ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬ ਦੀਆਂ ਤਿੰਨ ਬ੍ਰਾਹਮਣ ਸਭਾਵਾਂ ਵੱਲੋਂ ਸਾਂਝੇ ਤੌਰ ’ਤੇ ਦੁਰਗਾ ਮੰਦਰ ਮਾਈਸਰ ਖਾਨਾ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਤੱਕ ਇਕ ‘ਰਿਣ-ਉਤਾਰ ਯਤਨ ਯਾਤਰਾ’ 22 ਤੋਂ 24 ਨਵੰਬਰ ਤੱਕ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤੀ ਹੇਠ ਕੀਤੀ ਗਈ। ਯਾਤਰਾ ਦਾ ਮੁੱਖ ਮਨੋਰਥ ਦੱਸਿਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਅਤੇ ਤਿਲਕ-ਜੰਜੂ ਦੀ ਰਾਖੀ ਲਈ ਆਪਣਾ ‘ਬਲੀਦਾਨ’ ਦਿੱਤਾ ਸੀ, ਇਸ ਲਈ ਹਿੰਦੂ ਸਮਾਜ ਆਪਣਾ ਫਰਜ਼ ਪਛਾਣ ਕੇ ਗੁਰੂ ਨੂੰ ਸ਼ਰਧਾ ਸਹਿਤ ਪ੍ਰਣਾਮ ਕਰਨ ਜਾ ਰਿਹਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਬ੍ਰਾਹਮਣ ਸਭਾਵਾਂ ਦੋ ਅਜਿਹੀਆਂ ਯਾਤਰਾਵਾਂ ਕਰ ਚੁੱਕੀਆਂ ਹਨ। ਪਹਿਲੀ ਯਾਤਰਾ ਦੁਰਗਾ ਮੰਦਰ ਮਾਈਸਰ ਖਾਨੇ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਅਤੇ ਦੂਜੀ ਯਾਤਰਾ ਇਸੇ ਮੰਦਰ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਂਕ ਤੱਕ ਕੀਤੀ ਗਈ ਸੀ। ਇਹਨਾਂ ਤਿੰਨੇ ਯਾਤਰਾਵਾਂ ਵਿਚ ਵੱਖ-ਵੱਖ ਸਮੇਂ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਗੋਬਿੰਦਗੜ੍ਹ, ਦੂਜੀ ਮਾਲਵਾ ਪ੍ਰਾਂਤੀਆਂ ਬ੍ਰਾਹਮਣ ਸਭਾ (ਰਜਿ:) ਮਾਈਸਰ ਖਾਨਾ ਅਤੇ ਤੀਸਰਾ ਸਰਵ ਕਲਿਆਣਾ ਬ੍ਰਾਹਮਣ ਸੰਮਤੀ (ਰਜਿ:) ਬਠਿੰਡਾ ਨੇ ਹਿੱਸਾ ਲਿਆ। ਇਹਨਾਂ ਤਿੰਨੇ ਯਾਤਰਾਵਾਂ ਦੇ ਬਾਹਰੀ ਪ੍ਰਭਾਵ ਅਤੇ ਅੰਦਰੂਨੀ ਮੰਤਵ ਇਕੋ ਹੀ ਸਨ। ਜਿਥੇ ਪਹਿਲੀਆਂ ਦੋ ਯਾਤਰਾਵਾਂ ਵਿਚ ਮੰਤਵ ਨੂੰ ਲੁਕਵੇਂ ਰੂਪ ਵਿਚ ਰੱਖਿਆ ਗਿਆ ਸੀ, ਉਸ ਦੀ ਬਜਾਏ ਇਸ ਵਾਰ ਇਸ ਦੀ ਤੀਬਰਤਾ ਸਾਫ ਰੂਪ ਵਿਚ ਦਿਸਦੀ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ (ਬ) ਨਾਲ ਸਬੰਧਤ ਪੁਰਾਣੇ ਅਤੇ ਨਵੇਂ ਮੈਂਬਰਾਂ ਨੂੰ ਹਦਾਇਤਾਂ ਸਨ ਕਿ ਉਹ ਮੁੱਖ ਮਾਰਗਾਂ ’ਤੇ ਯਾਤਰਾ ਦਾ ਭਰਵਾਂ ਸਵਾਗਤ ਕਰਨ। ਜਿਥੇ ਦੁਰਗਾ ਮੰਦਰ ਮਾਈਸਰ ਖਾਨਾ ਤੋਂ ਇਸ ਯਾਤਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵਾਨਾ ਕੀਤਾ, ਉਥੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵਾਸਤੇ ਰਵਾਨਗੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਡਿਕਟੇਟਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਰਵਾਨਾ ਕੀਤਾ। ਮੁੱਖ ਮੰਤਰੀ ਨੇ ਰਵਾਨਗੀ ਸਮੇਂ ਐਲਾਨ ਵੀ ਕੀਤਾ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ। ਇਹ ਸਿੱਖ ਸ਼ਹੀਦਾਂ ਨੂੰ ਵੀ ਪੰਜਾਬ ਦੀਆਂ ਬ੍ਰਾਹਮਣ ਸਭਾਵਾਂ ਹਿੰਦੂ ਸ਼ਹੀਦ ਆਖਣ ਲਈ ਬਜਿੱਦ ਹੈ।
