ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਿਚ ਲੱਖਾਂ ਡਾਲਰ ਨਿਵੇਸ਼ ਕਰਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਸੁਪਨਾ ਸੰਜੋਅ ਕੇ ਬਿਜਨਸ ਵੀਜ਼ੇ ’ਤੇ ਆਏ ਦਿੱਲੀ ਦੇ ਸ੍ਰੀ ਦੀਪਕ ਕੁਕਰੇਜ਼ਾ ਦਾ ਇਹ ਸੁਪਨਾ ਕੱਲ੍ਹ ਹੋਈ ਲੁੱਟ-ਘਸੁੱਟ ਦੀ ਘਟਨਾ ਨਾਲ ਚਕਨਾਚੂਰ ਹੋ ਕੇ ਰਹਿ ਗਿਆ। ਇਹ ਪਰਿਵਾਰ ਨਵੀਂ ਦਿੱਲੀ ਤੋਂ ਛੇ ਕੁ ਮਹੀਨੇ ਪਹਿਲਾਂ ਇਥੇ ਆਇਆ ਸੀ ਅਤੇ ਆਕਲੈਂਡ ਦੇ ਪੈਨਮਿਊਰ ਇਲਾਕੇ ਵਿਚ ਮੋਬਾਇਲਾਂ ਦੀ ਦੁਕਾਨ ਖੋਲ੍ਹੀ ਸੀ। ਬੀਤੇ ਕੱਲ੍ਹ ਸ਼ਾਮ 6.30 ਕੁ ਵਜੇ ਜਦੋਂ ਇਹ ਪਤੀ-ਪਤਨੀ ਦੁਕਾਨ ਬੰਦ ਕਰਨ ਲੱਗੇ ਤਾਂ ਇਕ ਲੁਟੇਰਾ ਗਾਹਕ ਬਣ ਕੇ ਆਇਆ ਅਤੇ ਫੋਨ ਵਿਖਾਉਣ ਦੀ ਮੰਗ ਕੀਤੀ। ਕੁਝ ਕੁ ਮਿੰਟਾ ਬਾਅਦ ਜਦੋਂ ਉਹ ਅਜੇ ਮੋਬਾਇਲ ਵਿਖਾਉਣ ਹੀ ਲੱਗੇ ਸਨ ਤਾਂ ਦੂਜਾ ਵਿਅਕਤੀ ਅੰਦਰ ਆ ਕੇ ਪਹਿਲੇ ਵਿਅਕਤੀ ਨੂੰ ਗਾਲ੍ਹਾਂ ਕੱਢਣ ਲੱਗਾ ਕਿ ਤੂੰ ਮੇਰੀ ਕਾਰ ਭੰਨੀ ਹੈ ਅਤੇ ਹੁਣ ਲੁਕ ਗਿਆ ਹੈਂ। ਉਸ ਨੇ ਦੁਕਾਨਦਾਰ ਸਾਹਮਣੇ ਉਸ ਨੂੰ ਹੋਰ ਵੀ ਬੁਰਾ-ਭਰਾ ਕਿਹਾ ਅਤੇ ਪੁਲਿਸ ਦੇ ਆ ਜਾਣ ਤੱਕ ਅੰਦਰ ਡੱਕਣ ਦਾ ਬਹਾਨਾ ਲਾ ਕੇ ਆਪ ਹੀ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ। ਜਦ ਕਿ ਇਹ ਸਾਰਾ ਝੂਠਾ ਡਰਾਮਾ ਸੀ ਅਤੇ ਉਨ੍ਹਾਂ ਦੋਨਾਂ ਲੁਟੇਰਿਆਂ ਨੇ ਤੁਰੰਤ ਇਸ ਪਤੀ-ਪਤਨੀ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਮੂੰਹ, ਢਿੱਡ, ਬਾਹਾਂ ਅਤੇ ਪੂਰੇ ਸਰੀਰ ਨੂੰ ਬੁਰੀ ਤਰ੍ਹਾਂ ਭੰਨ ਸੁਟਿਆ। ਉਨ੍ਹਾਂ ਨੇ ਵੱਡੇ ਚਾਕੂ ਵੀ ਕੱਢ ਲਏ ਅਤੇ ਕਿਹਾ ਕਿ ਜੇਕਰ ਜਿਆਦਾ ਬੋਲਣ ਦੀ ਕੋਸ਼ਿਸ ਕੀਤੀ ਤਾਂ ਉਹ ਕਤਲ ਕਰ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਗੱਲੇ, ਸਿਗਰਟਾਂ ਅਤੇ ਮੋਬਾਇਲ ਸ਼ੋਅ ਕੇਸ ਦੀ ਚਾਬੀ ਮੰਗਣੀ ਸ਼ੁਰੂ ਕੀਤੀ ਤੇ ਨਾਲ-ਨਾਲ ਕੁੱਟਦੇ ਰਹੇ। ਬਾਅਦ ਵਿਚ ਇਨ੍ਹਾਂ ਦੋਵਾਂ ਨੂੰ ਦੁਕਾਨ ਦੇ ਪਿਛੇ ਬਣੇ ਛੋਟੇ ਜਿਹੇ ਕਮਰੇ ਵਿਚ ਲੈ ਗਏ ਅਤੇ ਉਥੇ ਉਨ੍ਹਾਂ ਦੇ ਮੂੰਹ ਉਤੇ ਟੇਪਾਂ ਲਾ ਦਿੱਤੀਆਂ, ਹੱਥ ਪੈਰ ਪਲਾਸਟਿਕ ਟੇਪ ਨਾਲ ਬੰਨ੍ਹ ਦਿੱਤੇ ਅਤੇ ਹੋਰ ਮਾਰ-ਮਾਰ ਕੇ ਚਾਬੀਆਂ ਅਤੇ ਮਹਿੰਗੇ ਸਾਮਾਨ ਬਾਰੇ ਪੁਛਦੇ ਰਹੇ। ਉਹ ਲਗਪਗ 2 ਘੰਟੇ ਤੱਕ ਦੁਕਾਨ ਦੇ ਅੰਦਰ ਲੁੱਟ ਨੂੰ ਅੰਜ਼ਾਮ ਦਿੰਦੇ ਰਹੇ। ਜਦੋਂ ਸਾਰਾ ਸਾਮਾਨ ਜਿਨ੍ਹਾਂ ਦੇ ਵਿਚ 300 ਤੋਂ ਜਿਆਦਾ ਨਵੇਂ ਮਹਿੰਗੇ ਫੋਨ ਵੀ ਸਨ, ਉਨ੍ਹਾਂ ਇਕੱਤਰ ਕਰ ਲਏ ਤਾਂ ਕੌਂਸਿਲ ਦੇ ਵੱਡੇ ਕੂੜਾਦਾਨ ਵਿਚ ਉਨ੍ਹਾਂ ਮੋਬਾਇਲ ਭਰਨੇ ਸ਼ੁਰੂ ਕੀਤੇ ਅਤੇ ਹੌਲੀ-ਹੋਲੀ ਕਰਕੇ ਬਾਹਰ ਲਿਜਾ ਕੇ ਦੁਕਾਨ ਮਾਲਕ ਦੀ ਕਾਰ ਵਿਚ ਹੀ ਰੱਖਣ ਲੱਗੇ। ਇਕ ਵਿਅਕਤੀ ਇਸ ਦੌਰਾਨ ਦੁਕਾਨ ਦੇ ਸ਼ੀਸ਼ੇ ਸਾਫ ਕਰਨ ਲੱਗ ਪਿਆ ਤਾਂ ਕਿ ਸੜਕ ’ਤੇ ਜਾਂਦੇ ਲੋਕਾਂ ਨੂੰ ਲੱਗੇ ਕਿ ਕੋਈ ਸਫਾਈ ਕਰਨ ਵਾਲੇ ਹਨ। ਸਾਰੇ ਮੋਬਾਇਲ ਕਾਰ ਵਿਚ ਸੈਟ ਕਰਕੇ ਉਹ ਕੂੜਾਦਾਨ ਅੰਦਰ ਛੱਡ ਗਏ ਅਤੇ ਇਨ੍ਹਾਂ ਪਤੀ-ਪਤਨੀ ਨੂੰ ਵੀ ਬੰਨ੍ਹਿਆਂ ਹੋਇਆਂ ਨੂੰ ਪਿਛਲੇ ਕਮਰੇ ਵਿਚ ਛੱਡ ਗਏ। ਬੜੀ ਮੁਸ਼ਕਿਲ ਨਾਲ ਰੀਂਗ-ਰੀਂਗ ਕੇ ਸੀ ਦੀਪਕ ਕੁਕਰੇਜਾ ਨੇ ਲਾਗੇ ਇਕ ਚਾਈਨੀਜ਼ ਰੈਸਟੋਰੈਂਟ ’ਤੇ ਜਾ ਕੇ ਸਾਰੀ ਘਟਨਾ ਦੱਸੀ ਅਤੇ ਆਪਣੀ ਪਤਨੀ ਨੂੰ ਬਾਅਦ ਵਿਚ ਕੈਂਚੀ ਨਾਲ ਟੇਪਾਂ ਕੱਟ ਕੇ ਮੁਕਤ ਕਰਵਾਇਆ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਐਂਬੂਲੈਂਸ ਵਾਲੇ ਇਨ੍ਹਾਂ ਦੇ ਡੂੰਘੀਆ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਲੈ ਗਏ ਜਿਥੇ ਸ੍ਰੀ ਦੀਪਕ ਕੁਕਰੇਜਾਨ ਨੂੰ ਤੜਕੇ ਅਤੇ ਉਨ੍ਹਾਂ ਦੀ ਪਤਨੀ ਨੂੰ ਸੇਵੇਰੇ ਛੁੱਟੀ ਦਿੱਤੀ ਗਈ। ਪੁਲਿਸ ਨੇ ਨਿਸ਼ਾਨ ਆਦਿ ਲੈ ਕੇ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ, ਪਰ ਇਸ ਪਰਿਵਾਰ ਦਾ ਇਥੇ ਆਉਣ ਦਾ ਮਕਸਦ ਖਿੰਡ-ਪੁੰਡ ਹੀ ਗਿਆ ਹੈ। 