ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਕੇਰਲਾ ਰਾਜ ਨਾਲ ਸਬੰਧ ਰੱਖਣ ਵਾਲੀ 11 ਸਾਲਾ ਭਾਰਤੀ ਕੁੜੀ ‘ਜੈਸੀ ਹਿਲੇਲ’ ਜੋ ਕਿ ਆਪਣੇ ਮਾਪਿਆਂ ਦੇ ਨਾਲ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਰਹਿੰਦੀ ਹੈ, ‘ਨਿਊਜ਼ੀਲੈਂਡ ਗੌਟ ਟੇਲੇਂਟ’ ਟੀ.ਵੀ. ਸ਼ੋਅ ਦੇ ਵਿਚ ਪਹਿਲੇ ਦਿਨ ਤੋਂ ਹੀ ਇੰਗਲਿਸ਼ ਗੀਤ ਗਾ ਕੇ ਦਰਸ਼ਕਾਂ ਦਾ ਅਤੇ ਗੋਰੇ-ਗੋਰੀਆਂ ਦਾ ਧਿਆਨ ਆਪਣੇ ਵੱਲ ਖਿਚ ਰਹੀ ਸੀ। ਲੰਬੇ ਮੁਕਾਬਲੇ ਬਾਅਦ ਇਸ ਭਾਰਤੀ ਕੁੜੀ ਨੂੰ ਅੰਤਿਮ ਗੇੜ ਦੇ ਲਈ ਚੁਣ ਲਿਆ ਗਿਆ ਸੀ ਤੇ ਬੀਤੀ ਰਾਤ ਹੋਏ ਅੰਤਿਮ ਮੁਕਾਬਲੇ ਵਿਚ ਇਸ ਕੁੜੀ ਨੂੰ ਰਨਰ ਅਪ (ਦੂਸਰੇ ਨੰਬਰ) ’ਤੇ ਐਲਾਨਿਆ ਗਿਆ ਹੈ ਜਦ ਕਿ ਪਹਿਲੇ ਨੰਬਰ ’ਤੇ ਇਕ ਹੋਰ 11 ਸਾਲਾ ਕੁੜੀ ਕਲਾਰਾ ਵੈਨ ਵੈਲ ਰਹੀ ਅਤੇ ਤੀਸਰੇ ਨੰਬਰ ’ਤੇ 17 ਸਾਲਾ ਈਵਨ ਸਿਨਟੋਨ ਰਿਹਾ ਹੈ। ਇਸ ਕੁੜੀ ਦੇ ਮਾਤਾ-ਪਿਤਾ ਆਈ.ਟੀ. ਖੇਤਰ ਵਿਚ ਨੌਕਰੀ ਕਰਦੇ ਹਨ। ਇਸ ਦੀ ਇਕ 15 ਸਾਲਾ ਭੈਣ ‘ਜੂਲੀ’ ਵੀ ਹੈ ਜੋ ਕਿ ਇਕ ਵਧੀਆ ਪੇਂਟਿਗ ਕਲਾਕਾਰ ਹੈ। 2 ਸਾਲ ਦੀ ਉਮਰ ਤੋਂ ਇਸ ਕੁੜੀ ਨੇ ਗਾਉਣਾ ਸਿੱਖਣਾ ਸ਼ੁਰੂ ਕੀਤਾ ਹੋਇਆ ਹੈ। 5 ਸਾਲ ਦੀ ਉਮਰ ਵਿਚ ਉਸ ਨੇ ਪਿਆਨੋ ਸਿੱਖਣਾ ਸ਼ੁਰੂ ਕੀਤਾ ਅਤੇ ਇਸ ਵੇਲੇ ਗਿਟਾਰ ਸਿੱਖ ਰਹੀ ਹੈ। ਪਿਛਲੇ ਸਾਲ ਇਨ੍ਹਾਂ ਦੋਵਾਂ ਭੈਣਾ ਨੂੰ ਟੀ.ਵੀ. ਐਨ. ਜ਼ੈਡ ਦੇ ‘ਰਾਈਜਿੰਗ ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਸ਼ੋਅ ਦੇ ਜੱਜਾਂ ਵਿਚ ਨਿਊਜ਼ੀਲੈਂਡ ਜੰਮਪਲ ਤੇ ਅਮਰੀਕਾ ਵਾਸੀ ਪ੍ਰਸਿੱਧ ਮਾਡਲ ਤੇ ਐਕਟ੍ਰੈਸ ਰੈਚਲ ਹੰਟਰ, ਪ੍ਰਸਿੱਧ ਰੌਕ ਸਟਾਰ ਜੈਸਨ ਕੇਰੀਸਨ ਤੇ ਬ੍ਰਿਟਿਸ਼ ਗਾਇਕ ਅਲੀ ਕੈਂਪਬਲ ਸ਼ਾਮਿਲ ਸਨ।
‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਵਿਚ 11 ਸਾਲਾ ਭਾਰਤੀ ਕੁੜੀ ਦੂਸਰੇ ਨੰਬਰ ’ਤੇ ਆਈ
This entry was posted in ਅੰਤਰਰਾਸ਼ਟਰੀ.