ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ 8 ਦਸੰਬਰ ਨੂੰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ: ਮਨਮੋਹਨ ਸਿੰਘ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਵਿਕਾਸ ਪੁਰਸ਼ ਸ: ਪਰਕਾਸ਼ ਸਿੰਘ ਬਾਦਲ, ਹਰੇ ਇਨਕਲਾਬ ਦੀ ਯੋਜਨਾਕਾਰੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਅਤੇ ਇਸ ਵੇਲੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਾਬਕਾ ਡਾਇਰੈਕਟਰ ਜਨਰਲ ਡਾ: ਰਾਜਿੰਦਰ ਸਿੰਘ ਪੜੌਦਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਹਿਲੇ ਨਿਰਦੇਸ਼ਕ ਖੋਜ ਅਤੇ ਅੰਤਰਰਾਸ਼ਟਰੀ ਖੋਜ ਸੰਸਥਾ ਇਕਰੀਸੈਟ, ਹੈਦਰਾਬਾਦ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਭੂਮੀ ਵਿਗਿਆਨੀ ਡਾ: ਜਸਵੰਤ ਸਿੰਘ ਕੰਵਰ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਬਲਦੇਵ ਸਿੰਘ ਢਿੱਲੋਂ ਸੁਆਗਤੀ ਸ਼ਬਦ ਕਹਿਣਗੇ ਅਤੇ ਡਾਕਟਰ ਆਫ ਸਾਇੰਸ ਡਿਗਰੀ ਹਾਸਿਲ ਕਰਨ ਵਾਲੀਆਂ ਪੰਜ ਸਖਸ਼ੀਅਤਾਂ ਬਾਰੇ ਜੀਵਨ ਪ੍ਰਾਪਤੀ ਪੱਤਰ ਪੜ੍ਹਨਗੇ। ਪੰਜਾਬ ਦੇ ਮਾਨਯੋਗ ਗਵਰਨਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼ੀ ਸ਼ਿਵਰਾਜ ਵੀ ਪਾਟਿਲ ਇਹ ਡਿਗਰੀਆਂ ਪ੍ਰਦਾਨ ਕਰਨਗੇ। ਡਾ: ਮਹੇ ਨੇ ਦੱਸਿਆ ਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕਨਵੋਕੇਸ਼ਨ ਭਾਸ਼ਣ ਦੇਣਗੇ। ਇਸ ਮੌਕੇ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਸ਼ਿਵਰਾਜ ਵੀ ਪਾਟਿਲ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਵੀ ਸੰਬੋਧਨ ਕਰਨਗੇ। ਡਾ: ਮਹੇ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਵਿੱਚ ਪੀ ਐੱਚ ਡੀ ਦੀਆਂ 32 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ।
ਡਾ: ਰਾਜ ਕੁਮਾਰ ਮਹੇ ਅਨੁਸਾਰ ਸਾਲ 2011 ਲਈ ਮਨਦੀਪ ਕੌਰ ਨੂੰ ਡਾ: ਪੀ ਐਨ ਥਾਪਰ ਗੋਲਡ ਮੈਡਲ, ਸਾਲ 2010-11 ਲਈ ਕੁਲਬੀਰ ਸਿੰਘ ਨੂੰ ਸ: ਕਰਤਾਰ ਸਿੰਘ ਕਾਹਲੋਂ ਗੋਲਡ ਮੈਡਲ ਅਤੇ ਸਾਲ 2010-11 ਲਈ ਪੂਜਾ ਮਨਚੰਦਾ ਨੂੰ ਡਾ: ਅਵਤਾਰ ਸਿੰਘ ਅਟਵਾਲ ਗੋਲਡ ਮੈਡਲ ਪ੍ਰਦਾਨ ਕੀਤੇ ਜਾਣਗੇ। ਇਹ ਤਿੰਨੇ ਗੋਲਡ ਮੈਡਲ ਮਾਨਯੋਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ ਪ੍ਰਦਾਨ ਕਰਨਗੇ।
ਯੂਨੀਵਰਸਿਟੀ ਦੇ ਰਜਿਸਟਰਾਰ ਵੱਲੋਂ ਅੱਜ ਜਾਰੀ ਆਦੇਸ਼ ਅਨੁਸਾਰ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ 8 ਦਸੰਬਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦੇ ਆਉਣ ਕਾਰਨ ਯੂਨੀਵਰਸਿਟੀ ਦੇ ਗੇਟ ਨੰਬਰ 4 ਅਤੇ ਗੇਟ ਨੰਬਰ 5 ਹੀ ਖੁੱਲੇ ਰਹਿਣਗੇ। ਅਧਿਆਪਕਾਂ, ਕਰਮਚਾਰੀਆਂ ਨੂੰ ਉਨ੍ਹਾਂ ਹਦਾਇਤ ਦਿੱਤੀ ਹੈ ਕਿ ਗੇਟ ਤੋਂ ਅੰਦਰ ਆਉਣ ਲਈ ਉਹ ਆਪੋ ਆਪਣੇ ਯੂਨੀਵਰਸਿਟੀ ਵੱਲੋਂ ਜਾਰੀ ਪਛਾਣ ਪੱਤਰ ਕੋਲ ਰੱਖਣ। ਇਹ ਸੁਰੱਖਿਆ ਕਾਰਨਾਂ ਕਰਕੇ ਜ਼ਰੂਰੀ ਹੈ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਸਹਿਗਲ ਨੇ ਦੱਸਿਆ ਕਿ ਇਸ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼੍ਰੀ ਮੁਨੀਸ਼ ਤਿਵਾੜੀ ਅਤੇ ਕਈ ਹੋਰ ਮਾਨਯੋਗ ਸਖਸ਼ੀਅਤਾਂ ਵੀ ਪਹੁੰਚ ਰਹੀਆਂ ਹਨ।