ਮੁੰਬਈ- ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੇ ਪਹਿਲੇ ਟੈਸਟ ਦੌਰਾਨ 9 ਵਿਕਟਾਂ ਨਾਲ ਹੋਈ ਹਾਰ ਦਾ ਬਦਲਾ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਹਰਾਕੇ ਲਿਆ। ਟੈਸਟ ਮੈਚ ਦੇ ਚੌਥੇ ਦਿਨ ਪੂਰੀ ਭਾਰਤੀ ਟੀਮ ਸਿਰਫ 142 ਦੌੜਾਂ ਬਣਾਕੇ ਹੀ ਆਲ ਆਊਟ ਹੋ ਗਈ, ਜਿਸ ਕਰਕੇ ਇੰਗਲੈਂਡ ਦੀ ਟੀਮ ਨੂੰ 57 ਦੌੜਾਂ ਦਾ ਟੀਚਾ ਮਿਲਿਆ ਅਤੇ ਇੰਗਲੈਂਡ ਦੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਇਸਨੂੰ ਹਾਸਲ ਕਰਕੇ ਭਾਰਤੀ ਟੀਮ ਨੂੰ ਆਸਾਨੀ ਨਾਲ 10 ਵਿਕਟਾਂ ਨਾਲ ਹਰਾ ਦਿੱਤਾ।
ਦੂਜੀ ਪਾਰੀ ਦੌਰਾਨ ਕੁੱਕ ਨੇ ਬਿਨਾਂ ਆਊਟ ਹੋਏ 18 ਦੌੜਾਂ ਅਤੇ ਕਾਪਟਨ ਨੇ 30 ਦੌੜਾਂ ਬਣਾਈਆਂ। ਭਾਰਤੀ ਟੀਮ ਨੂੰ ਹਰਾਕੇ ਇੰਗਲੈਂਡ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਮੈਚ ਦੌਰਾਨ ਜਿਥੇ ਭਾਰਤੀ ਗੇਂਦਬਾਜ਼ ਇੰਗਲੈਂਡ ਦੇ ਖਿਡਾਰੀਆਂ ਨੂੰ ਆਊਟ ਕਰਨ ਵਿਚ ਨਾਕਾਮ ਰਹੇ, ਉਥੇ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਨੇ ਵੀ ਆਸਾਨੀ ਨਾਲ ਗੋਡੇ ਟੇਕ ਦਿੱਤੇ। ਪਹਿਲੀ ਪਾਰੀ ਵਿਚ ਸਿਰਫ਼ ਪੁਜਾਰਾ ਅਤੇ ਆਰ ਅਸ਼ਵਿਨ ਤੋਂ ਬਿਨਾਂ ਭਾਰਤੀ ਬੱਲੇਬਾਜ਼ਾਂ ਨੇ ਕੋਈ ਖਾਸ ਸਕੋਰ ਖੜਾ ਨਹੀਂ ਕੀਤਾ ਅਤੇ ਦੂਜੀ ਪਾਰੀ ਵਿਚ ਗੌਤਮ ਗੰਭੀਰ ਤੋਂ ਬਿਨਾਂ ਹੋਰ ਕਿਸੇ ਬੱਲੇਬਾਜ਼ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਨਹੀਂ ਕੀਤਾ।
ਪਹਿਲੀ ਪਾਰੀ ਦੌਰਾਨ ਭਾਰਤੀ ਟੀਮ ਵਲੋਂ 327 ਦੌੜਾਂ ਬਣਾਈਆਂ ਗਈਆਂ। ਇਸਦੇ ਜਵਾਬ ਵਿਚ ਇੰਗਲੈਂਡ ਦੇ ਖਿਡਾਰੀਆਂ ਨੇ 413 ਦੌੜਾਂ ਬਣਾਕੇ 86 ਦੌੜਾਂ ਦੀ ਲੀਡ ਹਾਸਲ ਕਰ ਲਈ। ਦੂਜੀ ਇੰਨਿੰਗ ਦੌਰਾਨ ਭਾਰਤੀ ਖਿਡਾਰੀ 142 ਦੌੜਾਂ ਬਣਾਕੇ ਆਲ ਆਊਟ ਹੋ ਗਏ। ਇੰਗਲੈਂਡ ਦੀ ਟੀਮ ਨੂੰ ਜਿੱਤ ਲਈ ਸਿਰਫ਼ 57 ਦੌੜਾਂ ਚਾਹੀਦੀਆਂ ਸਨ, ਜੋ ਉਨ੍ਹਾਂ ਨੇ ਬਿਨਾਂ ਕੋਈ ਵਿਕਟ ਗੁਆਏ ਬਣਾ ਲਈਆਂ।
ਇੰਗਲੈਂਡ ਦੀ ਟੀਮ ਵਲੋਂ ਮਾਂਟੀ ਪਨੇਸਰ ਨੇ ਸਭ ਤੋਂ ਵੱਧ 11 ਵਿਕਟਾਂ ਆਪਣੇ ਨਾਮ ਕੀਤੀਆਂ। ਭਾਰਤੀ ਟੀਮ ਵਲੋਂ ਪੁਜਾਰਾ ਨੇ 135 ਦੌੜਾਂ ਬਣਾਈਆਂ ਅਤੇ ਇਸਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਵਲੋਂ ਕੁਕ ਨੇ 122 ਦੌੜਾਂ ਅਤੇ ਕੇਵਿਨ ਪੀਟਰਸਨ ਨੇ 186 ਬਣਾਈਆਂ। ਇੰਗਲੈਂਡ ਦੇ ਖਿਡਾਰੀ ਕੇਵਿਨ ਪੀਟਰਸਨ ਨੂੰ ‘ਮੈਨ ਆਫ਼ ਦ ਮੈਚ’ ਚੁਣਿਆਂ ਗਿਆ।