ਸੰਘੋਲ ,( ਪਰਮਜੀਤ ਸਿੰਘ ਬਾਗੜੀਆ )-ਪਿੰਡ ਪੋਹਲੋ ਮਾਜਰਾ ਨੇੜੇ ਸੰਘੋਲ ਵਿਖੇ ਨੌਜਵਾਨ ਕਾਂਗਰਸੀਆਂ ਆਗੂਆਂ ਵਲੋਂ ਇਕ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ। ਇਹ ਕੱਪ ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਯੂਥ ਕਾਂਗਰਸ ਹਲਕਾ ਬਸੀ ਪਠਾਣਾ ਦੀ ਪ੍ਰਧਾਨਗੀ ਅਤੇ ਸਰਗਰਮ ਆਗੂ ਵਰਿੰਦਰਪਾਲ ਸਿੰਘ ਵਿੰਕੀ ਮੈਂਬਰ ਜਿ਼ਲਾ ਪ੍ਰੀਸ਼ਦ ਅਤੇ ਯੋਜਨਾ ਬੋਰਡ ਫਤਹਿਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਜਦਕਿ ਇਹਨਾਂ ਮੁੱਖ ਪ੍ਰਬੰਧਕਾਂ ਦਾ ਸਹਿਯੋਗ ਨੌਜਵਾਨ ਜੁਝਾਰ ਸਿੰਘ ਕਕਰਾਲਾ ਟ੍ਰਾਂਸਪੋਰਟ ਦੁਬਈ, ਗੁਪ੍ਰੀਤ ਸਿੰਘ ਪਨੈਚਾਂ, ਰਣਜੋਧ ਸਿੰਘ ਮਾਨ ਅਤੇ ਜਿੰਦਰ ਬਾਠ ਆਸਟ੍ਰੇਲੀਆ ਨੇ ਦਿੱਤਾ। ਸੈਂਕੜੇ ਹੋਰਡਿੰਗ ਲਾ ਕੇ ਦੂਰ ਦੂਰ ਤੱਕ ਪ੍ਰਚਾਰੇ ਇਸ ਕਬੱਡੀ ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਇਕ ਲੱਖ ਦੇ ਪਹਿਲੇ ਅਤੇ 75 ਹਜਾਰ ਦੇ ਦੂਜੇ ਇਨਾਮ ਲਈ ਭਿੜੀਆਂ। ਕਬੱਡੀ ਖਿਡਾਰੀਆਂ ਦੀ ਸਾਨ੍ਹਾਂ ਦੇ ਭੇੜ ਵਰਗੀ ਕਬੱਡੀ ਵੇਖਣ ਲਈ ਦਰਸ਼ਕਾਂ ਨੇ ਸਵਖਤੇ ਹੀ ਦੂਰ ਤਕ ਫੈਲਿਆ ਖੁੱਲ੍ਹਾ ਮੈਦਾਨ ਭਰ ਦਿੱਤਾ ਸੀ।
ਕਬੱਡੀ ਦੇ ਪਹਿਲੇ ਦੌਰ ਦੇ ਮੈਚਾਂ ਵਿਚੋਂ ਜੇਤੂ ਦੋ ਟੀਮਾਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਪਹਿਲੇ ਸੈਮੀਫਾਈਨਲ ਲਈ ਭਿੜੀਆਂ। ਸਮਰਾਲਾ ਵਲੋਂ ਖੇਡਦੇ ਜਾਫੀ ਲਵਪ੍ਰੀਤ ਸਹੇੜੀ ਨੇ ਨਾਰਵੇ ਦੇ ਧਾਵੀਆਂ ਗੁੱਜਰ ਟਿੱਬਾ ਨੂੰ ਦੋ ਅਤੇ ਗਾਮਾ ਟਿੱਬਾ ਅਤੇ ਜਿੰਦੂ ਟਿੱਬਾ ਨੂੰ ਇਕ ਇਕ ਜੱਫਾ ਲਾ ਕੇ ਦਰਸ਼ਕਾਂ ਨੂੰ ਆਪਣੇ ਪਿਤਾ ਸਵਰਗੀ ਭੀਮਾ ਸਹੇੜੀ ਦੀ ਯਾਦ ਤਾਜਾ ਕਰਵਾ ਦਿੱਤੀ। ਦੂਜੇ ਪਾਸੇ ਨਾਰਵੇ ਦੇ ਜਾਫੀ ਅਮਨ ਟਿੱਬਾ ਨੇ ਵੀ ਇਸ ਮੈਚ ਵਿਚ ਪੂਰੀ ਅੱਤ ਕੀਤੀ ਅਮਨ ਨੇ 5 ਜੱਫੇ ਲਾ ਕੇ ਨਾਲੇ ਆਪਣੀ ਬੱਲੇ ਬੱਲੇ ਕਰਵਾਈ ਨਾਲੇ ਟੀਮ ਨੂੰ ਖਿਤਾਬੀ ਦੌਰ ਭਾਵ ਫਾਈਨਲ ਵਿਚ ਪਹੁੰਚਾਇਆ। ਦੂਜੇ ਸੈਮੀਫਾਈਨਲ ਵਿਚ ਦਸ਼ਮੇਸ਼ ਕਲੱਬ ਨਕੋਦਰ ਨੇ ਬਾਬਾ ਹਨੂੰਮਾਨ ਸਿੰਘ ਕਬੱਡੀ ਕਲੱਬ ਮੁਹਾਲੀ ਨੂੰ ਅਤਿ ਫਸਵੇਂ ਮੁਕਾਬਲੇ ਵਿਚ ਹਰਾਇਆ। ਨਕੋਦਰ ਦਾ ਧਾਵੀ ਕੁਲਜੀਤਾ ਮਲਸੀਆਂ ਇਕ ਵਾਰ ਮਨੀ ਧਨੌਰੀ ਤੋਂ ਜੱਫਾ ਖਾਣ ਤੋਂ ਬਾਅਦ ਮੁੜ ਕਿਸੇ ਦੇ ਹੱਥ ਨਹੀਂ ਆਇਆ। ਨਕੋਦਰ ਦੇ ਜਾਫੀਆਂ ਦੀਸ਼ਾ ਆਲੋਵਾਲ ਦੇ 4 ਅਤੇ ਅੰਗਰੇਜ ਪੂਨੀਆ ਦੇ 3 ਜੱਫੇ ਟੀਮ ਨੂੰ ਫਾਈਨਲ ਵਿਚ ਪਹੁੰਚਾਉਣ ਲਈ ਕਾਫੀ ਰਹੇ।
ਹੁਣ ਤੱਕ ਪ੍ਰਬੰਧਕਾਂ ਕੋਲ ਮਾਣਯੋਗ ਮਹਿਮਾਨਾਂ ਦੀ ਇਕ ਲੰਬੀ ਕਤਾਰ ਪੁੱਜ ਚੁੱਕੀ ਸੀ। ਮੁੱਖ ਪ੍ਰਬੰਧਕਾਂ ਗੁਰਪ੍ਰੀਤ ਸਿੰਘ ਗੋਪੀ ਅਤੇ ਵਰਿੰਦਰਪਾਲ ਸਿੰਘ ਵਿੰਕੀ ਦੇ ਨਿੱਘੇ ਸੱਦੇ ‘ਤੇ ਸ. ਰਵਨੀਤ ਸਿੰਘ ਬਿੱਟੂ ਐਮ.ਪੀ., ਸ. ਸੁਖਦੇਵ ਸਿੰਘ ਲਿਬੜਾ ਐਮ.ਪੀ., ਅਤੇ ਕਾਂਗਰਸੀ ਵਿਧਾਇਕਾਂ ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ, ਜਗਮੋਹਨ ਸਿੰਘ ਕੰਗ, ਚਰਨਜੀਤ ਸਿੰਘ ਚੰਨੀ ਅਤੇ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਹਾਜਰੀ ਭਰੀ। ਨਾਲ ਹੀ ਡਾ. ਗੁਰਮੁਖ ਸਿੰਘ ਪ੍ਰਧਾਨ ਹਲਕਾ ਖੰਨਾ, ਨਰਭਿੰਦਰ ਸਿੰਘ ਰੰਗੀ ਪ੍ਰਧਾਨ ਯੂਥ ਕਾਂਗਰਸ ਮੁਹਾਲੀ, ਗੁਰਵੀਰ ਸਿੰਘ ਭੱਠਲ ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਕੰਵਲਜੀਤ ਸਿੰਘ ਬਰਾੜ ਜਨ. ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਸੈਕਟਰੀ ਯਾਦਵਿੰਦਰ ਸਿੰਘ ਕੰਗ ਵੀ ਟੂਰਨਾਮੈਂਟ ਦੀਆਂ ਰੌਣਕਾਂ ਵਧਾਉਣ ਲਈ ਉਚੇਚਾ ਪਹੁੰਚੇ।
