ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਛੇਵੇਂ ਦਹਾਕੇ ਵਿੱਚ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਹਰਾ ਇਨਕਲਾਬ ਲਿਆ ਕੇ ਦੇਸ਼ ਦੀ ਅਗਵਾਈ ਕੀਤੀ ਸੀ, ਹੁਣ ਕੁਦਰਤੀ ਸੋਮਿਆਂ ਦੇ ਖੋਰੇ ਅਤੇ ਮੌਸਮੀ ਤਬਦੀਲੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਤੀਬਾੜੀ ਵੰਨ ਸੁਵੰਨਤਾ ਵਿਚ ਵੀ ਇਸੇ ਨੂੰ ਹੀ ਅਗਵਾਈ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰੇ ਦੀ ਮੁਬਾਰਕ ਦੇਣ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਮਾਨਯੋਗ ਪ੍ਰਧਾਨ ਮੰਤਰੀ ਨੇ ਆਖਿਆ ਕਿ ਦੂਰਦਰਸ਼ੀ ਸਿਆਸਤਦਾਨ ਸ: ਪ੍ਰਤਾਪ ਸਿੰਘ ਕੈਰੋਂ ਨੂੰ ਅੱਜ ਚੇਤੇ ਕਰਨਾ ਬਣਦਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਪੰਜਾਬ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ ਸਿਖ਼ਰਾਂ ਛੋਹ ਸਕਿਆ।
ਡਾ: ਮਨਮੋਹਨ ਸਿੰਘ ਨੇ ਆਖਿਆ ਕਿ ਪੰਜਾਬ ਦੀ ਖੇਤੀਬਾੜੀ ਇਸ ਵੇਲੇ ਜਿਹੜੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਰਹੀ ਹੈ ਉਸ ਨੂੰ ਵਿਗਿਆਨਕ ਮੁਹਾਰਤ ਅਤੇ ਯੋਗ ਅਗਵਾਈ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਬਦਲਦੇ ਹਾਲਾਤ ਨਾਲ ਚੁਣੌਤੀਆਂ ਵੀ ਨਵਾਂ ਰੂਪ ਧਾਰਨ ਕਰਦੀਆਂ ਹਨ। ਇਸ ਲਈ ਸਾਨੂੰ ਜਲ ਸੋਮਿਆਂ ਦੀ ਸੰਭਾਲ ਕਰਦੇ ਹੋਏ ਪਾਏਦਾਰ ਖੇਤੀ ਲਈ ਬਦਲਵੀਆਂ ਫ਼ਸਲਾਂ ਵੱਲ ਮੁੜਨਾ ਪਵੇਗਾ। ਪੰਜਾਬ ਦੇ 80 ਫੀ ਸਦੀ ਬਲਾਕ ਜਲ ਸੋਮਿਆਂ ਦੀ ਵਧੇਰੇ ਵਰਤੋਂ ਕਾਰਨ ਕਾਲੇ ਘੇਰੇ ਵਿੱਚ ਆ ਗਏ ਹਨ। ਇਸ ਲਈ ਸਾਨੂੰ ਇਸ ਦਾ ਧਿਆਨ ਕਰਨਾ ਪਵੇਗਾ।ਉਨ੍ਹਾਂ ਆਖਿਆ ਕਿ ਕਿਸਾਨ ਦੀ ਆਮਦਨ ਵਧਾਉਣ ਲਈ ਖੇਤੀ ਖਰਚੇ ਘਟਾਉਣੇ ਅਤੇ ਕਣਕ-ਝੋਨਾ ਫ਼ਸਲ ਚੱਕਰ ਦੇ ਵਰਤਮਾਨ 80 ਫੀ ਸਦੀ ਰਕਬੇ ਵਿਚੋਂ ਹੌਲੀ ਹੌਲੀ ਰਕਬਾ ਬਦਲਵੀਆਂ ਫ਼ਸਲਾਂ ਅਧੀਨ ਲਿਆਉਣਾ ਜ਼ਰੂਰੀ ਹੈ। ਝੋਨੇ ਲਈ ਵਰਤਿਆ ਜਾਂਦਾ ਧਰਤੀ ਹੇਠਲਾ ਪਾਣੀ ਬਚਾਉਣਾ ਪਵੇਗਾ। ਉਨ੍ਹਾਂ ਆਖਿਆ ਕਿ ਦੇਸ਼ ਦੇ ਅਸਾਮ, ਬਿਹਾਰ, ਛਤੀਸਗੜ• ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚ ਫ਼ਸਲਾਂ ਦੇ ਝਾੜ ਦੀ ਸਮਰੱਥਾ ਅਤੇ ਅਸਲ ਝਾੜ ਵਿਚਕਾਰ ਅੱਧੋ ਅੱਧ ਦਾ ਫਰਕ ਹੈ। ਇਸ ਨੂੰ ਸੁਧਾਰਨਾ ਪਵੇਗਾ।
ਡਾ: ਮਨਮੋਹਨ ਸਿੰਘ ਨੇ ਆਖਿਆ ਕਿ ਕੌਮੀ ਖੁਰਾਕ ਸੁਰੱਖਿਆ ਮਿਸ਼ਨ 2007 ਵਿੱਚ ਸ਼ੁਰੂ ਕਰਨ ਦਾ ਮਨੋਰਥ ਇਹੀ ਸੀ ਕਿ ਕਣਕ, ਝੋਨਾ ਅਤੇ ਦਾਲਾਂ ਦਾ ਉਤਪਾਦਨ ਵਧਾਉਣ ਲਈ ਚੰਗੇ ਮਿਆਰੀ ਬੀਜ ਅਤੇ ਹੋਰ ਸਹੂਲਤਾਂ ਘੱਟ ਕੀਮਤਾਂ ਤੇ ਮੁਹੱਈਆ ਕਰਵਾਈਆਂ ਜਾਣ। ਇਸ ਦੇ ਚੰਗੇ ਨਤੀਜੇ ਮਿਲੇ ਹਨ।ਉਨ੍ਹਾਂ ਆਖਿਆ ਕਿ ਪੰਜਾਬ ਦੀ ਖੇਤੀਬਾੜੀ ਨੂੰ ਇਸ ਵੇਲੇ ਝੋਨੇ ਦੇ ਬਦਲਵੇਂ ਫ਼ਸਲ ਢਾਂਚੇ ਦੀ ਲੋੜ ਹੈ ਅਤੇ ਇਸ ਵਿੱਚ ਮੱਕੀ, ਨਰਮਾ, ਕਮਾਦ, ਦਾਲਾਂ, ਤੇਲ ਬੀਜ ਫ਼ਸਲਾਂ, ਫ਼ਲ ਤੇ ਸਬਜ਼ੀਆਂ ਅਧੀਨ ਰਕਬਾ ਵਧ ਸਕਦਾ ਹੈ। ਕਿਸਾਨ ਦੀ ਆਮਦਨ ਵਧਾਉਣ ਲਈ ਸਾਨੂੰ ਵਿਚੋਲਿਆਂ ਨੂੰ ਘਟਾਉਣਾ ਪਵੇਗਾ ਅਤੇ ਕਟਾਈ ਉਪਰੰਤ ਫ਼ਸਲ ਸੰਭਾਲ ਤੀਕ ਤਕਨੀਕੀ ਗਿਆਨ ਰਾਹੀਂ ਨੁਕਸਾਨ ਘਟਾਉਣੇ ਪੈਣਗੇ। ਮੰਡੀਕਰਨ ਸਮੱਸਿਆਵਾਂ ਵੀ ਘਟਾਉਣੀਆਂ ਪੈਣਗੀਆਂ। ਉਨ੍ਹਾਂ ਆਖਿਆ ਕਿ ਖਪਤਕਾਰ ਤੀਕ ਪਹੁੰਚਦੀ ਖੇਤੀ ਉਪਜ ਦਾ ਅਸਲ ਲਾਭ ਵਿਚੋਲੇ ਲੈ ਜਾਂਦੇ ਹਨ। ਇਸ ਲਈ ਸਾਨੂੰ ਸਮਰੱਥ ਸਪਲਾਈ ਲੜੀ ਵਿਕਸਤ ਕਰਨੀ ਪਵੇਗੀ। ਪੰਜਾਬ ਇਸ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਸਕਦਾ ਹੈ। ਡਾ: ਮਨਮੋਹਨ ਸਿੰਘ ਨੇ ਆਖਿਆ ਕਿ ਨਿੱਜੀ ਖੇਤਰ ਵਿੱਚ ਵੀ ਮੰਡੀਕਰਨ ਢਾਂਚਾ ਮਦਦਗਾਰ ਸਾਬਤ ਹੋ ਸਕਦਾ ਹੈ।
ਡਾ: ਮਨਮੋਹਨ ਸਿੰਘ ਨੇ ਪ੍ਰਚੂਨ ਲਈ ਵਿਦੇਸ਼ੀ ਪੂੰਜੀ ਨਿਵੇਸ਼ ਦੇ ਹਵਾਲੇ ਨਾਲ ਆਖਿਆ ਕਿ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਦਾ ਸੁਆਗਤ ਕੀਤਾ ਹੈ। ਇੰਜ ਹੋਣ ਨਾਲ ਨਵੀਆਂ ਤਕਨੀਕਾਂ ਅਤੇ ਖੇਤੀ ਉਪਜ ਲਈ ਮੰਡੀਕਰਨ ਵਾਸਤੇ ਵਿਦੇਸ਼ੀ ਪੂੰਜੀ ਨਿਵੇਸ਼ ਹੋ ਸਕੇਗਾ। ਭਾਰਤ ਨੂੰ ਇਸ ਨਵੀਂ ਤਕਨਾਲੋਜੀ ਅਤੇ ਪ੍ਰਬੰਧ ਤਜਰਬੇ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਮੈਨੂੰ ਪੱਕਾ ਯਕੀਨ ਹੈ ਕਿ ਇਸ ਤੋਂ ਕਿਸਾਨ, ਖਪਤਕਾਰ ਅਤੇ ਭਾਰਤ ਦੇ ਆਮ ਲੋਕ ਜ਼ਰੂਰ ਲਾਭ ਉਠਾਉਣਗੇ।
ਡਾ: ਮਨਮੋਹਨ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਨੂੰ ਆਖਿਆ ਕਿ ਉਹ ਨਵੀਆਂ ਮੰਡੀਕਰਨ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਹੱਲ ਸੁਝਾਉਣ, ਖੋਜ ਕਾਰਜਾਂ ਰਾਹੀਂ ਅਜਿਹੀਆਂ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਜਾਣੀਆਂ ਜ਼ਰੂਰੀ ਹਨ ਜੋ ਵੱਖ ਵੱਖ ਮੰਡੀਆਂ ਦੇ ਸੁਹਜ ਸੁਆਦ ਅਤੇ ਵਧੇਰੇ ਸਮਾਂ ਤਾਜ਼ਾ ਰਹਿਣ ਦੇ ਸਮਰੱਥ ਹੋਣ। ਉਨ੍ਹਾਂ ਆਖਿਆ ਕਿ ਨਿੱਜੀ ਸੈਕਟਰ ਨਾਲ ਅਸਰਦਾਰ ਭਾਈਵਾਲੀ ਨਾਲ ਇਹ ਕਾਰਜ ਨੇਪਰੇ ਚੜ ਸਕਦਾ ਹੈ।
ਡਾ: ਮਨਮੋਹਨ ਸਿੰਘ ਨੇ ਆਖਿਆ ਕਿ ਬਦਲਵੇਂ ਮੌਸਮੀ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਭੋਜਨ ਅਤੇ ਜੀਵਨ ਨਿਰਬਾਹ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਛੋਟੇ ਅਤੇ ਦਰਮਿਆਨ ਕਿਸਾਨ ਦਾ ਫਿਕਰ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਵਧਦੇ ਤਾਪਮਾਨ ਕਾਰਨ ਖੇਤੀ ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਕਣਕ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਜਾਣ ਜਿਨ੍ਹਾਂ ਤੇ ਸੋਕੇ ਦਾ ਮਾੜਾ ਅਸਰ ਨਾ ਪਵੇ। ਉਨ੍ਹਾਂ ਆਖਿਆ ਕਿ ਬਾਇਓ ਟੈਕਨਾਲੋਜੀ ਵਿਧੀ ਰਾਹੀਂ ਤਾਪਮਾਨ ਦੇ ਸਦਮੇ ਨੂੰ ਸਹਿਣਸ਼ੀਲ ਕਿਸਮਾਂ ਦਾ ਵਿਕਾਸ ਭਵਿੱਖ ਵਿੱਚ ਵੱਡਾ ਰੋਲ ਅਦਾ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਬੀ ਟੀ ਟੈਕਨਾਲੋਜੀ ਨੂੰ ਵੀ ਸੁਰੱਖਿਅਤ ਢੰਗ ਨਾਲ ਵਰਤਿਆ ਜਾਵੇ।ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਅਜਿਹਾ ਰੈਗੂਲੇਟਰੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਡੇ ਵਿਗਿਆਨੀਆਂ ਨੂੰ ਨਵੀਆਂ ਤਕਨੀਕਾਂ ਵਿਕਸਤ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਕਿਸਾਨਾਂ ਲਈ ਲਾਹੇਵੰਦ ਨਤੀਜੇ ਮਿਲ ਸਕਣ।
ਡਾ: ਮਨਮੋਹਨ ਸਿੰਘ ਨੇ ਆਖਿਆ ਕਿ ਖੇਤੀਬਾੜੀ ਖੋਜ ਦਾ ਦੇਸ਼ ਲਈ ਮਹੱਤਵਪੂਰਨ ਯੋਗਦਾਨ ਮੰਨਦੇ ਹੋਏ ਇਸ ਲਈ 12ਵੀਂ ਪੰਜ ਸਾਲਾ ਯੋਜਨਾ ਵਿੱਚ 0।65 ਫੀ ਸਦੀ ਤੋਂ ਵਧਾ ਕੇ ਖੇਤੀਬਾੜੀ ਕੁੱਲ ਕੌਮੀ ਉਤਪਾਦਨ ਦਾ 1 ਫੀ ਸਦੀ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਿਰਫ ਪੰਜਾਬ ਦੀ ਖੇਤੀਬਾੜੀ ਨੂੰ ਹੀ ਨਹੀਂ ਸਗੋਂ ਦੇਸ਼ ਦੀ ਖੇਤੀਬਾੜੀ ਨੂੰ ਵੀ ਅਗਵਾਈ ਦੇਵੇ।ਉਨ੍ਹਾਂ ਆਖਿਆ ਕਿ ਗੈਰ ਖੇਤੀ ਸੈਕਟਰ ਵਿਸ਼ੇਸ਼ ਕਰਕੇ ਉਤਪਾਦਨ ਖੇਤਰ ਨੂੰ ਵੀ ਸੁਯੋਗ ਕਾਮਿਆਂ ਦੀ ਜ਼ਰੂਰਤ ਹੈ। ਪੰਜਾਬ ਦੇ ਨੌਜਵਾਨਾਂ ਨੂੰ ਖੇਤੀਬਾੜੀ ਦੇ ਬਾਹਰ ਰੁਜ਼ਗਾਰ ਮੁਖੀ ਸਿਖਲਾਈ ਬੇਹੱਦ ਜ਼ਰੂਰੀ ਹੈ। ਐਗਰੋ ਪ੍ਰੋਸੈਸਿੰਗ ਦੇ ਖੇਤਰ ਵਿੱਚ ਦਿੱਤੀ ਰੁਜ਼ਗਾਰ ਮੁਖੀ ਸਿਖਲਾਈ ਵਧੇਰੇ ਫਾਇਦੇਮੰਦ ਹੋ ਸਕਦੀ ਹੈ।ਉਨ੍ਹਾਂ ਆਖਿਆ ਕਿ ਪੰਜਾਬ ਆਪਣੇ ਮਿਹਨਤੀ ਕਿਰਤੀਆਂ ਸਦਕਾ ਲਘੂ ਉਦਯੋਗ ਵਿੱਚ ਵੀ ਬੜਾ ਚੰਗਾ ਨਾਮ ਰੱਖਦਾ ਹੈ ਅਤੇ ਕੇਂਦਰ ਸਰਕਾਰ ਨੇ ਕਈ ਉਦਾਰ ਪੂੰਜੀ ਨਿਵੇਸ਼ ਫੈਸਲੇ ਕੀਤੇ ਹਨ ਜਿਸ ਨਾਲ ਸੂਬਾ ਸਰਕਾਰਾਂ ਨੂੰ ਆਪਸ ਵਿਚ ਮੁਕਾਬਲੇ ਦਾ ਮੌਕਾ ਮਿਲੇਗਾ। ਦੇਸ਼ ਵਿਦੇਸ਼ ਤੋਂ ਉੱਦਮੀ ਪ੍ਰਭਾਵਿਤ ਹੋਣਗੇ ਅਤੇ ਪੰਜਾਬ ਇਸ ਖੇਤਰ ਵਿੱਚ ਇਸ ਮੌਕੇ ਦਾ ਲਾਭ ਉਠਾ ਸਕਦਾ ਹੈ। ਡਾ: ਮਨਮੋਹਨ ਸਿੰਘ ਨ ਆਖਿਆ ਕਿ ਪੰਜਾਬ ਨੂੰ ਢੋਆ ਢੁਆਈ ਸੰਪਰਕ ਦਾ ਵੀ ਲਾਭ ਲੈਣਾ ਚਾਹੀਦਾ ਹੈ ਅਤੇ ਸਿੱਖਿਆ ਅਤ ਯੋਗਤਾ ਵਿਕਾਸ ਦੇ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਨੂੰ ਇਸ ਕੰਮ ਦੇ ਕਾਬਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਦੇਸ਼ ਸਾਹਮਣੇ ਕੁੱਲ ਕੌਮੀ ਉਤਪਾਦਨ ਵਿੱਚ ਔਸਤ 8।2 ਫੀ ਸਦੀ ਵਾਧੇ ਦਾ ਨਿਸ਼ਾਨਾ ਮਿਥਿਆ ਗਿਆ ਹੈ ਜਦ ਕਿ ਖੇਤੀਬਾੜੀ ਵਿੱਚ 4 ਫੀ ਸਦੀ ਵਾਧਾ ਦਰ ਮਿਥੀ ਗਈ ਹੈ, ਇਸ ਵਿੱਚ ਵੀ ਪੰਜਾਬ ਦੇ ਕਿਸਾਨ ਵੱਡਾ ਹਿੱਸਾ ਪਾਉਣਗੇ।
ਇਸ ਮੌਕੇ ਯੂਨੀਵਰਸਿਟੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਾਬਕਾ ਡਾਇਰੈਕਟਰ ਜਨਰਲ ਡਾ: ਰਾਜਿੰਦਰ ਸਿੰਘ ਪੜੌਦਾ ਅਤੇ ਇਕਰੀਸੈਟ ਹੈਦਰਾਬਾਦ ਦੇ 15 ਵਰੇ ਰਹੇ ਡਿਪਟੀ ਡਾਇਰੈਕਟਰ ਜਨਰਲ ਡਾ: ਜਸਵੰਤ ਸਿੰਘ ਕੰਵਰ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਸ਼ਿਵਰਾਜ ਵੀ ਪਾਟਿਲ ਨੇ ਪ੍ਰਦਾਨ ਕੀਤੀ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਮਾਨਯੋਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਪੰਜਾਬ ਵਿੱਚ ਡਾ: ਬੋਰਲਾਗ ਇੰਸਟੀਚਿਊਟ ਅਤੇ ਮੱਕੀ ਖੋਜ ਡਾਇਰੈਕਟੋਰੇਟ ਸਥਾਪਿਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੀ ਖੜਗ ਭੁਜਾ ਅਤੇ ਅਨਾਜ ਭੰਡਾਰ ਵਜੋਂ ਜਾਣੇ ਜਾਂਦੇ ਪੰਜਾਬ ਨੂੰ ਅੱਜ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਬਦਲਵੀਂ ਖੇਤੀ ਵਾਸਤੇ ਕੇਂਦਰ ਦੀ ਲੋੜ ਹੈ। ਦੇਸ਼ ਦਾ ਅਨਾਜ ਭੰਡਾਰ ਭਰਦੇ ਭਰਦੇ ਪੰਜਾਬ ਕੁਦਰਤੀ ਸੋਮਿਆਂ ਪੱਖੋਂ ਹੱਥਲ ਹੋ ਗਿਆ ਹੈ ਅਤੇ ਸਿਰਫ 5 ਹਜ਼ਾਰ ਕਰੋੜ ਰੁਪਏ ਦੀ ਪੈਕੇਜ ਰੂਪ ਵਿੱਚ ਮਦਦ ਬਦਲਵੀਂ ਖੇਤੀ ਲਈ ਮਾਹੌਲ ਉਸਾਰ ਸਕਦੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵਕਤ ਖੇਤੀ ਉੱਤਮ ਧੰਦਾ ਸੀ ਪਰ ਅੱਜ ਛੋਟੇ ਕਿਸਾਨਾਂ ਵਿੱਚੋਂ 2 ਲੱਖ ਕਿਸਾਨ ਖੇਤੀ ਛੱਡ ਚੁੱਕੇ ਹਨ। 35 ਹਜ਼ਾਰ ਕਰੋੜ ਰੁਪਏ ਦੀ ਕਰਜ਼ਾਈ ਕਿਸਾਨੀ ਅਜੀਬ ਕਿਸਮ ਦੀ ਉਦਾਸੀਨਤਾ ਦਾ ਸਾਹਮਣਾ ਕਰ ਰਹੀ ਹੈ।ਉਨ੍ਹਾਂ ਆਖਿਆ ਕਿ ਭਾਵੇਂ ਖੇਤੀਬਾੜੀ ਸੂਬਾਈ ਵਿਸ਼ਾ ਹੈ ਪਰ ਖੇਤੀ ਵਿੱਚ ਲੋੜੀਂਦੇ ਡੀਜ਼ਲ, ਖਾਦਾਂ, ਰਸਾਇਣਕ ਜ਼ਹਿਰਾਂ ਆਦਿ ਦੀਆਂ ਕੀਮਤਾਂ ਕੇਂਦਰ ਮਿਥਦਾ ਹੋਣ ਕਰਕੇ ਕਮਾਈ ਅਤੇ ਖਰਚੇ ਵਿਚਕਾਰ ਸੰਤੁਲਿਨ ਨਹੀਂ ਬਣ ਰਿਹਾ। ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਇਸ ਵੇਲੇ ਕੇਂਦਰੀ ਸਹਿਯੋਗ ਦੀ ਵੱਡੀ ਲੋੜ ਹੈ ਤਾਂ ਹੀ ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਰਹਿ ਸਕੇਗੀ। ਉਨ੍ਹਾਂ ਆਖਿਆ ਕਿ ਖੇਤੀ ਸੈਕਟਰ ਦੀ ਕਮਾਈ ਘਟਣ ਨਾਲ ਸਮਾਜਿਕ ਉੱਥਲ ਪੁਥਲ ਦੀਆਂ ਸੰਭਾਵਨਾਵਾਂ ਬਣਦੀਆਂ ਹਨ ਅਤੇ ਇਸੇ ਵਿਚੋਂ ਹੀ ਅਮਨ ਕਾਨੂੰਨ ਖਤਰੇ ਵਿਚ ਪੈਂਦਾ ਹੈ। ਇਸ ਲਈ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ।ਉਨ੍ਹਾਂ ਆਖਿਆ ਕਿ ਇਸ ਸੰਬੰਧ ਵਿੱਚ ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਜੀ ਨਾਲ ਵੀ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਸੀ ਕਿ ਪੰਜਾਬ ਨੂੰ ਬਦਲਵੇਂ ਖੇਤੀ ਨਿਜ਼ਾਮ ਲਈ ਜ਼ਰੂਰ ਮਦਦ ਕਰੋ।