14-15 ਸਾਲਾ ਇਕ ਬੇਟੇ ਅਤੇ ਇਕ ਬੇਟੀ ਨਾਲ ਆਏ ਇਸ ਪਰਿਵਾਰ ਦਾ ਦੇਸ਼ ਤੋਂ ਵਿਸ਼ਵਾਸ਼ ਉਠ ਗਿਆ ਹੈ ਅਤੇ ਬੜੇ ਦੁੱਖ ਭਰੀ ਵਿਥਿਆ ਸੁਣਾਂਦਿਆਂ ਉਨ੍ਹਾਂ ਕਿਹਾ ਕਿ ਉਹ ਲੱਖਾਂ ਡਾਲਰ ਲਾ ਕੇ ਇਥੇ ਲੁੱਟ-ਪੁੱਟ ਹੋਣ ਨਹੀਂ ਆਏ ਸਨ। ਡਾਕੂ ਐਨੇ ਸ਼ਾਤਿਰ ਸਨ ਕਿ ਉਹ ਸੀ.ਸੀ. ਟੀ.ਵੀ. ਕੈਮਰਾ ਆਦਿ ਵੀ ਪੁੱਟ ਕੇ ਨਾਲ ਹੀ ਲੈ ਗਏ। ਪੁਲਿਸ ਨੂੰ ਲੁੱਟੀ ਗਈ ਕਾਰ ਤਾਂ ਲੱਭ ਗਈ ਹੈ, ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਭਾ। ਇਹ ਲੁਟੇਰੇ ਜਾਣ ਲੱਗੇ ਉਹ ਇਹ ਵੀ ਕਹਿ ਕੇ ਗਏ ਹਨ ਕਿ ਉਹ ਦੁਬਾਰਾ ਫਿਰ ਆਉਣਗੇ। ਇਹ ਪਰਿਵਾਰ ਅਤੇ ਇਨ੍ਹਾਂ ਦੇ ਬੱਚੇ ਇਸ ਵੇਲੇ ਬਹੁਤ ਘਬਰਾਏ ਅਤੇ ਸਹਿਮੇ ਹੋਏ ਹਨ ਅਤੇ ਆਪਣੇ ਦੇਸ਼ ਵਾਪਿਸ ਪਰਤਣ ਦੀ ਸੋਚ ਰਹੇ ਹਨ। ਯਾਦ ਰਹੇ ਕਿ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਬੀਤੇ ਕੁਝ ਵਰ੍ਹਿਆਂ ਤੋਂ ਇਨ੍ਹਾਂ ਅਪਰਾਧੀ ਅਨਸਰਾਂ ਵੱਲੋਂ ਸੌਖਿਆਂ ਹੀ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਅਤੇ ਬਾਅਦ ਵਿਚ ਰਾਜਨੀਤਕ ਜਾਂ ਕਾਨੂੰਨੀ ਤੌਰ ਦੇ ਉਤੇ ਕੋਈ ਜਿਆਦਾ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ। ਅਜਿਹਾ ਘਟਨਾਵਾਂ ਪ੍ਰਵਾਸੀ ਭਾਰਤੀਆਂ ਲਈ ਇਮੀਗ੍ਰੇਸ਼ਨ ਵੱਲੋਂ ਬਣਾਈਆਂ ਨੀਤੀਆਂ ਦਾ ਮੂੰਹ ਚਿੜਾਉਣ ਦਾ ਕੰਮ ਕਰਨਗੀਆਂ।
ਨਿਊਜ਼ੀਲੈਂਡ ’ਚ ਭਾਰਤੀ ਜੋੜੇ ਨੂੰ ਦੁਕਾਨ ਅੰਦਰ ਹੱਥ-ਪੈਰ ਬੰਨ੍ਹ ਕੇ ਕੁਟਿਆ ਅਤੇ ਹਜ਼ਾਰਾਂ ਡਾਲਰ ਦੇ ਮੋਬਾਇਲ ਲੁੱਟੇ
This entry was posted in ਅੰਤਰਰਾਸ਼ਟਰੀ.