ਅੰਮ੍ਰਿਤਸਰ:- ਸਿੰਘ ਸਾਹਿਬ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅੱਜ ਵਿਦੇਸ਼ ਤੋਂ ਪਰਤਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਧੀਕ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ ਤੇ ਗਿਆਨੀ ਮੱਲ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਸੇਵਾ ਸੰਭਾਲ ਮੌਕੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ, ਗਿਆਨੀ ਰਵੇਲ ਸਿੰਘ ਗ੍ਰੰਥੀ, ਗਿਆਨੀ ਜਸਵਿੰਦਰ ਸਿੰਘ ਗ੍ਰੰਥੀ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਸ.ਰੂਪ ਸਿੰਘ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਗੁਰਿੰਦਰ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਰਾਜਦੀਪ ਸਿੰਘ ਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਏ, ਗਿਆਨੀ ਅਮਰਜੀਤ ਸਿੰਘ ਤੇ ਭਾਈ ਅਮਨਦੀਪ ਸਿੰਘ ਮੌਜੂਦ ਸਨ।
ਉਪਰੰਤ ਟੀ.ਵੀ. ਚੈਨਲਾਂ ਦੇ ਰਿਪੋਟਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਉਹ ਅੱਜ ਸਵੇਰੇ ਹੀ ਵਿਦੇਸ਼ (ਅਮਰੀਕਾ) ਤੋਂ ਵਾਪਸ ਪਰਤੇ ਹਨ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜਾਰ ਹਨ, ਜਿੰਨ੍ਹਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਹਿਲਾਂ ਵੀ ਬਤੌਰ ਗ੍ਰੰਥੀ ਸੇਵਾ ਲੈਂਦੇ ਰਹੇ ਹਨ ਤੇ ਹੁਣ ਬਤੌਰ ਮੁੱਖ ਗ੍ਰੰਥੀ ਦੀ ਸੇਵਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂੰਹ ਅੰਤ੍ਰਿੰਗ ਕਮੇਟੀ ਮੈਂਬਰ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹਨ, ਜਿੰਨ੍ਹਾਂ ਨੇ ਮੇਰੇ ਤੇ ਵਿਸ਼ਵਾਸ਼ ਕਰਕੇ ਇਹ ਵੱਡੀ ਜਿੰਮੇਵਾਰੀ ਸੌਂਪੀ ਹੈ। ਮੈਂ ਇਸ ਜਿੰਮੇਵਾਰੀ ਨੂੰ ਪੂਰੀ ਸ਼ਰਧਾ ਭਾਵਨਾਂ, ਮਰਯਾਦਾ ਤੇ ਸਤਿਕਾਰ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਉਹ ਹਰੇਕ ਦਾ ਸਤਿਕਾਰ ਕਰਦੇ ਹਨ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਾਰਿਆਂ ਨੂੰ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਣੀ ਹੋਵੇਗੀ।