(ੳ) ਰਿਣ ਉਤਾਰਨ ਦਾ ਯਤਨ :- ਯਾਤਰਾ ਦਾ ਨਾਮ ‘ਰਿਣ ਉਤਾਰਨ ਯਤਨ ਯਾਤਰਾ’ ਆਪਣੇ ਆਪ ਵਿਚ ਸੰਦੇਹ ਪੂਰਨ ਹੈ। ਜੇ ਯਾਤਾਰਵਾਂ ਦੇ ਪਿੱਛੇ ਭਾਵਨਾ ਪਵਿੱਤਰ ਹੁੰਦੀ ਤਾਂ ਇਸ ਦਾ ਨਾਮ ‘ਸ਼ੁਕਰਾਨਾ ਯਾਤਰਾ’ ਹੋਣਾ ਸੀ। ‘ਰਿਣ ਤੋਂ ਭਾਵ ਅਜਿਹਾ ਕਰਜਾ ਹੁੰਦਾ ਹੈ ਜਿਸ ਨੂੰ ਲੋੜ ਸਮੇਂ ਮਜ਼ਬੂਰੀ ਵੱਸ ਲਿਆ ਜਾਂਦਾ ਹੈ, ਪਰ ਸੌਖੇ ਸਮੇਂ ਇਸ ਨੂੰ ਉਤਾਰ ਕੇ ਭਾਰ ਮੁਕਤ ਹੋਇਆ ਜਾ ਸਕਦਾ ਹੈ। ਸਾਫ ਹੈ ਕਿ ਇਹਨਾਂ ਯਾਤਰਾ ਦੇ ਪਿਛਲਾ ਮੰਤਵ ਹੋਰ ਗੱਲਾਂ ਦੇ ਨਾਲ-ਨਾਲ ਇਹ ਅਹਿਸਾਸ ਕਰਵਾਉਣਾ ਹੈ ਕਿ ਹਿੰਦੂ ਸਮਾਜ ਇਹਨਾਂ ਯਾਤਰਾਵਾਂ ਨਾਲ ਰਿਣ-ਮੁਕਤ ਹੋਣ ਦੇ ਰਾਹ’ ਦੇ ਯਤਨਾਂ ਵਿਚ ਹੈ।
(ਅ) ਬ੍ਰਾਹਮਣ ਸਭਾਵਾਂ ਦਾ ਆਪਣਾ ਉਦੇਸ਼ :- ਤੀਸਰੀ ਯਾਤਰਾ ਦੇ ਉਦੇਸ਼ਾਂ ਬਾਰੇ ‘ਆਖੰਡ ਜੋਤ’ ਪਰਚੇ ਦੇ ਸੰਪਾਦਕੀ ਵਿਚ ਐਡਵੋਕੇਟ ਸੁਰਿੰਦਰ ਪਾਲ ਸ਼ਰਮਾ ਲਿਖਦੇ ਹਨ ਕਿ ਇਹਨਾਂ ਯਾਤਰਾਵਾਂ ਦਾ ਮੰਤਵ ਰਾਜਸੀ ਲਾਭ ਉਠਾਉਣ ਦੀ ਥਾਂ ਹਿੰਦੂ-ਸਿੱਖਾਂ ਦੀਆਂ ਦੋ ਵੱਡੀਆਂ ਕਮਿਊਨਿਟੀਆਂ ਨੂੰ ਜੋੜਨਾ ਹੈ, ਇਹਨਾਂ ਦੇ ਇਕ ਹੋ ਜਾਣ ਨਾਲ ਹੀ ਸਮਾਜ ਦਾ ਕਲਿਆਣ ਹੈ। ਇਸੇ ਤਰ੍ਹਾਂ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਲਿਖਦੇ ਹਨ ਕਿ ‘‘ਜਥੇਬੰਦੀ ਸਮੁੱਚੇ ਬ੍ਰਾਹਮਣ ਸਮਾਜ ਦੇ ਹਿੱਤ ਅਤੇ ਉਥਾਨ ਲਈ ਲਗਾਤਾਰ ਸੰਘਰਸ਼ਸ਼ੀਲ ਅਤੇ ਕ੍ਰਮਸ਼ੀਲ ਹੈ। ਆਪਣੇ ਉਦੇਸ਼ਾਂ ਅਤੇ ਹਿੱਤਾਂ ਦੀ ਪੂਰਤੀ ਲਈ ਲੱਗਭਗ ਪਿਛਲੇ 50 ਸਾਲਾਂ ਤੋਂ ਸੰਘਰਸ਼ ਦੇ ਪਥ ’ਤੇ ਗਾਮਜ਼ਮ ਹੈ’’।
ਇਹਨਾਂ ਦੋ ਪ੍ਰਮੁੱਖ ਬ੍ਰਾਹਮਣ ਆਗੂਆਂ ਦੀਆਂ ਲਿਖਤੀ ਲਾਈਨਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹਨਾਂ ਸਭਾਵਾਂ ਦਾ ਮਨੋਰਥ ਬ੍ਰਾਹਮਣ ਸਮਾਜ ਦਾ ਉਥਾਨ ਕਰਨਾ ਹੈ, ਜਿਸ ਲਈ ਉਹ ਅਜ਼ਾਦੀ ਤੋਂ ਬਾਅਦ ਲਗਾਤਾਰ ਸੰਘਰਸ਼ ਕਰ ਰਹੀ ਹੈ। ਆਪਣੇ ਹਿੱਤਾਂ ਅਤੇ ਉਥਾਨ ਲਈ ਉਹ ਹਿੰਦੂ ਅਤੇ ਸਿੱਖ ਕਮਿਊਨਿਟੀਆਂ ਨੂੰ ਜੋੜਨਾ ਸਮਾਜ ਲਈ ਕਲਿਆਣਕਾਰੀ ਸਮਝਦੀ ਹੈ।
(ੲ) ਬ੍ਰਾਹਮਣ ਸਭਾਵਾਂ ਦਾ ਕੁਟਲ ਉਦੇਸ਼ :- ਇਹ ਬ੍ਰਾਹਮਣ ਸਭਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਮਹਿਜ਼ ‘ਬਲੀਦਾਨ’ ਮੰਨਦੀਆਂ ਹਨ, ਜਿਹੜਾ ਉਹਨਾਂ ਨੇ ਹਿੰਦੂ ਧਰਮ ਅਤੇ ਤਿਲਕ-ਜੰਜੂ ਦੀ ਰਾਖੀ ਲਈ ਦਿੱਤਾ। ਬੀਬੀ ਰਿਦਮ ਸ਼ਰਮਾ ਦਾ ਕਹਿਣਾ ਹੈ ਕਿ ‘ਭਾਰਤੀ ਸਮਾਜ’ ਨੂੰ ਜਗਾਉਣ ਵਿਚ ਗੁਰੂਆਂ, ਪੀਰਾਂ ਦੀਆਂ ਲੜਾਈਆਂ ਅਤੇ ਸ਼ਹੀਦਾਂ ਵਿਚ ਬ੍ਰਾਹਮਣ ਸਮਾਜ ਨੇ ਜੋ ਹਿੱਸਾ ਪਾਇਆ ਇਹ ਯਾਤਰਾਵਾਂ ਲੋਕਾਂ ਨੂੰ ਦੱਸਣ ਦਾ ਇਹ ਨਿਗੂਣਾ ਜਿਹਾ ਯਤਨ ਹੈ। ਇਸ ਬੀਬੀ ਦੇ ਦਾਦਾ ਸੁਰਿੰਦਰ ਪਾਲ ਸ਼ਰਮਾ 1995 ਵਿਚ ਕੀਤੀ ਗਈ ਪਹਿਲੀ ਯਾਤਰਾ ਨੂੰ ਯਾਦ ਕਰਰਦੇ ਹੋਈ ਭਾਈ ਮਤੀ ਦਾਸ, ਭਾਈ ਸਤੀ ਦਾਸ ਨੂੰ ਬ੍ਰਾਹਮਣ ਸ਼ਹੀਦ ਦੱਸਦੇ ਹਨ। (ਨੋਟ :- ਆਪਣੀ ਲਿਖਤ ਵਿਚ ਸੁਰਿੰਦਰ ਪਾਲ ਸ਼ਰਮਾ ਜੀ ਨੇ ਇਹਨਾਂ ਸ਼ਹੀਦਾਂ ਨਾਲ ‘ਭਾਈ’ ਸ਼ਬਦ ਨਹੀਂ ਲਾਇਆ, ਕਿਉਂਕਿ ਭਾਈ ਕਹਿਣ ਨਾਲ ਸ਼ਹੀਦਾਂ ਦਾ ਸਿੱਖ ਹੋਣਾ ਪ੍ਰਭਾਸ਼ਿਤ ਹੁੰਦਾ ਹੈ) ਮੇਘ ਨਾਥ ਸ਼ਰਮਾ ‘ਅਖੰਡ ਜੋਤ’ ਦੇ ਦੋ ਸ਼ਬਦਾਂ ਵਿਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਬ੍ਰਾਹਮਣ ਵੰਸਜ਼’ ਦੱਸਦੇ ਹਨ। ਉਹਨਾਂ ਅਨੁਸਾਰ ਇਹਨਾਂ ਸ਼ਹੀਦਾਂ ਨੇ ਖ਼ਾਲਸਾ ਪੰਥ ਦੇ ਲਹੂ ਭਿੱਜੇ ਇਤਿਹਾਸ ਵਿਚ ਆਪਣਾ ਯੋਗਦਾਨ ਪਾਇਆ। ਬ੍ਰਾਹਮਣ ਸਭਾ ਪੰਜਾਬ (ਰਜਿ:) ਜਿਥੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਬ੍ਰਾਹਮਣ ਸ਼ਹੀਦ ਮੰਨਦੀ ਹੈ, ਉਥੇ ਸਿੱਖ ਭੱਟਾਂ ਅਤੇ ਭਗਤਾਂ ਵਿਚੋਂ ਭਗਤ ਜੈ ਦੇਵ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ, ਭਗਤ ਸੂਰਦਾਸ ਜੀ, ਗਿਆਰਾਂ ਭੱਟਾਂ, ਪ੍ਰਚਾਰਕ ਮੰਜੀਆਂ ਸਮੇਤ ਪ੍ਰਚਾਰਕਾਂ ਅਤੇ ਹੋਰ ਸਿੱਖ ਸ਼ਹੀਦਾਂ ਵਿਚੋਂ ਬ੍ਰਾਹਮਣ ਅਧਾਰਿਤ ਸਿੱਖਾਂ ਦਾ ਨਿਖੇੜਾ ਕਰਦੀ ਹੈ। ਇਹ ਸਭਾ ਦੀ ਨੀਤ ਦਾ ਮੰਤਵ ਉਸ ਵੇਲੇ ਸਾਫ਼ ਹੋ ਜਾਂਦਾ ਹੈ, ਜਦੋਂ ਉਹ ਇਕ ਸਰਕਾਰੀ ਪੀ.ਪੀ.ਐਸ./ ਆਈ.ਪੀ.ਐਸ. ਅਫ਼ਸਰ ਦੀ ਵਿਵਾਦ ਗ੍ਰਸਤ ਪੁਸਤਕ ‘ਬ੍ਰਾਹਮਣ ਭਲਾ ਆਖੀਐ’ ਦੀ ਸਿਫਾਰਸ ਕਰਦੀ ਆਖਦੀ ਹੈ ਕਿ ‘ਬ੍ਰਾਹਮਣ ਸਮਾਜ ਦੀ ਸਿੱਖ ਧਰਮ ਨੂੰ ਦੇਣ’ ਜਾਨਣ ਲਈ ਇਹ ਪੁਸਤਕ ਜਰੂਰੀ ਪੜ੍ਹੀ ਜਾਵੇ। ਜਦਕਿ ਸਿੱਖ ਵਿਦਵਾਨ ਪਹਿਲਾਂ ਹੀ ਇਹ ਕਿਤਾਬ ਨੂੰ ਰੱਦ ਕਰ ਚੁੱਕੇ ਹਨ।
(ਸ) ਬ੍ਰਾਹਮਣ ਸਭਾਵਾਂ ਦੀ ਦੁਬਿਧਾ ਜਾ ਖੋਟ ? :- ਤੀਜੀ ਕਥਿਤ ‘ਰਿਣ-ਉਤਾਰ ਯਤਨ ਯਾਤਰਾ’ ਸਮੇਂ ਇਸ ਗੱਲ ਦਾ ਖੂਬ ਪ੍ਰਚਾਰ ਕੀਤਾ ਗਿਆ ਕਿ ਇਹ ਯਾਤਰਾ ਨਾਲ ਭਾਈਚਾਰਕ ਸਾਂਝ ਵਧੇਗੀ। ਯਾਤਰਾ ਸਮੇਂ ਹਿੰਦੂ ਸਿੱਖ ਏਕਤਾ ਜਿੰਦਾਬਾਦ ਅਤੇ ‘ਭਾਈਚਾਰਕ ਏਕਤਾ ਜਿੰਦਾਬਾਦ’ ਦੇ ਨਾਹਰੇ ਜਾਂਦੇ ਰਹੇ। ਦੱਸਿਆ ਗਿਆ ਕਿ ਇਹ ‘ਹਿੰਦੂ-ਸਿੱਖ ਏਕਤਾ ਦੀ ਮਸਾਲ ਯਾਤਰਾ’ ਹੈ। ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਸ੍ਰੀ ਦੇਵੀ ਦਿਆਲ ਪ੍ਰਾਸ਼ਰ ਦੀ ਅਗਵਾਈ ਹੇਠ ਹੋਈ ਇਸ ਯਾਤਰਾ ਵਿਚ ਵੰਡੇ ਗਏ ਲਿਟਰੇਚਰ ਅਤੇ ਸੰਬੋਧਨਾਂ ਸਮੇਂ ਇਹ ਅਹਿਸਾਸ ਕਰਵਾਇਆ ਗਿਆ ਹੈ ਕਿ ਬ੍ਰਾਹਮਣ ਸਮਾਜ ਵੱਲੋਂ ਸਿੱਖ ਧਰਮ ਨੂੰ ਵੱਡੀ ਦੇਣ ਦਿੱਤੀ ਗਈ ਹੈ। ਇਥੋਂ ਤੱਕ ਕਿ ਗੁਰੂ ਗਰੰਥ ਸਾਹਿਬ ਜੀ ਦੇ ਵਿਚ ਦਰਜ ਭਗਤਾਂ ਦੀ ਬਾਣੀ ਦੀ ਵੀ ਜਾਤ ਅਧਾਰਿਤ ਵੰਡ ਕੀਤੀ ਗਈ ਹੈ। ਸਿੱਖ ਸ਼ਹੀਦਾਂ ਨੂੰ ਜਬਰਦਸਤੀ ਬ੍ਰਾਹਮਣ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਅਜਿਹੀਆਂ ਗੱਲਾਂ ਬ੍ਰਾਹਮਣ ਸਮਾਜ ਕਰ ਰਿਹਾ ਹੈ ਤਾਂ ਭਾਈਚਾਰਕ ਏਕਤਾ ਦੀ ਗੱਲ ਕਿੱਥੇ ਰਹਿ ਜਾਂਦੀ ਹੈ? ਇਹਨਾਂ ਬ੍ਰਾਹਮਣ ਸਭਾਵਾਂ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਭਾਈਚਾਰਕ ਸਾਂਝ ਕਿਸ ਨੂੰ ਆਖਦੇ ਹਨ? ਕੀ ਇਹ ਉਦੇਸ਼ ਦੋ ਵੱਡੀਆਂ ਕਮਿਊਨਿਟੀਆਂ ਨੂੰ ਜੋੜ ਤੋਂ ਭਾਵ ਸਿੱਖ ਕੌਮ ਦਾ ਬ੍ਰਾਹਮਣ ਸਮਾਜ ਵਿਚ ਪੱਕਾ ਰਲੇਵਾ ਤਾਂ ਨਹੀਂ ਜਿਸ ਨੂੰ ਉਹ ਆਪਣੀ ਬੁੱਧੀ ਅਨੁਸਾਰ ਸਮਾਜ ਦਾ ਭਲਾ ਸਮਝਦੇ ਹੋਣ?
(ਹ) ਸ਼ਹੀਦੀ ਅਤੇ ਬਲੀਦਾਨ ਵਿਚ ਫਰਕ :- ‘ਰਿਣ-ਉਤਾਰ ਯਤਨ ਯਾਤਰਾ’ ਸਮੇਂ ਇਹ ਗੱਲ ’ਤੇ ਜੋਰ ਦਿੱਤਾ ਗਿਆ ਕਿ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਅਤੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ‘ਬਲੀਦਾਨ’ ਦਿੱਤਾ। ਇਥੇ ‘ਸ਼ਹੀਦੀ’ ਅਤੇ ‘ਬਲੀਦਾਨ’ ਵਿਚ ਫਰਕ ਸਮਝਣ ਦੀ ਲੋੜ ਹੈ। ‘ਬਲੀਦਾਨ’ ਤੋਂ ਭਾਵ ਕਿਸੇ ਚੰਗੇ ਮਨੋਰਥ ਲਈ ਮਾਰੇ ਜਾਣ ਤੋਂ ਹੈ। ਕਿਸੇ ਦੇਵੀ-ਦੇਵਤੇ ਅੱਗੇ ਕਿਸੇ ਪਸ਼ੂ ਨੂੰ ਮਾਰਨਾ ਬਲੀਦਾਨ ਹੈ। ਸਮਝ ਲਿਆ ਜਾਂਦਾ ਹੈ ਕਿ ਮਾਰਿਆ ਜਾਣ ਵਾਲਾ ਜੀਵ ਚੰਗੇ ਅਰਥ ਆਇਆ ਹੈ। ਮਾਰੇ ਗਏ ਜੀਵ ਦੀ ਜਾਨ ਨੂੰ ‘ਦਾਨ’ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ‘ਬਲੀਦਾਨ’ ਪਿੱਛੇ ਕੋਈ ਮਰਨ ਵਾਲੇ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ, ਉਸ ਦੀ ਜਿੰਦ-ਜਾਨ ਦਾਨ (ਮੁਫ਼ਤ) ਵਿਚ ਜਾਂਦੀ ਹੈ। ਦੂਸਰੇ ਪਾਸੇ ਸ਼ਹੀਦੀ ਦਾ ਮਨੋਰਥ ਆਪਣੀ ਮਰਜੀ ਨਾਲ ਕੌਮ, ਦੇਸ਼ ਦਾ ਸਮਾਜ ਜਾਂ ਅਨਿਆਵਾਂ ਵਿਰੁੱਧ ਆਪਣੀ ਜਾਨ ਕੁਰਬਾਨ ਕਰਨ ਤੋਂ ਹੁੰਦਾ ਹੈ, ਇਸ ਸ਼ਹਾਦਤ ਪਿੱਛੇ ਨਿਰੰਤਰ ਵਿਚਾਰਧਾਰਾ ਕੰਮ ਕਰਦੀ ਹੈ। ਵਿਚਾਰਧਾਰਾ ਦੇ ਉਥਾਨ ਲਈ ਦਿੱਤੀ ਗਈ ਜਾਨ ਹੀ ਸ਼ਹੀਦ ਦਾ ਰੁਤਬਾ ਰੱਖਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਥਾਨ ਲਈ ਸੀ, ਇਸ ਲਈ ਇਸ ਨੂੰ ਸਿਰਫ ‘ਬਲੀਦਾਨ’ ਦੇ ਰੂਪ ਵਿਚ ਦੇਖਣਾ ਬ੍ਰਾਹਮਣ ਸਭਾਵਾਂ ਦਾ ਕੂਟਨੀਤਿਕ ਪੈਂਤੜਾ ਹੈ, ਜਿਹੜਾ ਨਾ-ਕਾਬਲੇ ਬਰਦਾਸ਼ਤ ਹੈ।
