ਅੰਮ੍ਰਿਤਸਰ:- ਹਰਿਆਣਾ ਦੇ ਸਿਰਸਾ ਸਥਿਤ ਡੇਰੇ ਦੇ ਪ੍ਰੇਮੀਆਂ ਵੱਲੋਂ ਸਿੱਖ ਸੰਗਤਾਂ ਤੇ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ। ਇਸ ਹਮਲੇ ਨਾਲ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਸੋਚੀ-ਸਮਝੀ ਚਾਲ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਹੁਲੜਬਾਜੀ ਕਰਨੀ ਕਿਸੇ ਪਾਸਿਉਂ ਵੀ ਜਾਇਜ਼ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਿਛਲੇ ਦਿਨੀਂ ਸਿਰਸਾ ਵਿਖੇ ਸਿੱਖ ਸੰਗਤਾਂ ਤੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੰਦਭਾਗੀ ਘਟਨਾ ਸਬੰਧੀ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਹਰਿਆਣਾ ਸਰਕਾਰ ਦੀ ਇਕਤਰਫਾ ਸੋਚ ਨੂੰ ਸਿੱਖ ਵਿਰੋਧੀ ਗਰਦਾਨਦਿਆਂ ਕਿਹਾ ਕਿ ਹਰਿਆਣਾ ਸਰਕਾਰ ਡੇਰਾ ਪ੍ਰੇਮੀਆਂ ਦੀਆਂ ਆਪ-ਹੁਦਰੀਆਂ ਤੇ ਲਗਾਮ ਪਾਉਣ ਲਈ ਸੁਹਿਰਦ ਨਹੀਂ ਹੈ, ਜਿਸ ਕਾਰਨ ਅਜਿਹਾ ਕਾਂਡ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਡੇਰਾ ਸਿਰਸਾ ਦੇ ਚੇਲਿਆਂ ਵੱਲੋਂ ਅਜਿਹੀ ਹੁੱਲੜਬਾਜੀ ਕੀਤੀ ਜਾਂਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀਆਂ ਕਾਂਗਰਸ ਸਰਕਾਰਾਂ ਦੀ ਨੀਅਤ ਸਾਫ ਨਹੀਂ ਹੈ ਅਤੇ ਜਾਣ-ਬੁੱਝ ਕੇ ਕਾਂਗਰਸ ਵੱਲੋਂ ਆਪਣੀਆਂ ਸਿੱਖ ਵਿਰੋਧੀ ਚਾਲਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਨਿਰਪੱਖ ਹੋ ਕੇ ਸਾਰੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਸਿੱਖਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।