ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਨਵੀਂ ਦਿੱਲੀ ਅਤੇ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਚਾਂਦਨੀ ਚੌਂਕ, ਨਵੀਂ ਸੜਕ,ਚਾਵੜੀ ਬਾਜ਼ਾਰ,ਅਜਮੇਰੀ ਗੇਟ,ਪੁਲ ਪਹਾੜ ਗੰਜ,ਦੇਸ਼ਬੰਧੂ ਗੁਪਤਾ ਰੋਡ,ਚੂਨਾ ਮੰਡੀ,ਮੇਨ ਬਾਜ਼ਾਰ ਪਹਾੜਗੰਜ,ਬਸੰਤ ਰੋਡ,ਪੰਚ ਕੂਈਆਂ ਰੋਡ,ਗੋਲ ਮਾਰਕਿਟ, ਗੁਰਦੁਆਰਾ ਬੰਗਲਾ ਸਾਹਿਬ ਮਾਰਗ,ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਤ ਪੰਤ ਮਾਰਗ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚਿਆ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਭਜਨ ਸਿੰਘ ਵਾਲੀਆ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੋਸਤਾਨ ਵਿੱਚ ਜਦੋਂ ਮੁਗਲ ਸ਼ਾਸਕ ਔਰੰਗਜੇਬ ਵੱਲੋਂ ਹਿੰਦੂ ਧਰਮ ਅਤੇ ਸੰਸਕ੍ਰਿਤੀ ਨੂੰ ਤਬਾਹ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਤਾਂ ਉਸ ਸਮੇਂ ਕੇਵਲ ਗੁਰੁ ਤੇਗ ਬਹਾਦਰ ਜੀ ਹੀ ਇਸ ਸੰਸਕ੍ਰਿਤੀ ਨੂੰ ਬਚਾਉਣ ਲਈ ਅੱਗੇ ਆਏ। ਮੁਗਲ ਹਕੂਮਤ ਵੱਲੋਂ ਸਖਤੀ ਦਾ ਦੌਰ ਏਨਾ ਕਰੜਾ ਸੀ ਕਿ ਸਤਾਏ ਹੋਏ ਲੋਕਾਂ ਦਾ ਦੁੱਖ ਸੁਣਨ ਲਈ ਕੋਈ ਵੀ ਤਿਆਰ ਨਹੀਂ ਸੀ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ,ਗੁਰੁ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰ, ਬੈਂਡ ਵਾਜੇ ਅਤੇ ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਤਰਨ ਦੀ ਸੋਭਾ ਵਧਾ ਰਹੇ ਸਨ।ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੈ ਸ਼ਸਤਰਾਂ ਰਾਹੀਂ ਆਪਣੀ ਕਲਾਂ ਦੇ ਜੌਹਰ ਵਿਖਾ ਰਹੇ ਸਨ।
ਸ੍ਰੀ ਗੁਰੁ ਗਰੰਥ ਸਾਹਿਬ ਦੀ ਸਵਾਰੀ ਦੇ ਸਵਾਗਤ ਵਿੱਚ ਜਗ੍ਹਾ ਜਗ੍ਹਾ ਗੁਰੁ ਮਹਾਰਾਜ ਦੇ ਸਤਿਕਾਰ ਲਈ ਇਲਾਕੇ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਬਣਾਏ ਹੋਏ ਸਨ। ਸ਼ਬਦ ਕੀਰਤਨੀ ਜੱਥੇ ਤੇ ਅਖੰਡ ਕੀਰਤਨੀ ਜੱਥੇ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਰਹੇ ਸਨ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ।