ਲੁਧਿਆਣਾ: ਰੈਵੀਨਿਊ ਪਟਵਾਰ ਯੂਨੀਅਨ ਲੁਧਿਆਣਾ ਵਲੋਂ 27ਵਾਂ ਸਦਭਾਵਨਾ ਦਿਵਸ ਗੁਰੂ ਨਾਨਕ ਦੇਵ ਭਵਨ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਜਿਸ ਵਿੱਚ ਸ਼੍ਰੀ ਰਾਹੁਲ ਤਿਵਾੜੀ ਆਈ.ਏ.ਐਸ., ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਆਪਣੇ ਸੰਬੋਧਨ ਵਿੱਚ ਇਨਸਾਨੀਅਤ ਦੀ ਸੇਵਾ ਕਰਨ ਲਈ ਸਾਰੇ ਮੁਲਾਜ਼ਮਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ’ਤੇ ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਦਿਨ ਤੁਸੀਂ ਗਰੀਬ ਅਤੇ ਜ਼ਰੂਰਤਮੰਦ ਆਦਮੀ ਦੀ ਮਦਦ ਕਰੋਗੇ , ਉਸ ਦਿਨ ਤੁਹਾਨੂੰ ਬਹੁਤ ਸੋਹਣੀ ਨੀਂਦ ਆਉਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਹੀ ਸਵੇਰੇ ਉਠ ਕੇ ਇੱਕ ਗੀਤ ਜ਼ਰੂਰ ਸੁਣਦਾ ਹਾਂ, ਜਿਸ ਦੇ ਬੋਲ ਹਨ ‘ਹੇ ਮਾਲਕ ਤੇਰੇ ਬੰਦੇ ਹਮ, ਐਸੇ ਹੋ ਹਮਾਰੇ ਕਰਮ’। ਉਨ੍ਹਾਂ ਨੇ ਪਟਵਾਰੀਆਂ ਨੂੰ ਕਿਹਾ ਕਿ ਇਹ ਬਹੁਤ ਵਧੀਆ ਕਦਮ ਹੈ ਕਿ ਤੁਸੀਂ ਸਾਲ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਪਟਵਾਰੀਆਂ ਅਤੇ ਗੁਰਬਾਣੀ ਦਾ ਆਨੰਦ ਮਾਣਦੇ ਹੋ। ਇਸ ਮੌਕੇ ਤੇ ਤਹਿਸੀਲਦਾਰ ਯੂਨੀਅਨ ਜਿਲ੍ਹਾ ਪ੍ਰਧਾਨ ਕਮਲਨਰਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸਮਾਗਮ ’ਚ ਜਿਲ੍ਹੇ ਦੇ ਸਾਰੇ ਅਫਸਰ ਸਾਹਿਬਾਨ, ਐਸ.ਡੀ.ਐਮ. ਸਾਹਿਬਾਨ, ਤਹਿਸੀਲਦਾਰ ਸਾਹਿਬਾਨ, ਨਾਇਬ ਤਹਿਸੀਲਦਾਰ ਸਾਹਿਬਾਨ, ਮਨਿਸਟਰੀਅਲ ਸਟਾਫ ਦੇ ਆਗੂ ਸਾਹਿਬਾਨ ,ਸਮਾਜਿਕ, ਧਾਰਮਿਕ ,ਰਾਜਨੀਤਿਕ ਜੱਥੇਬੰਦੀਆਂ ਦੇ ਅਹੁਦੇਦਾਰ, ਨੰਬਰਦਾਰ ਸਾਹਿਬਾਨ, ਚੌਂਕੀਦਾਰ ਸਾਹਿਬਾਨ, ਕਾਨੂੰਗੋ ਸਾਹਿਬਾਨ, ਪਟਵਾਰੀ ਸਾਹਿਬਾਨ ਆਦਿ ਨੇ ਬਹੁ ਗਿਣਤੀ ਵਿੱਚ ਹਾਜ਼ਰੀ ਲਵਾਈ। ਇਸ ਉਪਰੰਤ 12 ਵਜੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਨੇ ਆਪਣੇ ਕਰਮ ਕਮਲਾਂ ਦੇ ਨਾਲ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਝੰਡਾ ਲਹਿਰਾ ਕੇ ਜੱਥੇਬੰਦੀ ਦੀ ਕਾਨਫਰੰਸ ਦਾ ਉਦਘਾਟਨ ਕੀਤਾ। ਜੱਥੇਬੰਦੀ ਦੀ ਕਾਨਫਰੰਸ ’ਚ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਪਵਵਾਰ ਯੂਨੀਅਨ ਦੇ ਆਗੂ ਸਾਹਿਬਾਨ, 1957 ਦੇ ਹੜਤਾਲੀ ਯੋਧਿਆਂ, ਕਾਨੂੰਗੋ ਐਸੋਸੀਏਸ਼ਨ ਦੇ ਅਹੁਦੇਦਾਰ ਸਾਹਿਬਾਨ, ਰਿਟਾਇਰ ਮੁਲਾਜ਼ਮਾਂ ਅਤੇ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਵੱਡੀ ਗਿਣਤੀ ’ਚ ਹਾਜ਼ਰ ਹੋ ਕੇ ਮੁਲਾਜ਼ਮ ਨੂੰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਜਾਣੂ ਕਰਵਾਇਆ ਅਤੇ ਹਰ ਵਕਤ ਜੱਥੇਬੰਦੀ ਦਾ ਸਹਿਯੋਗ ਦੇਣ ਤੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਪ੍ਰਧਾਨ ਤੋਂ ਇਲਾਵਾ, ਹਰਵੀਰ ਸਿੰਘ ਢੀਂਡਸਾ ਜਨਰਲ ਸਕੱਤਰ ਪੰਜਾਬ, ਭਿੰਦਰਪਾਲ ਸਿੰਘ ਖਜਾਨਚੀ ਪੰਜਾਬ, ਅਮਰੀਕ ਸਿੰਘ ਰਾਏ, ਕੁਲਹਿੰਦ ਨੁਮਾਇੰਦਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਰੁਪਿੰਦਰ ਸਿੰਘ ਗਰੇਵਾਲ ਪ੍ਰਧਾਨ ਜਿਲ੍ਹਾ ਲੁਧਿਆਣਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ’ਚ ਪਾਲੀ ਦੇਤਵਾਲੀਆ ਅਤੇ ਬੀਬਾ ਸਿਮਰਨ ਸਿਮੀ ਨੇ ਸੱਭਿਆਚਾਰਕ ਗੀਤ ਗਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ। ਦਰਸ਼ਨ ਕੁਮਾਰ ਸ਼ਰਮਾ ਜਿਲ੍ਹਾ ਜਨਰਲ ਸਕੱਤਰ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਲੁਧਿਆਣਾ ਪਟਵਾਰ ਯੂਨੀਅਨ ਵੱਲੋਂ ਨਵੇਂ ਸਾਲ ਦੀ ਡਾਇਰੀ ਅਤੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ।
ਪਟਵਾਰ ਯੂਨੀਅਨ ਵੱਲੋਂ ਨਵੇਂ ਸਾਲ ਦੀ ਡਾਇਰੀ ਅਤੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ
This entry was posted in ਪੰਜਾਬ.