(ਕ) ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹਿੰਦੂ ਧਰਮ ਦੀ ਰੱਖਿਆ ਅਤੇ ਤਿਲਕ ਜੰਜੂ ਲਈ ਸੀ? :- ਬ੍ਰਾਹਮਣ ਸਭਾਵਾਂ ਦੀ ਇਸ ਸਾਂਝੀ ਯਾਤਰਾ ਵਿਚ ਜਿਹੜੀ ਅਗਲੀ ਗੱਲ ਇਤਰਾਜਯੋਗ ਹੈ ਉਹ ਇਹ ਕਿ ਗੁਰੂ ਜੀ ਦੀ ਸ਼ਹੀਦੀ ਨੂੰ ‘ਹਿੰਦ ਦੀ ਚਾਦਰ’ ਅਤੇ ਤਿਲਕ ਜੰਜੂ ਦੀ ਰਾਖੀ ਤੱਕ ਸੀਮਤ ਕਰ ਦਿੱਤਾ ਗਿਆ। ਜਦ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨਾ ਤਾਂ ਹਿੰਦੋਸਤਾਨ ਲਈ ਸੀ ਅਤੇ ਨਾ ਹੀ ਤਿਲਕ-ਜੰਜੂ ਲਈ, ਸਗੋਂ ਗੁਰੂ ਜੀ ਦੀ ਸ਼ਹਾਦਤ ਦਾ ਮਨੋਰਥ ਮਨੁੱਖੀ ਅਧਿਕਾਰਾਂ ਦੀ ਰਾਖੀ ਸੀ ਜਿਸ ਵਿਚ ਧਾਰਮਿਕ ਅਜ਼ਾਦੀ ਵੀ ਸ਼ਾਮਲ ਸੀ। ਜਦੋਂ ਹਿੰਦੂਆਂ ਦਾ ਧਰਮ ਜਬਰਦਸਤੀ ਤਬਦੀਲ ਕੀਤਾ ਜਾ ਰਿਹਾ ਸੀ ਤਾਂ ਇਹ ਮਨੁੱਖੀ ਵਿਚਾਰਾਂ ਦੀ ਅਜ਼ਾਦੀ ਨੂੰ ਖਤਮ ਕਰਨ ਦਾ ਪ੍ਰਮਾਣ ਸੀ। ਗੁਰੂ ਜੀ ਨੇ ਗੁਰੂ ਨਾਨਕ ਸਿਧਾਂਤ ਅਨੁਸਾਰ ਹਿੰਦੂ ਧਰਮ ਦੀ ਤਤਕਾਲੀ ਸਮੱਸਿਆ ਨੂੰ ਜਾਣ ਕੇ ‘ਧਰਮ ਹੇਤ ਸਾਕਾ’ ਕੀਤਾ ਸੀ। ਉਸ ਵੇਲੇ ਜੇ ਇਹੀ ਸਮੱਸਿਆ ਮੁਸਲਮਾਨ ਧਰਮ ਦੀ ਹੁੰਦੀ ਤਾਂ ਗੁਰੂ ਜੀ ਨੇ ਇਸਲਾਮ ਦੀ ਅਜ਼ਾਦੀ ਵਾਸਤੇ ਵੀ ਸ਼ਹੀਦੀ ਪ੍ਰਾਪਤ ਕਰਨ ਤੋਂ ਗੁਰੇਜ਼ ਨਹੀਂ ਸੀ ਕਰਨਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ‘ਹਿੰਦ ਦੀ ਚਾਦਰ’ ਆਖ ਕੇ ਛੋਟਾ ਕਰਨ ਦਾ ਯਤਨ ਕੀਤਾ ਗਿਆ। ਗੁਰੂ ਜੀ, ਧਰਮ ਦੀ ਚਾਦਰ ਜਰੂਰ ਸਨ। ਗੁਰੂ ਜੀ ਵਰਗੀਆਂ ਰੱਬੀ ਸਖਸੀਅਤਾਂ ਅੱਗੇ ਹਿੰਦੂ-ਮੁਸਲਮਾਨ ਜਾਂ ਤਿਲਕ-ਜੰਜੂ ਦੀ ਥਾਂ ਅਦਰਸ਼ ਸਾਹਮਣੇ ਹੁੰਦੇ ਹਨ। ਬ੍ਰਾਹਮਣ ਸਭਾਵਾਂ ਨੂੰ ਆਪਣੀ ਇਸ ਗਲਤੀ ਵਿਚ ਵੀ ਸੁਧਾਰ ਕਰਨਾ ਚਾਹੀਦਾ ਹੈ।
(ਖ) ਕੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਦਿ ਹਿੰਦੂ ਸਨ? :- ਸਿੱਖ ਇਤਿਹਾਸ ਵਿਚ ਭਾਈ ਮੰਞ ਜੀ ਦਾ ਵਿਸ਼ੇਸ਼ ਜ਼ਿਕਰ ਹੈ। ਜਦ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਪਾਸੋਂ ਸਿੱਖੀ ਦੀ ਦਾਤ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਪਹਿਲੇ ਸ਼ਬਦ ਕਹੇ ਕਿ ‘‘ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ’’ ਭਾਵ ਕਿ ਕਿਸੇ ਹੋਰ ਸਖਸੀ ਅਕੀਦੇ ’ਤੇ ਵਿਸ਼ਵਾਸ਼ ਰੱਖਣ ਵਾਲਾ ਸਿੱਖ ਨਹੀਂ ਹੋ ਸਕਦਾ। ਭਾਈ ਮੰਞ ਜੀ ਵੀ ਉਸ ਸਮੇਂ ਸਿੱਖੀ ਵਿਚ ਸ਼ਾਮਲ ਹੋ ਸਕੇ, ਜਦੋਂ ਉਹਨਾਂ ਨੇ ‘ਸਖੀ ਸਰਵਰ’ ਉਤੇ ਵਿਸ਼ਵਾਸ਼ ਛੱਡ ਦਿੱਤਾ। ਇਸੇ ਤਰ੍ਹਾਂ ਗੁਰੂ ਘਰ ਦੀ ਮਰਯਾਦਾ ਅਨੁਸਾਰ ਹੋਰ ਧਰਮਾਂ ’ਚੋਂ ਜਿਨੇ ਲੋਕ ਵੀ ਸਿੱਖ ਧਰਮ ਵਿਚ ਸ਼ਾਮਲ ਹੋਏ ਉਹ ਆਪਣੇ ਪਿਛਲੇ ਸੰਸਕਾਰਾਂ ਦਾ ਤਿਆਗ ਕਰਕੇ ਹੀ ਸਿੱਖ ਅਖਵਾ ਸਕੇ। ਇਸੇ ਤਰ੍ਹਾਂ ਹਿੰਦੂ ਧਰਮ ਵਿਚੋਂ ਆਏ ਲੋਕਾਂ ਨੇ ਵੀ ਪਹਿਲਾਂ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਛੱਡ ਕੇ ਅਤੇ ਅਵਤਾਰਵਾਦ ਦੇ ਸਿਧਾਂਤ ਦਾ ਤਿਆਗ ਕਰਕੇ ਹੀ ਸਿੱਖ ਧਰਮ ਅਪਣਾਇਆ ਸੀ। ਇਸੇ ਤਰ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਸਮੇਤ ਭਗਤਾਂ ਅਤੇ ਪ੍ਰਚਾਰਕਾਂ ਦੇ, ਸਭ ਨੇ ਹਿੰਦੂ ਧਾਰਵਾਂ ਦਾ ਤਿਆਗ ਕਰਕੇ ਹੀ ਸਿੱਖੀ ਪ੍ਰਾਪਤ ਕੀਤੀ ਸੀ। ਇਹਨਾਂ ਸਾਰੇ ਸਿੱਖਾਂ ਨੂੰ ਮੁੜ ਹਿੰਦੂ ਸਾਬਤ ਕਰਨਾ ਕੋਝੀ ਚਾਲ ਹੈ। ਸ੍ਰੀ ਬ੍ਰਾਹਮਣ ਸਭਾਵਾਂ ਮਨਦੀਆਂ ਹਨ ਕਿ ਇਹ ਸ਼ਹੀਦ ਗੁਰੂ ਦੇ ਸਿੱਖ ਸਨ, ਫਿਰ ਵੀ ਇਹਨਾਂ ਨੂੰ ਹਿੰਦੂ ਆਖੀ ਜਾਣਾ ‘ਸਿੱਖੀ ਤੇ ਸਿੱਖੀ ਟਿਕਾਉਣ’ ਦਾ ਹਾਸੋਹੀਣ ਯਤਨ ਹੈ।
ਸ੍ਰੀ ਬ੍ਰਾਹਮਣ ਸਭਾ ਨੂੰ ਇਥੇ ਇਹ ਗੱਲ ਵੀ ਸਾਫ ਕਰਨੀ ਚਾਹੀਦੀ ਹੈ ਕਿ ਜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸਿੱਖ ਧਰਮ ਲਈ ਸ਼ਹਾਦਤਾਂ ਦੇ ਕੇ ਵੀ ਹਿੰਦੂ ਹੀ ਬਣੇ ਰਹੇ ਤਾਂ ਸਭਾ ਵਾਲੇ ਉਹਨਾਂ ਸਿੱਖ ਖਾੜਕੂਆਂ ਬਾਰੇ ਆਪਣੇ ਕੀ ਵਿਚਾਰ ਰੱਖਦੇ ਹਨ, ਜਿਹੜੇ 1984 ਦੇ ਦੋ ਸਿੱਖ ਕਤਲੇਆਮਾਂ ਤੋਂ ਬਾਅਦ ਬ੍ਰਾਹਮਣ ਪਰਵਾਰਾਂ ਵਿਚ ਪੈਦਾ ਹੋ ਕੇ ਸਿੰਘ ਸਜ ਗਏ ਅਤੇ ਉਸ ਤੋਂ ਬਾਅਦ ਖਾਲਿਸਤਾਨ ਦੀ ਲਈ ਜੂਝ ਗਏ ਹਨ। ਕੀ ਬ੍ਰਾਹਮਣ ਸਭਾ ਉਹਨਾਂ ਨੂੰ ‘ਸਿੱਖ ਸ਼ਹੀਦ’ ਮੰਨਦੀ ਹੈ ਜਾਂ ਫਿਰ ਸਿੱਖ ਕੌਮ ਦੀ ਸਥਾਪਤੀ ਲਈ ਸ਼ਹੀਦ ਹੋਏ ‘ਬ੍ਰਾਹਮਣ ਸ਼ਹੀਦ’?
(ਗ) ਰਿਣ-ਉਤਾਰ ਯਾਤਰਾ ਦਾ ਰਾਜਸੀ ਮਨੋਰਥ (ਸ਼੍ਰੋਮਣੀ ਅਕਾਲੀ ਦਲ ਅਤੇ ਬ੍ਰਾਹਮਣ ਸਭਾਵਾਂ ਦੇ ਸਾਂਝੇ ਹਿੱਤ) :- ਬਿਨਾਂ ਕਿਸੇ ਸ਼ੱਕ ਦੀ ਗੁਜ਼ਾਇਸ ਦੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਰਜਿ: ਦੇ ਪਿੱਛੇ ਬਾਦਲ ਦਲ ਕੰਮ ਕਰ ਰਿਹਾ ਹੈ। ਸਭਾ ਦੇ ਪ੍ਰਧਾਨ ਸ੍ਰੀ ਦੇਵੀ ਦਿਆਲ ਪ੍ਰਾਸ਼ਰ ਦੀ ਸ੍ਰ: ਬਾਦਲਾਂ ਅਤੇ ਛੋਟੇ ਬਾਦਲ ਨਾਲ ਨਿੱਜੀ ਸਾਂਝ ਹੈ। ਇਹਨਾਂ ਯਾਤਰਾਵਾਂ ਦਾ ਪੂਰਾ ਕੰਟਰੌਲ ਵੀ ਅਕਾਲੀ ਦਲ ਦੇ ਹੱਥ ਵਿਚ ਰਿਹਾ ਹੈ। ਭਾਵੇਂ ਪਹਿਲਾਂ ਵੀ ਸ਼ੱਕ ਵਾਲੀ ਕੋਈ ਗੱਲ ਨਹੀਂ ਸੀ ਪਰ ਬਰਨਾਲਾ ਨੇੜੇ ਯਾਤਰਾ ਦੇ ਇਕ ਸਵਾਗਤੀ ਪੜਾਅ ’ਤੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਨੇ ਇਸ ਦਾ ਸ਼ਰੇਆਮ ਖੁਲਾਸਾ ਕਰਦਿਆਂ ਆਪਣੇ ਸੰਬੋਧਨੀ ਲਫਜਾਂ ਵਿਚ ਆਖਿਆ ਕਿ ‘‘ਇਸ ਯਾਤਰਾ ਨੇ ਇਸ ਪੜਾਅ ’ਤੇ ਰੁਕਣਾ ਨਹੀਂ ਸੀ ਪਰ ਮੈਂ ਆਪਣੇ ਜ਼ੋਰ ਨਾਲ ਅਕਾਲੀ ਦਲ ਦੇ ਹੈਡ ਕੁਆਟਰ ਵਿਚ ਗੱਲ ਕਰਕੇ ਯਾਤਰਾ ਨੂੰ ਰੁਕਵਾਅ ਲਿਆ ਹੈ’’ ਭਾਵੇਂ ਇਸ ਬਿਆਨ ਪਿੱਛੇ ਇਸ ਅਕਾਲੀ ਆਗੂ ਵੱਲੋਂ ਆਪਣੀ ਰਾਜਸ਼ੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਗਿਆ ਸੀ, ਪਰ ਨਾਲ ਹੀ ਇਹ ਵੀ ਸਾਫ ਹੋ ਗਿਆ ਕਿ ‘ਰਿਣ-ਉਤਾਰ ਯਤਨ ਯਾਤਰਾ’ ਦਾ ਕੰਟਰੌਲ ਰੂਮ ਅਕਾਲੀ ਦਲ ਦੇ ਹੈਡਕੁਆਟਰ ਵਿਚ ਹੈ।
