ਆਕਲੈਂਡ ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਆਉਣ ਤੋਂ ਪਹਿਲਾਂ ਕਿਹੜੇ ਕਾਲਜ ਵਿਚ ਦਾਖਲਾ ਲੈਣਾ ਹੈ, ਦੀ ਘੋਖ ਕਰਨੀ ਹੋਏਗੀ ਕਿਉਂਕਿ ਇਥੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਦਿਨੀਂ ਚਾਰ ਸਿਖਿਆ ਸੰਸਥਾਨਾਂ ਦੀਆਂ ਮੁੱਖ ਅਤੇ ਬਾਕੀ ਸ਼ਹਿਰਾਂ ਦੀ ਸ਼ਾਖਾਵਾਂ ਉਤੇ ਅਗਾਂਹ ਵਾਸਤੇ ਵਿਦਿਆਰਥੀਆਂ ਨੂੰ ਦਾਖਲ ਕਰਨ ਉਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਸਿਖਿਆ ਸੰਸਥਾਵਾਂ ਦੇ ਵਿਚ ਸ਼ਾਮਿਲ ਹਨ ‘ਨੈਸ਼ਨਲ ਇੰਸਟੀਚਿਊਟ ਆਫ਼ ਸਟੱਡੀਜ਼-ਆਕਲੈਂਡ, ਟੌਰੰਗਾ, ਉਟਾਹੂਹੂ ਅਤੇ ਕ੍ਰਾਈਸਟਚਰਚ’, ‘ਈ.ਡੀ. ਐਨ. ਜੈਡ ਕਾਲਜ-ਆਕਲੈਂਡ ਤੇ ਟੌਰੰਗਾ’,‘ਓਏਟੀਰੋਆ ਆਕਲੈਂਡ’ ਅਤੇ ‘ਨਿਊਜ਼ੀਲੈਂਡ ਸਕੂਲ ਆਫ਼ ਬਿਜਨਸ ਐਂਡ ਗਵਰਨਮੈਂਟ-ਆਕਲੈਂਡ, ਕ੍ਰਾਈਸਟਚਰਚ ਅਤੇ ਵਲਿੰਗਟਨ’। ਇਨ੍ਹਾਂ ਵਿਚੋਂ ਕੁਝ ਸੰਸਥਾਨ ਉਚ ਦਰਜੇ ਦੇ ਮਾਪਦੰਢ ਜਿਵੇਂ ਆਈ. ਐਸ. ਓ. 902 ਤੱਕ ਦਾ ਸਟੈਂਡਰਡ ਰੱਖਦੇ ਸਨ। ਇਨ੍ਹਾਂ ਸਾਰੇ ਕਾਲਜਾਂ ਦੇ ਵਿਚ ਬਹੁ ਗਿਣਤੀ ਦੇਸ਼ ਤੋਂ ਬਾਹਰਲੇ ਵਿਦਿਆਰਥੀਆਂ ਦੀ ਹੁੰਦੀ ਸੀ ਅਤੇ ਇਕ ਦੋ ਸੰਸਥਾਨਾਂ ਦੇ ਵਿਚ ਬਹੁ-ਗਿਣਤੀ ਭਾਰਤੀਆਂ ਦੀ ਹੀ ਹੁੰਦੀ ਸੀ। ਇਨ੍ਹਾਂ ਸਕੂਲਾਂ ਦੇ ਵਿਚ ਦੂਜੀਆਂ ਭਾਸ਼ਾਵਾਂ ਸਿੱਖਣ ਵਾਸਤੇ ਜਿਆਦਾ ਵਿਦਿਆਰਥੀ ਆਉਂਦੇ ਸਨ ਅਤੇ ਇਹ ਸਕੂਲ ‘ਪ੍ਰਾਈਵੇਟ ਟ੍ਰੇਨਿੰਗ ਇਸਟੈਬਲਿਸ਼ਮੈਂਟ’ ਦੀ ਸ਼੍ਰੇਣੀ ਅੰਦਰ ਸਨ। ਇਨ੍ਹਾਂ ਸਕੂਲਾਂ ਦੀ ਸਿਖਿਆ ਜਿਥੇ ਕਮਜੋਰ ਪੱਧਰ ਦੀ ਪਾਈ ਗਈ ਹੈ ਉਥੇ ਇਹ ਪੜ੍ਹਤਾਲ ਵੀ ਚੱਲ ਰਹੀ ਹੈ ਕਿ ਵਿਦਿਆਰਥੀਆਂ ਦਾ ਕੰਮ ਕਾਰ ਕਰਨ ਵੇਲੇ ਸੋਸ਼ਣ ਵੀ ਹੁੰਦਾ ਰਿਹਾ ਹੈ। ਬਹੁਤੇ ਸਿਖਿਆ ਸੰਸਥਾਨ ਇਕ ਵੱਡੀ ਇਮਾਰਤ ਦੇ ਵਿਚ ਕੁਝ ਕਮਰੇ ਲੈ ਕੇ ਬਣਾਏ ਗਏ ਹਨ ਅਤੇ ਪੜ੍ਹਾਉਣ ਵਾਲੇ ਵੀ ਰਜਿਸਟਰਡ ਨਾ ਹੋ ਕੇ ਤਜ਼ਰਬੇਕਾਰ ਹੀ ਰੱਖੇ ਗਏ ਸਨ। ਕੁਝ ਕਾਲਜਾਂ ਦਾ ਸਬੰਧ ਕੰਮ ਕਰਵਾਉਣ ਵਾਲੇ ਠੇਕੇਦਾਰਾਂ ਨਾਲ ਵੀ ਜੋੜਿਆ ਜਾ ਰਿਹਾ ਹੈ, ਜਿਸ ਬਾਰੇ ਹੋਰ ਰਿਪੋਰਟ ਆ ਸਕਦੀ ਹੈ। ਇਨ੍ਹਾਂ ਕਾਲਜਾਂ ਸਬੰਧੀ ਇਕ ਵਿਸ਼ੇਸ਼ ਰਿਪੋਰਟ ਇਥੇ ਦੇ ਟੀ.ਵੀ. ਚੈਨਲ ਉਤੇ ਵੀ ਪ੍ਰਸਾਰਿਤ ਕੀਤੀ ਗਈ ਹੈ ਜਿਸ ਨਾਲ ਇਥੇ ਦੀਆਂ ਬਾਕੀ ਸਿਖਿਆਂ ਸੰਸਥਾਵਾਂ ਦੇ ਮਾਪਦੰਢਾਂ ਨੂੰ ਲੈ ਕੇ ਕੰਨ ਵੀ ਖੜ੍ਹੇ ਹੋ ਗਏ ਹਨ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਚਾਰ ਸਿੱਖਿਆ ਸੰਸਥਾਨ ਨਵੇਂ ਵਿਦਿਆਰਥੀਆਂ ਲਈ ਕੀਤੇ ਬੰਦ
This entry was posted in ਅੰਤਰਰਾਸ਼ਟਰੀ.