ਨਵੀਂ ਦਿੱਲੀ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਹਮਲਿਆਂ ਦੇ ਆਰੋਪੀ ਹਫੀਜ਼ ਸਈਅਦ ਦੇ ਖਿਲਾਫ਼ ਠੋਸ ਸਬੂਤ ਪੇਸ਼ ਕੀਤੇ ਜਾਣ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਹਫੀਜ਼ ਇਸ ਸਮੇਂ ਜਮਾਤ ਉਦ ਦਾਅਵਾ ਦੇ ਮੁੱਖੀ ਹਨ। ਇਸ ਤੋਂ ਪਹਿਲਾਂ ਉਹ ਲਸ਼ਕਰ-ਏ-ਤੌਇਬਾ ਦੇ ਵੀ ਮੁੱਖੀ ਰਹਿ ਚੁੱਕੇ ਹਨ।
ਹਿਨਾ ਰਬਾਨੀ ਨੇ ਇੱਕ ਇੰਟਰਵਿਯੂ ਦੌਰਾਨ ਕਿਹਾ ਕਿ ਮੁੰਬਈ ਹਮਲਿਆਂ ਤੋਂ ਬਾਅਦ ਪਾਕਿਸਤਾਨ ਦੇ ਭਾਰਤ ਨਾਲ ਸਬੰਧ ਬਹੁਤ ਹੀ ਖਰਾਬ ਹੋ ਗਏ ਸਨ। ਉਨ੍ਹਾਂ ਨੇ ਕਿਹਾ, ‘ਹਫੀਜ਼ ਕਸਟਡੀ ਵਿੱਚ ਸਨ ਅਤੇ ਉਨ੍ਹਾਂ ਦੇ ਖਿਲਾਫ਼ ਜੋ ਵੀ ਸਬੂਤ ਸਨ ਉਹ ਅਦਾਲਤ ਵਿੱਚ ਠਹਿਰ ਨਹੀਂ ਸਕੇ। ਅਸੀਂ ਤਾਂ ਅਜੇ ਵੀ ਇਹੋ ਕਹਿ ਰਹੇ ਹਾਂ ਕਿ ਜੇ ਕੋਈ ਅਜਿਹਾ ਸਬੂਤ ਹੈ ਜੋ ਅਦਾਲਤ ਵਿੱਚ ਠਹਿਰ ਸਕਦਾ ਹੈ ਤਾਂ ਅਸੀਂ ਕਾਰਵਾਈ ਕਰਾਂਗੇ।’ਹਫੀਜ਼ ਨੂੰ ਲਾਹੌਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਹਿਰਾਸਤ ਵਿੱਚੋਂ ਰਿਹਾ ਕੀਤਾ ਗਿਆ ਸੀ। ਇਹ ਪੁੱਛੇ ਜਾਣ ਤੇ ਕਿ ਜੇ ਭਾਰਤ ਸਈਦ ਦੇ ਖਿਲਾਫ਼ ਪੁੱਖਤਾ ਸਬੂਤ ਦੇ ਦੇਵੇ ਤਾਂ, ਖਾਰ ਨੇ ਕਿਹਾ, “ ਬਿਲਕੁਲ, ਅਸੀਂ ਕਾਰਵਾਈ ਕਰਾਂਗੇ। ਉਹ ਪਹਿਲਾਂ ਵੀ ਹਿਰਾਸਤ ਵਿੱਚ ਸਨ। ਉਸ ਦੇ ਖਿਲਾਫ਼ ਪੁੱਖਤਾ ਸਬੂਤ ਨਹੀਂ ਸਨ, ਇਸੇ ਕਰਕੇ ਹੀ ਉਸ ਨੂੰ ਹਿਰਾਸਤ ‘ਚੋਂ ਛੱਡਣਾ ਪਿਆ।”
ਅਮਰੀਕਾ ਨੇ ਵੀ ਹਾਫਿਜ਼ ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ ਅਤੇ ਉਹ ਲਾਹੌਰ ਵਿੱਚ ਬੜੇ ਆਰਾਮ ਨਾਲ ਭਾਰਤ ਅਤੇ ਅਮਰੀਕਾ ਵਿਰੋਧੀ ਸਰਗਰਮੀਆਂ ਚਲਾ ਰਿਹਾ ਹੈ। ਹਿਨਾ ਨੇ ਇਹ ਵੀ ਕਿਹਾ ਕਿ ਅਸੀਂ ਆਰਮੀ ਦੀ ਪਾਵਰ ਨਾਲ ਪਿੱਛਲੇ 60 ਸਾਲ ਤੋਂ ਕਸ਼ਮੀਰ ਦਾ ਮੁੱਦਾ ਹਲ ਨਹੀਂ ਕਰ ਸਕੇ।ਉਨ੍ਹਾਂ ਨੇ ਕਿਹਾ ਕਿ ਕੀ ਅਸੀਂ ਸ਼ਾਂਤੀ ਨੂੰ ਇੱਕ ਮੌਕਾ ਨਹੀਂ ਦੇ ਸਕਦੇ ਜਾਂ ਅਸੀਂ ਅਜਿਹੇ ਹਾਲਾਤ, ਅਜਿਹਾ ਮਹੌਲ ਅਤੇ ਮੌਕੇ ਨਹੀਂ ਬਣਾ ਸਕਦੇ ਕਿ ਅਸੀਂ ਆਪਣੇ ਸਾਰੇ ਮੱਤਭੇਦ ਵਾਰਤਾ ਦੀ ਮੇਜ਼ ਤੇ ਨਜਿਠ ਸਕੀਏ।