ਨਵੀਂ ਦਿੱਲੀ : ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸੰਬਧਤ ਜਿਤਨੇ ਵੀ ਮੁਕਦਮੇ ਬੀਤੇ ਦੋ ਸਾਲਾਂ ਵਿਚ ਅਦਾਲਤਾਂ ਵਿਚ ਕੀਤੇ ਗਏ ਹਨ, ਉਨ੍ਹਾਂ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਿਸੇ ਵੀ ਪੱਧਰ ਤੇ ਕੋਈ ਪਾਰਟੀ ਨਹੀਂ ਸਨ। ਇਹ ਸਾਰੇ ਮੁਕਦਮੇ ਵਿਰੋਧੀਆਂ ਵਲੋਂ ਹੀ ਕੀਤੇ ਗਏ ਸਨ। ਇਸ ਕਰਕੇ ਚੋਣਾਂ ਟਾਲਣ ਦੇ ਲਈ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜ਼ਿਮੇਂਦਾਰ ਨਹੀਂ ਠਹਿਰਾਇਆ ਜਾ ਸਕਦਾ।
ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ 2010 ਦੇ ਅਖੀਰ ਵਿਚ ਹੀ ਦਿੱਲੀ ਸਰਕਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਲਈ ਲਿਖ ਦਿਤਾ ਸੀ। ਬਾਦਲ ਅਕਾਲੀ ਦਲ ਅਤੇ ਹੋਰ ਵਿਰੋਧੀਆਂ ਨੇ ਹੀ ਕਦੀ ਵੋਟਾਂ ਘਟ ਬਨਣ, ਕਦੀ ਫੋਟੋ ਵਾਲੀਆਂ ਵੋਟਾਂ ਬਣਾਉਣ, ਕਦੀ ਬਣੀਆਂ ਵੋਟਾਂ ਦੀ ਜਾਂਚ ਕਰਵਾਏ ਜਾਣ ਅਤੇ ਕਦੀ ਚੋਣ ਹਲਕਿਆਂ ਦੇ ਪੁਨਰਗਠਨ ਕੀਤੇ ਜਾਣ ਆਦਿ ਮੁੱਦਿਆਂ ਨੂੰ ਲੈ ਕੇ ਅਦਾਲਤਾਂ ਦੇ ਦਰਵਾਜ਼ੇ ਖਟਖਟਾਏ। ਜੇ ਹਾਈ ਕੋਰਟ ਦੇ ਡਬਲ ਬੈਂਚ ਨੇ ਚੋਣਾਂ ਕਰਵਾਉਣ ਦੀ ਹਰੀ ਝੰਡੀ ਦਿਤੀ ਤਾਂ ਇਨ੍ਹਾਂ ਨੇ ਹੀ ਸੁਪ੍ਰੀਮ ਕੋਰਟ ਵਿਚ ਜਾ ਉਸ ਫੈਸਲੇ ਨੂੰ ਚੁਨੋਤੀ ਦੇ ਦਿਤੀ। ਸ. ਸਰਨਾ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਚੋਣਾਂ ਲਟਕਾਉਣ ਲਈ ਜ਼ਿਮੇਂਦਾਰ ਠਹਿਰਾਉਣਾ ਇਸ ਤਰ੍ਹਾਂ ਹੈ, ਜਿਵੇਂ ਚੋਰ ਆਪ ਪਕੜੇ ਜਾਣ ਦੇ ਦੂਜਿਆਂ ਵਲ ਇਸ਼ਾਰਾ ਕਰ ਚੋਰ-ਚੋਰ ਚਿਲਾਉਣਾ ਸ਼ੁਰੂ ਕਰ ਦੇਵੇ।
ਸ. ਸਰਨਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਚੋਣਾਂ ਕਰਵਾਉਣ ਦੇ ਦਿੱਲੀ ਸਰਕਾਰ ਵਲੋਂ ਕੀਤੇ ਗਏ ਪਹਿਲੇ ਐਲਾਨ ਸਮੇਂ ਹੀ ਚੋਣਾਂ ਦੀ ਤਿਆਰੀ ਕਰ ਲਈ ਹੋਈ ਸੀ ਤੇ ਹੁਣ ਵੀ ਉਹ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰਾਂ ਦੀ ਪੂਰੀ ਸੂਚੀ ਦੀ ਤਿਆਰ ਹੈ, ਜਦੋਂ ਵੀ ਚੋਣ ਪ੍ਰਕ੍ਰਿਆ ਦਾ ਐਲਾਨ ਹੋਇਆ ਤੇ ਕਾਗਜ਼ ਨਾਮਜ਼ਦਗੀ ਦਾਖਲ ਕੀਤੇ ਜਾਣ ਦੀ ਪ੍ਰਕ੍ਰਿਆ ਅਰੰਭ ਹੋਈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਆਪਣੇ ਉਮੀਂਦਵਾਰ ਦੀ ਪੂਰੀ ਸੂਚੀ ਜਾਰੀ ਕਰ ਦਿਤੀ ਜਾਇਗੀ।