ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਰੇਡੀਓ ਸਪਾਈਸ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਉਭਰਦੇ ਗਾਇਕ ਅਤੇ ਆਵਾਜ਼ ਪੰਜਾਬ ਦੀ ਟੀ.ਵੀ. ਪ੍ਰੋਗਰਾਮ ਦੇ ਚਰਚਿਤ ਜਗਰਾਜ ਦੀਵਾਨਾ ਦੀ ਪਲੇਠੀ ਐਲਬਮ ‘ਯੰਗ ਬਲੱਡ’ ਆਪਣੇ ਸਟੂਡੀਓ ਦੇ ਵਿਚ ਜਾਰੀ ਕੀਤੀ ਗਈ। ਇਸ ਫਨਕਾਰ ਦਾ ਇਕ ਗੀਤ ‘ਹੀਰਾ ਕੋਹੇਨੂਰ ਪੰਜਾਬੀਓ ਲੰਡਨੋ ਲੈ ਆਵੋ’ ਅੱਜ ਕੱਲ ਪੰਜਾਬੀ ਵਿਰਾਸਤ ਦੇ ਚਿੰਤਕਾਂ ਲਈ ਜਿਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਗਹਿਰਾ ਤੇ ਤਾਨੇ ਰੂਪੀ ਸੰਦੇਸ਼ ਵੰਡ ਰਿਹਾ ਹੈ। ਇਸ ਐਲਬਮ ਦੇ ਵਿਚ ਬਹੁਤੇ ਗੀਤ ਪ੍ਰਸਿੱਧ ਗੀਤਕਾਰ ਮੰਗਲ ਸਿੰਘ ਹਠੂਰ ਹੋਰਾਂ ਦੇ ਸ਼ਾਮਿਲ ਕੀਤੇ ਗਏ ਹਨ ਅਤੇ ਇਸ ਕਲਾਕਾਰ ਨੂੰ ਵਿਸ਼ੇਸ਼ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਅੱਜ ਦੇ ਰਿਲੀਜ਼ ਸਮਾਰੋਹ ਦੇ ਵਿਚ ਰੇਡੀਓ ਸਪਾਈਸ ਤੋਂ ਸਰਵ ਸ੍ਰੀ ਨਵਤੇਜ ਰੰਧਾਵਾ, ਪਰਮਿੰਦਰ ਸਿੰਘ ਪਾਪਾਟੋਏਟੋਏ, ਗੁਰਸਿਮਰਨ ਸਿੰਘ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਜੱਗੀ ਮਾਨ, ਨਵਦੀਪ ਕਟਾਰੀਆ ਤੋਂ ਇਲਾਵਾ ਪ੍ਰਿਤਪਾਲ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਮਟਰਾਂ, ਗੁਰਦੀਪ ਸਿੰਘ ਦੀਪਾ, ਭੁਪਿੰਦਰ ਸਿੰਘ (ਭਾਣਜਾ ਸ. ਮੰਗਲ ਸਿੰਘ ਹਠੂਰ), ਅਵਤਾਰ ਸਿੰਘ ਤੇ ਹੋਰ ਕਈ ਸੰਗੀਤ ਪ੍ਰੇਮੀ ਹਾਜ਼ਿਰ ਸਨ। ਇਸ ਐਲਬਮ ਦੇ ਬਾਕੀ ਗੀਤਕਾਰਾਂ ਦੇ ਵਿਚ ਸ਼ਾਮਿਲ ਹਨ ਸੇਮਾ ਜਲਾਲਪੁਰੀ, ਬਿੰਦਰ ਸਿੰਘ ਬਿੰਦਰ, ਗੁਰਿੰਦਰ ਗੁਰੀ, ਪਰਵਿੰਦਰ ਗਿੱਲ, ਇੰਜ, ਸੋਨੀ ਸੁਖ ਲੋਧੀ ਅਤੇ ਨਿਊਜ਼ੀਲੈਂਡ ਵਸਦੇ ਸ਼ਾਇਰ ਸ਼ੇਰਗਿਲ ਸੀਕਰੀ। ਇਸ ਕਲਾਕਾਰ ਦਾ ਚਰਚਿਤ ਗੀਤ ਹੇਠ ਲਿਖੇ ਲਿੰਕ ਉਤੇ ਵੇਖਿਆ ਜਾ ਸਕਦਾ ਹੈ।