ਸ੍ਰੀ ਪਰਸੂ ਰਾਮ ਮੰਦਰ ਗੋਬਿੰਦਗੜ੍ਹ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ੍ਰੀ ਦੇਵੀ ਦਿਆਲ ਪ੍ਰਾਸ਼ਰ ਸਾਂਝੇ ਤੌਰ ’ਤੇ ਫਰੈਂਡਲੀ ਪੂਜਾ ਕਰ ਚੁੱਕੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਦਾਲ ਦਾ ਸ੍ਰੀ ਪ੍ਰਾਸ਼ਰ ਦੇ ਗੋਬਿੰਦਗੜ ਵਾਲੇ ਘਰ ਵਿਚ ਆਉਣਾ-ਜਾਣਾ ਹੈ। ਇਹਨਾਂ ਦੋਨਾਂ ਧਿਰਾਂ ਦੀ ਆਪਣੇ ਰਾਜਸੀ ਹਿੱਤ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ, ਮਜ਼ਦੂਰ ਵਿੰਗ, ਮੁਲਾਜਮ ਵਿੰਗ ਵਾਂਗ ਇਹ ਵੀ ਬਾਦਲ ਦਲ ਦਾ ਬ੍ਰਾਹਮਣ ਵਿੰਗ ਹੈ, ਇਹਨਾਂ ਦੀਆਂ ਵੋਟਾਂ ਪ੍ਰਾਪਤ ਕਰਨਾ ਉਸ ਦਾ ਉਦੇਸ਼ ਹੈ। ਦੂਸਰੇ ਪਾਸੇ ਬ੍ਰਾਹਮਣ ਸਮਾਜ ਆਪਣੇ ਹਿੱਤ ਬਾਦਲ ਰਾਹੀਂ ਪੂਰੇ ਕਰਨ ਦੀ ਤਾਕ ਵਿਚ ਹੈ। ਦੋਨਾਂ ਧਿਰਾਂ ਵੱਲੋਂ ਹੀ ਆਪਣੇ ਗੁੱਝੇ ਹਿੱਤਾਂ ਨੂੰ ਲਕੋ ਕੇ ਰੱਖਣ ਅਤੇ ਆਮ ਲੋਕਾਂ ਨੂੰ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
(ਘ) ਬ੍ਰਾਹਮਣ ਸਭਾਵਾਂ ਰਾਹੀਂ ਬਾਦਲ ਵੱਲੋਂ ਸਰਨਾ ਗਰੁੱਪ ਨੂੰ ਚਿੱਤ ਕਰਨ ਦਾ ਅਸਫਲ ਯਤਨ :- ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਕੀਤੀ ਗਈ ‘ਰਿਣ-ਯਾਤਰਾ’ ਜਦੋਂ 24 ਨਵੰਬਰ ਨੂੰ ਦਿੱਲੀ ਪੁੱਜੀ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਯੋਗ ਸਵਾਗਤ ਕੀਤਾ ਅਤੇ ਰਾਤ ਨੂੰ ਕੋਈ ਚਾਰ ਹਜ਼ਾਰ ਦੇ ਕਰੀਬ ਪੰਡਤਾਂ ਨੂੰ ਰੋਟੀ-ਪਾਣੀ ਦਾ ਪ੍ਰਬੰਧ ਕੀਤਾ। ਯਾਤਰਾ ਨਾਲ ਗਏ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਪਤਾ ਲੱਗਿਆ ਕਿ ਇਥੇ ਪੁੱਜੀ ਯਾਤਰਾ ਨੂੰ ਕੋਈ ਮੁਸ਼ਕਲ ਨਹੀਂ ਆਈ ਪਰ ਸ੍ਰੀ ਦੇਵੀ ਦਿਆਲ ਪ੍ਰਾਸ਼ਰ ਨੇ ਇਕ ਨਿਊਜ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਿਹਾ ‘‘ਸਾਨੂੰ ਦਿੱਲੀ ਕਮੇਟੀ ਨੇ ਲੱਖੀ ਸਾਹ ਵਣਜਾਰਾ ਹਾਲ ਵਿਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਹੈ। ਸਾਡੇ ’ਤੇ ਇੰਨਾਂ ਜੁਲਮ ਕੀਤਾ ਗਿਆ ਕਿ ਛੋਟੇ-ਛੋਟੇ ਬੱਚਿਆਂ ਨੂੰ ਘੜੀਸ ਕੇ ਬਾਹਰ ਸੁੱਟ ਦਿੱਤਾ। ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸੂਈਆਂ ਅਤੇ ਮੇਖਾਂ ਵਾਲੀਆਂ ਦਰੀਆਂ ਵਿਛਾ ਕੇ ਬ੍ਰਾਹਮਣਾਂ ਦਾ ਅਪਮਾਨ ਕੀਤਾ’’। ਇਸ ਝੂਠੇ ਬਿਆਨ ਨੂੰ ਲੈ ਕੇ ਪੰਜਾਬ ਦੇ ਬ੍ਰਾਹਮਣ ਪਰਿਵਾਰਾਂ ਵਿਚ ਹਫੜਾ-ਦਫੜੀ ਮੱਚ ਗਈ। ਜਿਹਨਾਂ ਪਰਿਵਾਰਾਂ ਦੇ ਮੈਂਬਰ ਯਾਤਰਾ ਨਾਲ ਗਏ ਸਨ, ਉਹ ਆਪਣੇ ਮੈਂਬਰਾਂ ਦੀ ਸੁੱਖ ਮੰਗਣ ਲੱਗ ਪਏ। ਇਸ ’ਤੇ ਪਹਿਲਾਂ ਹੀ ਕੀਤੀ ਵਿਉਂਤਬੰਦੀ ਦੇ ਅਧਾਰ ’ਤੇ ਪੰਜਾਬ ਵਿਚ ਅਕਾਲੀ ਦਲ ਵੱਲੋਂ ਨਿਖੇਧੀ ਦਾ ਪ੍ਰੈਸ ਨੋਟ ਜਾਰੀ ਕਰਕੇ ਦਿੱਲੀ ਕਮੇਟੀ ਦੀ ਭੰਡੀ ਕੀਤੀ ਗਈ। ਬਾਦਲ ਅਕਾਲੀ ਦਲ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਵੱਲੋਂ ਕੀਤੀ ਰਾਜਨੀਤੀ ਨਾਲ ਸਿੱਖ ਧਰਮ ਨੂੰ ਵਾਧੂ ਦੀ ਬਦਨਾਮੀ ਦਿੱਤੀ ਗਈ। ਭਲੇ ਨੂੰ ਇਹ ਗੱਲ ਬਹੁਤਾ ਤੂਲ ਨਾ ਫੜ ਸਕੀ, ਜੇ ਇਹ ਗੱਲ ਥੋੜੀ ਹੋਰ ਭਖ ਜਾਂਦੀ ਤਾਂ ਪੰਜਾਬ ਵਿਚ ਦਿੱਲੀ ਅਕਾਲੀ ਦਲ (ਸਰਨਾ ਗਰੁੱਪ) ਦੀ ਬੇਵਜ੍ਹਾ ਥੂਹ-ਥੂਹ ਹੋ ਜਾਣੀ ਸੀ।
(ਙ) ਸਿੱਟਾ :- ਅਸੀਂ ਦੇਖਿਆ ਹੈ ਕਿ ਇਹਨਾਂ ਯਾਤਰਾਵਾਂ ਦਾ ਮਨੋਰਥ ਜਿਥੇ ਹਿੰਦੂਤਵੀ ਪ੍ਰਚਾਰ-ਪ੍ਰਸਾਰ ਕਰਨਾ ਹੈ, ਉਥੇ ਅਕਾਲੀ ਦਲ ਵੱਲੋਂ ਪੰਜਾਬ ਦੀ ਹਿੰਦੂ ਵੋਟ ਕਾਂਗਰਸ ਨਾਲੋ ਤੋੜਨ ਅਤੇ ਦਿੱਲੀ ਦੀ ਬਾਦਲ ਵਿਰੋਧੀ ਸਿੱਖ ਲੀਡਰਸ਼ਿਪ ਵਿਰੁੱਧ ਜਹਾਦ ਖੜ੍ਹਾ ਕਰਨਾ ਸੀ। ਇਸ ਵੇਲੇ ਅਕਾਲੀ ਦਲ ਆਪਣੀ ਕਰੂਰ ਨੀਤੀ ਵਿਚ ਭਾਵੇਂ ਅਸਫਲ ਰਿਹਾ ਹੈ, ਪਰ ਫਿਰ ਵੀ ਅੱਗੇ ਤੋਂ ਉਹ ਕੋਈ ਹੋਰ ਅਜਿਹਾ ਸੋਸ਼ਾ ਛੇੜ ਕੇ ਆਪਣੇ ਹਿੱਤਾਂ ਲਈ ਸਿੱਖਾਂ ਅਤੇ ਹਿੰਦੂਆਂ ਵਿਚ ਦਰਾੜ ਪੈਦਾ ਕਰ ਸਕਦਾ ਹੈ। ਇਸ ਤੀਜੀ ਯਾਤਰਾ ਵਿਚ ਦਿੱਲੀ ਵਿਚ ਖੇਡੀ ਗਈ ਸਿਆਸਤ ਨੇ ਯਾਤਰਾਵਾਂ ਦੇ ਅੰਦਰਲਾ ਸੱਚ ਸਾਹਮਣੇ ਲਿਆ ਦਿੱਤਾ ਹੈ, ਜਿਸ ਵਿਚ ਯਾਤਰਾਵਾਂ ਦਾ ਮਨੋਰਥ ਗੁਰੂ ਤੇਗ ਬਹਾਦਰ ਬਾਹਿਬ ਜੀ ਦੀ ਸ਼ਹੀਦੀ ’ਤੇ ਰਾਜਨੀਤੀ ਕਰਨਾ ਹੈ। ਤੀਜੀ ਯਾਤਰਾ ਦਾ ਸਭ ਤੋਂ ਮਾੜਾ ਪੱਖ ਇਹ ਕਿਹਾ ਜਾਵੇਗ ਕਿ ਇਹਨਾਂ ਯਾਤਰਾਵਾਂ ਦਾ ਪ੍ਰਬੰਧ ਅਕਾਲੀ ਦਲ ਨੇ ਆਪਣੇ ਕਬਜੇ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਰਵਾਇਆ ਹੈ। ਇਹ ਸਿੱਖ ਵਿਰੋਧੀ ਯਾਤਰਾ ਸਵਾਗਤ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਕਰਵਾਇਆ ਗਿਆ ਅਤੇ ਖਾਣੇ ਆਦਿ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬਾਨਾਂ ਵਿਚ ਹੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਤੀ ਹੀ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਕਰਨ ਲਈ ਹੋਈ ਸੀ, ਅੱਜ ਇਸ ਨੂੰ ਸਿੱਖਾਂ ਦੇ ਵਿਰੋਧ ਵਿਚ ਵਰਤਿਆ ਜਾ ਰਿਹਾ ਹੈ। ਸਿੱਖਾਂ ਨੂੰ ਇਹਨਾਂ ਯਾਤਰਾਵਾਂ ਦੇ ਅਸਲੀ ਭਾਵ ਨੂੰ ਸਮਝਣਾ ਬਹੁਤ ਜਰੂਰੀ ਹੈ। ਬ੍ਰਾਹਮਣ ਸਭਾਵਾਂ ਨੂੰ ਚਾਹੀਦਾ ਹੈ ਕਿ ਜੇ ਉਹ ਸੱਚੇ ਦਿਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਹਿਸਾਨ ਮੰਨਦੇ ਹਨ ਤਾਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ।