ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ਼ਹਿਰ ਪੁੱਕੀਕੁਈ ਵਿਖੇ ਰਹਿੰਦੇ ਸ੍ਰੀ ਕਰਨੈਲ ਸਿੰਘ ਬੱਧਣ ‘ਜਸਟਿਸ ਆਫ਼ ਦਾ ਪੀਸ’ (ਜੇ.ਪੀ.) ਬਣ ਗਏ ਹਨ। ਉਨ੍ਹਾਂ ਨੂੰ ਪਿਛਲੇ ਦਿਨੀਂ ਸਹੁੰ ਚੁਕਾਈ ਗਈ ਅਤੇ ਸਰਟੀਫਿਕੇਟ ਭੇਟ ਕੀਤਾ ਗਿਆ ਹੈ। ਇਸ ਅਹੁਦੇ ਨਾਲ ਉਹ ਕਿਸੇ ਵੀ ਭਾਈਚਾਰੇ ਦੇ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਇਆ ਕਰਨਗੇ ਜਿਵੇਂ ਦਸਤਖਤ ਤਸਦੀਕ, ਸਰਟੀਫਿਕੇਟ ਤਸਦੀਕ, ਸਕੂਲਾਂ ਦੇ ਵਿਚ ਬੱਚਿਆਂ ਦੇ ਦਾਖਲੇ ਸਮੇਂ ਰਿਹਾਇਸ਼ ਸਬੰਧੀ ਫਾਰਮ ਤਸਦੀਕ ਆਦਿ। ਇਸ ਤਰ੍ਹਾਂ ਦੇ ਹੋਰ ਸਰਕਾਰੀ ਤੇ ਅਰਧ ਸਰਕਾਰੀ ਕੰਮਾਂ ਦੇ ਵਿਚ ਵੀ ਉਹ ਸਹਾਇਤਾ ਕਰਨ ਦੇ ਯੋਗ ਹੋਣਗੇ। ਸ੍ਰੀ ਕਰਨੈਲ ਸਿੰਘ ਬੱਧਣ ਦਾ ਜੱਦੀ ਪਿੰਡ ਡੱਫਰ ਜਿਲ੍ਹਾ ਹੁਸ਼ਿਆਰਪੁਰ ਹੈ ਪਰ ਇਹ ਪਰਿਵਾਰ ਬਹੁਤ ਚਿਰ ਪਹਿਲਾਂ ਨਵੀਂ ਦਿੱਲੀ ਵਸ ਗਿਆ ਸੀ। ਉਹ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਅਤੇ ਅੰਬੇਡਕਰ ਸਪੋਰਟਸ ਕਲੱਬ ਦੇ ਫਾਊਂਡੇਸ਼ਨ ਮੈਂਬਰ ਹਨ ਜਦ ਕਿ ਉਹ ਗੋਪੀਓ ਨਿਊਜ਼ੀਲੈਂਡ ਚੈਪਟਰ ਦੇ ਸੰਯੁਕਤ ਸਕੱਤਰ, ਪੁੱਕੀਕੁਈ ਇੰਡੀਅਨ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਤੇ ਨੈਸ਼ਨਲ ਪਾਰਟੀ ਦੀ ਇਕਾਈ ਗਲੋਬਲ ਇੰਡੀਅਨਜ਼ ਦੇ ਮੀਤ ਪ੍ਰਧਾਨ ਹਨ। ਕਾਰੋਬਾਰ ਦੇ ਤੌਰ ’ਤੇ ਉਹ ਜਾਇਕਾ ਰੈਸਟੋਰੈਂਟ ਚਲਾਉਂਦੇ ਰਹੇ ਹਨ ਅਤੇ ਹੁਣ ਕਈ ਸਾਲਾਂ ਤੋਂ ਪ੍ਰਾਪਰਟੀ ਡਿਵੈਲਪਰ ਦੇ ਨਾਲ-ਨਾਲ ਪ੍ਰਾਜੈਕਟ ਮੈਨੇਜਰ ਦਾ ਕੰਮ ਵੀ ਵੇਖ ਰਹੇ ਹਨ। ਭਾਰਤੀ ਭਾਈਚਾਰੇ ਵੱਲੋਂ ਸ੍ਰੀ ਕਰਨੈਲ ਸਿੰਘ ਬੱਧਣ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।