ਕਬੱਡੀ ਦੇ ਫਾਈਨਲ ਮੈਚ ਵਿਚ ਨਾਰਵੇ ਅਤੇ ਦਸ਼ਮੇਸ਼ ਨਕੋਦਰ ਵਿਚਕਾਰ ਬੜਾ ਕਾਂਟੇ ਦਾ ਮੁਕਾਬਲਾ ਸ਼ੁਰੂ ਹੋ ਗਿਆ ਸੀ ਹਜਾਰਾਂ ਦੀ ਗਿਣਤੀ ਵਿਚ ਖੜ੍ਹੇ ਦਰਸ਼ਕ ਕਬੱਡੀ ਦੀ ਇਕ ਇਕ ਰੇਡ ਅਤੇ ਜੱਫੇ ਦਾ ਨਜਾਰਾ ਮਾਣ ਰਹੇ ਸਨ ਨੌਜਵਾਨ ਪ੍ਰਬੰਧਕਾਂ ਨੇ ਵੀ ਹਰ ਕਬੱਡੀ ਅਤੇ ਜੱਫੇ ‘ਤੇ ਨੋਟਾਂ ਦਾ ਰੁੱਗ ਲਾਉਣਾ ਸ਼ੁਰੂ ਕਰ ਦੱਤਾ ਸੀ। ਕੁਲਜੀਤੇ ਦੀਆਂ ਬੇਰੋਕ ਕਬੱਡੀਆਂ ਵਧਣ ਦੇ ਨਾਲ ਹੀ ਹਰ ਅਗਲੀ ਕਬੱਡੀ ਮਹਿੰਗੀ ਹੋਈ ਜਾ ਰਹੀ ਸੀ ਪਰ ਕੁਲਜੀਤਾ ਨਾਰਵੇ ਦੇ ਕਿਸੇ ਵੀ ਜਾਫੀ ਦੇ ਹੱਥ ਨਹੀਂ ਆਇਆ। ਪਰ ਨਾਰਵੇ ਦੇ ਜਾਫੀਆਂ ਢਿੱਲੋਂ ਪੰਡੋਰੀ, ਘੁੱਦਾ ਕਾਲਾ ਸੰਘਿਆ ਅਤੇ ਅਮਨ ਟਿੱਬਾ ਦੀ ਤਿਕੜੀ ਦੇ ਜੱਾਫੀਆਂ ਨੇ ਨਕੋਦਰ ਦੇ ਬਾਕੀ ਧਾਵੀਆਂ ਦੀ ਪੇਸ਼ ਨਾ ਜਾਣ ਦਿੱਤੀ ਅੰਤ ਨਾਰਵੇ ਦੀ ਟੀਮ ਨੇ ਨਕੋਦਰ ਨੂੰ ਸਾਢੇ 27 ਦੇ ਮੁਕਾਬਲੇ 37 ਅੰਕਾਂ ਨਾ ਹਰਾ ਕੇ ਇਕ ਲੱਖ ਰੁਪਏ ਦੇ ਪਹਿਲੇ ਪੋਹਲੋ ਮਾਜਰਾ ਕਬੱਡੀ ਕੱਪ ‘ਤੇ ਕਬਜਾ ਕਰ ਲਿਆ। ਕਬੱਡੀ ਕੱਪ ਦਾ ਬੈਸਟ ਧਾਵੀ ਕੁਲਜੀਤਾ ਮਲਸੀਆਂ ਅਤੇ ਬੈਸਟ ਜਾਫੀ ਢਿੱਲੋਂ ਪੰਡੋਰੀ ਬਣਿਆ ਜਿਨ੍ਹਾਂ ਨੂੰ 11-11 ਹਜਾਰ ਦਾ ਵਿਸ਼ੇਸ਼ ਇਨਾਮ ਦਿੱਤਾ ਗਿਆ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ. ਰਵਨੀਤ ਸਿੰਘ ਬਿੱਟੂ ਐਮ. ਪੀ. ਸ੍ਰੀ ਅਨੰਦਪੁਰ ਸਾਹਿਬ ਹੁਰਾਂ ਕੀਤੀ। ਟੂਰਨਾਮੈਂਟ ਦੀ ਕੁਮੈਂਟਰੀ ਪ੍ਰਸਿੱਧ ਬੁਲਾਰੇ ਸੁਰਜੀਤ ਸਿੰਘ ਜੀਤਾ ਕਕਰਾਲੀ ਨੇ ਆਪਣੇ ਵਿਲੱਖਣ ਅੰਦਾਜ ਵਿਚ ਕੀਤੀ। ਪੋਹਲੋ ਮਾਜਰਾ ਦਾ ਕਬੱਡੀ ਕੱਪ ਇਲਾਕੇ ਵਿਚ ਇਕੱਠ ਅਤੇ ਪ੍ਰਬੰਧ ਅਤੇ ਭਿੜਵੇ ਕਬੱਡੀ ਮੈਚਾਂ ਦਾ ਇਤਿਹਾਸ ਬਣ ਗਿਆ। ਯੂਥ ਕਾਂਗਰਸੀ ਆਗੂ ਗੁਰਪ੍ਰੀਤ ਗੋਪੀ ਅਤੇ ਵਰਿੰਦਰਪਾਲ ਵਿੰਕੀ ਨੇ ਮੇਲੇ ਨੂੰ ਸਫਲ ਬਣਾਉਣ ਲਈ ਵਿਸ਼ਾਲ ਗਿਣਤੀ ਵਿਚ ਪੁੱਜੇ ਦਰਸ਼ਕਾਂ ਦਾ ਤਹਿ ਦਿਲੋਂ ਦੰਨਵਾਦ ਕੀਤਾ।