ਕਨੈਕਟੀਕਟ- ਅਮਰੀਕਾ ਵਿੱਚ ਨਿਊਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਹੱਤਿਆਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਲੋਕਾਂ ਦੀ ਜਾਨ ਲਈ।ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿੱਚ 20 ਬੱਚੇ ਹਨ ਜੋ ਕਿ 5 ਤੋਂ 10 ਸਾਲ ਦੀ ਉਮਰ ਦੇ ਹਨ।ਅਮਰੀਕਾ ਦੇ ਇਤਿਹਾਸ ਵਿੱਚ ਇਸ ਨੂੰ ਹੁਣ ਤੱਕ ਦੀਆਂ ਸਮੂਹਿਕ ਹੱਤਿਆਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਹੱਤਿਆਰੇ ਦੀ ਮਾਂ ਦੀ ਲਾਸ਼ ਵੀ ਉਸ ਦੇ ਘਰ ਵਿੱਚੋਂ ਬਰਾਮਦ ਹੋਈ ਹੈ।
20 ਸਾਲਾ ਐਡਮ ਲਾਂਜਾਂ ਨੇ ਪਹਿਲਾਂ ਨਿਊ ਟਾਊਨ ਵਿੱਚਲੇ ਆਪਣੇ ਹੀ ਘਰ ਵਿੱਚ ਆਪਣੀ ਮਾਂ ਉਪਰ ਗੋਲੀ ਚਲਾਈ ਅਤੇ ਫਿਰ ਨੇੜੇ ਦੇ ਸੈਂਡੀ ਹੁੱਕ ਐਲੀਮੈਨਟਰੀ ਸਕੂਲ ਵਿੱਚ ਜਾ ਕੇ ਆਪਣੀ ਮਾਂ ਦੀ ਕਿੰਡਰਗਾਰਟਨ ਕਲਾਸ ਨੂੰ ਨਿਸ਼ਾਨਾ ਬਣਾਇਆ।ਉਸ ਦੀ ਮਾਂ ਉਸ ਸਕੂਲ ਵਿੱਚ ਹੀ ਟੀਚਰ ਸੀ।ਇਸ ਸਕੂਲ ਵਿੱਚ 700 ਦੇ ਕਰੀਬ ਬੱਚੇ ਹਨ।ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਹੈ।ਇਸ ਦੁਖਦ ਘਟਨਾ ਨਾਲ ਪੂਰੇ ਅਮਰੀਕਾ ਵਾਸੀਆਂ ਦੇ ਦਿਲ ਬਹੁਤ ਦੁੱਖੀ ਹਨ। ਸਕੂਲ ਦੇ ਦੂਸਰੇ ਬੱਚੇ ਵੀ ਸਹਿਮੇ ਹੋਏ ਹਨ ਅਤੇ ਰੋ-ਵਿਲਖ ਰਹੇ ਹਨ। ਸਕੂਲ ਦੇ ਟੀਚਰ ਬੱਚਿਆਂ ਨੂੰ ਹਮਲੇ ਵਾਲੇ ਸਥਾਨ ਤੋਂ ਦੂਰ ਲੈ ਗਏ ਹਨ। ਸਕੂਲ ਅਤੇ ਲੋਕਲ ਐਮਰਜੈਂਸੀ ਅਧਿਕਾਰੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਉਣ ਵਿੱਚ ਮੱਦਦ ਕਰ ਰਹੇ ਹਨ।
ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਇਸ ਘਟਨਾ ਨਾਲ ਦੇਸ਼ ਨੂੰ ਬਹੁਤ ਧੱਕਾ ਲਗਿਆ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਉਠਾਉਣੇ ਹੋਣਗੇ। ੳਬਾਮਾ ਨੇ ਕਿਹਾ, “ ਸਾਡਾ ਦਿਲ ਮਾਰੇ ਗਏ ਬੱਚਿਆਂ ਦੇ ਮਾਤਾ-ਪਿਤਾ, ਉਨ੍ਹਾਂ ਦੇ ਗਰੈਂਡਪੇਰੈਂਟਸ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਦੇ ਲਈ ਟੁੱਟ ਗਿਆ ਹੈ। ਬੱਚਿਆਂ ਦੇ ਲਈ ਵੀ ਅਸੀਂ ਸੋਗ ਪ੍ਰਗਟ ਕਰਦੇ ਹਾਂ ਕਿ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਦਾ ਬੱਚਪਨ ਚਲਾ ਗਿਆ ਹੈ।ਇਨ੍ਹਾਂ ਲੋਕਾਂ ਦਾ ਦਰਦ ਕੁਝ ਵੀ ਕਹਿਣ ਨਾਲ ਘੱਟ ਨਹੀਂ ਹੋ ਸਕਦਾ।”