਰੋਜ ਭੇਜਣ ਵਾਲੇ ਇੰਡੇਟ (ਬਿਲ ) ਵੀ ਦਿਖਾਏ । ਉਹਨਾਂ ਕਿਹਾ ਕਿ ਜੇ ਅਸੀਂ ਖੁਲ ਕੇ ਵੇਰਕਾ ਮਿਲਕ ਪਲਾਂਟ ਦੇ ਅਫਸਰਾਂ ਦਾ ਵਿਰੋਧ ਕੀਤਾ ਤਾਂ ਓਹ ਸਾਡੀ ਏਜੰਸੀ ਕੈਂਸਲ ਵੀ ਕਰ ਸਕਦੇ ਹਨ । ਪਿਛਲੇ ਕੁਝ ਦਿਨਾਂ ਤੋ ਜੋ ਡੀਲਰ ਪਲਾਂਟ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ , ਉਨਾ ਨੂੰ ਉਹਨਾਂ ਦੀਆਂ ਏਜੰਸੀਆਂ ਕੈਂਸਲ ਕਰਨ ਦੀਆਂ ਧਮਕੀਆਂ ਦਿਤੀਆਂ ਗਈਆਂ ਹਨ ।
ਇਸ ਸਬੰਧੀ ਜਦੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਮਾਰਕਿਟਿੰਗ ਮੈਨੇਜਰ ਪਰਮਜੀਤ ਸਿੰਘ ਨਾਲ ਉਨਾਂ ਦੇ ਮੋਬਾਇਲ ਨੰਬਰ 9592909995 ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾ ਨੇ ਕਾਫੀ ਫੋਨ ਕਰਨ ਦੇ ਬਾਵਜੂਦ ਫੋਨ ਨਹੀ ਚਕਿਆ।