ਨਵੀਂ ਦਿੱਲੀ- ਐਫਡੀਆਈ ਮੁੱਦੇ ਤੇ ਔਪੋਜੀਸ਼ਨ ਦੇ ਭਾਰੀ ਵਿਰੋਧ ਕੀਤੇ ਜਾਣ ਤੇ ਕੇਂਦਰ ਸਰਕਾਰ ਸੰਸਦ ਵਿੱਚ ਵੋਟਾਂ ਕਰਵਾਉਣ ਲਈ ਸਹਿਮੱਤ ਹੋ ਗਈ ਹੈ। ਸਰਕਾਰ ਦੇ ਰਣਨੀਤੀਕਾਰ ਹੁਣ ਤੋਂ ਹੀ ਆਪਣਿਆਂ ਅਤੇ ਪਰਾਇਆਂ ਨਾਲ ਸੰਪਰਕ ਸਾਧਣ ਵਿੱਚ ਰੁੱਝ ਗਏ ਹਨ। ਸੰਭਾਵਿੱਤ ਨਤੀਜਿਆਂ ਬਾਰੇ ਅਜੇ ਕੁਝ ਵੀ ਕਹਿਣ ਤੋਂ ਸਰਕਾਰ ਪੱਲਾ ਝਾੜ ਰਹੀ ਹੈ।
ਲੋਕਸੱਭਾ ਵਿੱਚ ਜਿੱਤ ਦੀ ਉਮੀਦ ਦੇ ਬਾਵਜੂਦ ਸਰਕਾਰ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਸਰਕਾਰ ਬਾਹਰ ਤੋਂ ਸਮਰਥਣ ਦੇ ਰਹੇ ਦਲਾਂ ਦੇ ਰਹ ਇੱਕ ਮੈਂਬਰ ਨਾਲ ਰਾਬਤਾ ਬਣਾਏ ਹੋਏ ਹੈ। ਸਰਕਾਰ ਦੇ ਰਣਨੀਤੀਕਾਰ ਚੰਦਰ ਬਾਬੂ ਨਾਇਡੋ ਦੀ ਤੇਦੇਪਾ ਨਾਲ ਵੀ ਸੰਪਰਕ ਕਰ ਰਹੇ ਹਨ। ਸੰਸਦ ਵਿੱਚ ਐਫਡੀਆਈ ਤੇ ਵੋਟਾਂ ਸਬੰਧੀ ਸਪਾ ਅਤੇ ਬਸਪਾ ਨੇ ਅਜੇ ਆਪਣਾ ਰੁੱਖ ਕਲੀਅਰ ਨਹੀਂ ਕੀਤਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਦਲ ਸੰਸਦ ਵਿੱਚ ਸਰਕਾਰ ਲਈ ਕੋਈ ਸੰਕਟ ਖੜ੍ਹਾ ਨਹੀਂ ਕਰਨਗੇ।ਛੋਟੇ ਦਲਾਂ ਤੇ ਵੀ ਡੋਰੇ ਪਾਏ ਜਾ ਰਹੇ ਹਨ।
ਰਾਜ ਸੱਭਾ ਵਿੱਚ ਸਰਕਾਰ ਆਪਣੀ ਕਮਜੋਰ ਸਥਿਤੀ ਨੂੰ ਭਾਂਪ ਗਈ ਹੈ। ਲੋਕਸੱਭਾ ਵਿੱਚ ਜੇ ਐਫਡੀਆਈ ਸਬੰਧੀ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਰਾਜ ਸੱਭਾ ਵਿੱਚ ਜੇ ਬਹੁਮੱਤ ਨਹੀਂ ਵੀ ਮਿਲਦਾ, ਤਾਂ ਵੀ ਸਰਕਾਰ ਇਸ ਤੇ ਅਮਲ ਕਰ ਸਕਦੀ ਹੈ। ਪਰ ਆਪਣੀ ਸਾਖ ਬਚਾਉਣ ਲਈ ਸਰਕਾਰ ਛੋਟੇ ਵੱਡੇ ਸਾਰੇ ਦਲਾਂ ਦੇ ਨਖਰੇ ਝੱਲ ਰਹੀ ਹੈ।