ਉਨ੍ਹਾਂ ਆਖਿਆ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਬਜਟ 103 ਕਰੋੜ ਰੁਪਏ ਤੋਂ ਵਧਾ 270 ਕਰੋੜ ਰੁਪਏ ਕਰ ਦਿੱਤਾ ਪਰ ਕੇਂਦਰ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਨੂੰ ਕੋਈ ਪੱਕੀ ਸਾਲਾਨਾ ਗਰਾਂਟ ਦੇਣੀ ਚਾਹੀਦੀ ਹੈ ਸਗੋਂ ਮੈਂ ਤਾਂ ਇਹ ਕਹਾਂਗਾ ਕਿ ਦੇਸ਼ ਦੀਆਂ ਬਾਕੀ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਮਦਦ ਕਰੋ।
ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਸ਼ਿਵਰਾਜ ਵੀ ਪਾਟਿਲ ਨੇ ਆਖਿਆ ਕਿ ਇਹ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਗੋਲਡਨ ਜੁਬਲੀ ਵਰੇ ਕਾਰਨ ਵਿਸ਼ੇਸ਼ ਮਹੱਤਵ ਵਾਲਾ ਹੈ ਅਤੇ ਇਸ ਕਨਵੋਕੇਸ਼ਨ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਆਉਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਹਰੇ ਇਨਕਲਾਬ ਤੋਂ ਇਲਾਵਾ ਦੁੱਧ ਇਨਕਲਾਬ ਦੀ ਜਣਨਹਾਰੀ ਵੀ ਇਹੀ ਯੂਨੀਵਰਸਿਟੀ ਹੈ ਅਤੇ ਭਵਿੱਖ ਵਿੱਚ ਵੀ ਨਵੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਸੰਸਥਾ ਹੈ।ਉਨ੍ਹਾਂ ਆਖਿਆ ਕਿ ਖੇਤੀਬਾੜੀ ਵਿਕਾਸ ਕੇਵਲ ਗਿਆਨ ਨਾਲ ਹੀ ਸੰਭਵ ਹੈ ਅਤੇ ਗਿਆਨ ਸੰਚਾਰ ਲਈ ਨਵੇਂ ਸੈਟਲਾਈਟ ਚੈਨਲ ਦੇਸ਼ ਭਰ ਵਿੱਚ ਸਥਾਪਿਤ ਕਰਨ ਦੀ ਲੋੜ ਹੈ। ਨਵਾਂ ਗਿਆਨ ਨਵੀ ਤਕਨਾਲੋਜੀ ਹੀ ਭਵਿੱਖ ਦੀ ਉਸਾਰੀ ਕਰ ਸਕੇਗੀ।ਉਨ੍ਹਾਂ ਆਖਿਆ ਕਿ ਬਾਇਓ ਟੈਕਨਾਲੋਜੀ ਦੇ ਖੇਤਰ ਵਿੱਚ ਬਹੁਤ ਕੁਝ ਹਾਸਿਲ ਕਰਨਾ ਬਾਕੀ ਹੈ ਅਤੇ ਇਸ ਯੂਨੀਵਰਸਿਟੀ ਦੇ ਵਿਗਿਆਨੀ ਸਮਰਪਿਤ ਭਾਵਨਾ ਨਾਲ ਯਕੀਨਨ ਪਹਿਲਾਂ ਵਾਂਗ ਅੱਗੇ ਵਧਣਗੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਗੋਲਡਨ ਜੁਬਲੀ ਕਨਵੋਕੇਸ਼ਨ ਦੀ ਰਿਪੋਰਟ ਪੇਸ਼ ਕਰਦਿਆਂ ਆਖਿਆ ਕਿ 1962 ਵਿੱਚ ਸਥਾਪਿਤ ਇਸ ਯੂਨੀਵਰਸਿਟੀ ਨੂੰ 1995 ਵਿੱਚ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਸਨਮਾਨਿਤ ਕੀਤਾ ਅਤੇ 2006 ਵਿੱਚ ਕੇਂਦਰ ਸਰਕਾਰ ਨੇ ਕੇਂਦਰੀ ਬਜਟ ਰਾਹੀਂ 100 ਕਰੋੜ ਰੁਪਏ ਦੀ ਗਰਾਂਟ ਦਿੱਤੀ।ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਦੇ ਮਾਣ ਵਿੱਚ 7 ਪਦਮ ਭੂਸ਼ਣ ਸਨਮਾਨ, 13 ਪਦਮਸ਼੍ਰੀ ਸਨਮਾਨ, 24 ਰਫੀ ਅਹਿਮਦ ਕਿਦਵਈ ਪੁਰਸਕਾਰ ਅਤੇ 40 ਵਾਈਸ ਚਾਂਸਲਰ ਸ਼ਾਮਿਲ ਹੋ ਚੁੱਕੇ ਹਨ। ਖੇਡਾਂ ਦੇ ਖੇਤਰ ਵਿੱਚ ਭਾਰਤੀ ਹਾਕੀ ਟੀਮ ਨੂੰ ਤਿੰਨ ਕਪਤਾਨ ਦਿੱਤੇ ਜਾ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਹੁਣ ਤੀਕ ਵੱਖ ਵੱਖ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੀ 707 ਕਿਸਮਾਂ ਵਿਕਸਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ 115 ਕਿਸਮਾਂ ਨੂੰ ਕੌਮੀ ਪੱਧਰ ਤੇ ਬੀਜਣ ਦੀ ਸਿਫਾਰਸ਼ ਹੋ ਚੁੱਕੀ ਹੈ। ਇਸ ਮੌਕੇ 32 ਵਿਦਿਆਰਥੀਆਂ ਨੂੰ ਪੀ ਐੱਚ ਡੀ ਅਤੇ 3 ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼੍ਰੀ ਮੁਨੀਸ਼ ਤਿਵਾੜੀ, ਲੁਧਿਆਣਾ ਨਗਰ ਨਿਗਮ ਦੇ ਮੇਅਰ ਸ: ਹਰਚਰਨ ਸਿੰਘ ਗੋਹਲਵੜੀਆ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਪ੍ਰਧਾਨ ਸ਼੍ਰੀ ਪਵਨ ਦੀਵਾਨ, ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੁਲਾਰ, ਸ: ਹਰਦੇਵ ਸਿੰਘ ਰਿਆੜ, ਸ: ਜੰਗ ਬਹਾਦਰ ਸਿੰਘ ਸੰਘਾ ਅਤੇ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਡਾ: ਮੰਗਲ ਸਿੰਘ ਸੰਧੂ ਤੋਂ ਇਲਾਵਾ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ ਅਤੇ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਦੇਵ ਰਾਜ ਭੁੰਬਲਾ ਸਮੇਤ ਅਨੇਕਾਂ ਸੇਵਾ ਮੁਕਤ ਸਿਰ ਕੱਢ ਵਿਗਿਆਨੀ ਵੀ ਹਾਜ਼ਰ ਸਨ।