ਅੰਮ੍ਰਿਤਸਰ:- ਅੱਜ ਸ਼ੁਰੂ ਹੋ ਰਹੇ ਤੀਸਰੇ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਕੇਸਾਧਾਰੀ ਕਬੱਡੀ ਦੇ ਦੋ ਖਿਡਾਰੀ ਵੀ ਚੁਣੇ ਗਏ ਹਨ। ਸ.ਨਰਪਿੰਦਰ ਸਿੰਘ ਢੱਡਰੀਆਂਵਾਲਾ ਅਤੇ ਸ.ਗੁਰਪ੍ਰੀਤ ਸਿੰਘ ਗੋਪੀ ਦੋਵੇਂ ਹੀ ਜਾਫੀ ਹਨ ਅਤੇ ਇਹਨਾਂ ਨੇ ਬਠਿੰਡੇ ਵਿਖੇ ਟੀਮ ਦੀ ਤਿਆਰੀ ਲਈ ਮਹੀਨਾ ਭਰ ਚੱਲੇ ਕੈਂਪ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ। ਟੀਮ ਦੀ ਆਖਰੀ ਚੋਣ ਵਿੱਚ ਵੀ ਇਹਨਾਂ ਦੋਹਾਂ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿੱਚ ਦਾਖਲਾ ਲਿਆ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਪੰਜਾਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀ ਨੌਜੁਆਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ-ਪੱਧਰ ਤੇ ਪ੍ਰਫੁੱਲਤ ਕਰਨ ਲਈ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਬਹੁਮੁੱਲਾ ਇਤਿਹਾਸਕ ਤੇ ਪ੍ਰਸ਼ੰਸਾਜਨਕ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਵਿਸ਼ਵ-ਪੱਧਰ ਦੇ ਕਬੱਡੀ ਮੈਚ ਕਰਵਾ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਪੰਜਾਬ ਦੀ ਨੌਜੁਆਨੀ ਜਿਹੜੀ ਨਸ਼ਿਆਂ ਵਿਚ ਗਲਤਾਨ ਹੁੰਦੀ ਜਾ ਰਹੀ ਸੀ ਨੂੰ ਸਿਹਤਯਾਬੀ ਪ੍ਰਦਾਨ ਕਰਨ ਲਈ ਇਹ ਕਬੱਡੀ ਦੇ ਮੈਚ ਇਤਿਹਾਸਕ ਮੋੜ ਸਾਬਤ ਹੋਣਗੇ। ਜਥੇਦਾਰ ਅਵਤਾਰ ਸਿੰਘ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਉਚੇਚੇ ਤੌਰ ਤੇ ਕਬੱਡੀ ਕੱਪ ਕਰਵਾਉਣ ਤੇ ਵਧਾਈ ਦਿੰਦਿਆਂ ਕਿਹਾ ਕਿ ਕੌਮਾਂਤਰੀ ਕਬੱਡੀ ਮਾਹਿਰਾਂ ਦੀ ਨਿਗਰਾਨੀ ਹੇਠ ਜੋ ਭਾਰਤ ਦੀ ਕਬੱਡੀ ਟੀਮ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਦੋ ਨਾਮਵਰ ਖਿਡਾਰੀ ਸ.ਨਰਪਿੰਦਰ ਸਿੰਘ ਢੱਡਰੀਆਂ ਵਾਲੇ ਤੇ ਸ.ਗੁਰਪ੍ਰੀਤ ਸਿੰਘ ਗੋਪੀ ਮਾਣਕੀਆਂ ਵਾਲਾ ਸ਼ਾਮਲ ਕੀਤੇ ਗਏ, ਇਹ ਦੋਵੇਂ ਜਾਫੀ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ ਨਸ਼ਿਆਂ ਦੇ ਪ੍ਰਚਲਨ ਨੂੰ ਰੋਕਣ ਲਈ, ਸਿੱਖ ਸਰੂਪ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਸਾਬਤ-ਸੂਰਤ ਖਿਡਾਰੀਆਂ ਦੀ ਕਬੱਡੀ ਟੀਮ ਤਿਆਰ ਕੀਤੀ ਗਈ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਖਾਲਸਾਈ ਖੇਡ ਮੇਲਾ ਕਰਵਾਉਂਦੀ ਆ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਦੀ ਕੇਸਾਧਾਰੀ ਕਬੱਡੀ ਟੀਮ ਨੇ ਥੋੜੇ ਜਿਹੇ ਸਮੇਂ ਵਿਚ ਵਿਸ਼ਵ-ਪੱਧਰ ਤੇ ਆਪਣੀ ਪਹਿਚਾਨ ਸਥਾਪਤ ਕਰ ਲਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕੇਸਾਧਾਰੀ ਖਿਡਾਰੀਆਂ ਦੀ ਟੀਮ ਬਾਬਾ ਜੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਦੇ ਨਾਮ ਤੇ ਬਣਾਈ ਗਈ ਹੈ। ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਸਖਤ ਮਿਹਨਤ ਸਦਕਾ ਥੋੜੇ ਸਮੇਂ ਵਿਚ ਹੀ ਜਿਥੇ ਟੀਮ ਨੇ ਪੰਜਾਬ ਦੇ ਖੇਡ ਮੇਲਿਆਂ ਵਿਚ ਆਪਣੀ ਜਿੱਤ ਦੇ ਪ੍ਰਚੱਮ ਲਹਿਰਾਏ, ਉਥੇ ਕੈਨੇਡਾ ਦੇ ਪਾਵਰਏਡ ਸੈਂਟਰ, ਇੰਗਲੈਂਡ ਦੀ ਸਰਜ਼ਮੀਨ ‘ਤੇ ਲਿਸਟਰ ਕਲੱਬ ਵੱਲੋਂ ਅਤੇ ਦੁਬਈ ਵਿਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਖੇਡਦਿਆਂ ਰਨਰਅਪ ਰਹਿ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਸ. ਮੇਜਰ ਸਿੰਘ ਕਬੱਡੀ ਕੋਚ ਅਤੇ ਖਿਡਾਰੀਆਂ ਦੀ ਮਿਹਨਤ ਨੇ ਪੰਜਾਬ ਦੇ ਖੇਡ ਮੇਲਿਆਂ ‘ਤੇ ਕੇਸਾਧਾਰੀ ਖਿਡਾਰੀਆਂ ਦੀ ਵਿਲੱਖਣਤਾ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੇ ਇਸ ਟੀਮ ਨੂੰ ਰੱਜ ਕੇ ਪਿਆਰ ਅਤੇ ਸ਼ਾਬਾਸ਼ੀ ਦਿੱਤੀ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਜ਼ਮੀਨ ‘ਤੇ ਹੋ ਰਿਹਾ ਤੀਜਾ ਕਬੱਡੀ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਜਿਸ ਦਾ ਪਹਿਲਾ ਇਨਾਮ ਦੋ ਕਰੋੜ ਹੈ ਭਾਰਤ ਦੀ ਕਬੱਡੀ ਟੀਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਖਿਡਾਰੀ ਸ. ਨਰਪਿੰਦਰ ਸਿੰਘ ਢੱਡਰੀਆਂਵਾਲਾ ਅਤੇ ਸ. ਗੁਰਪ੍ਰੀਤ ਸਿੰਘ ਗੋਪੀ ਮਾਣਕੀ ਪਲੇਇੰਗ ਮੈਂਬਰ ਵਜੋਂ ਚੁਣੇ ਗਏ ਹਨ। ਇਹ ਸਮੁੱਚੇ ਸਿੱਖ ਜਗਤ ਲਈ ਅਤੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਕਮੇਟੀ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸਾਧਾਰੀ ਖਿਡਾਰੀ ਵਰਲਡ ਕੱਪ ਖੇਡਣਗੇ ਜਿਹੜੇ ਕਿ ਸਮੁੱਚੀ ਸਿੱਖ ਨੌਜੁਆਨੀ ਲਈ ਰੋਲ ਮਾਡਲ ਹੋਣਗੇ।