ਨਵੀਂ ਦਿੱਲੀ- ਅੱਜ ਪੰਜਾਬ ਕਾਂਗਰਸ ਦਾ ਇੱਕ ਵਫਦ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਦੀ ਅਗੂਵਾਈ ਹੇਠ, ਵਿਧਾਇਕ ਸ. ਗੁਰਕੀਰਤ ਸਿੰਘ ਅਤੇ ਸ. ਨਵਤੇਜ ਸਿੰਘ ਚੀਮਾ ਨਾਲ ਮਾਣਯੋਗ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸੂਬੇ ਦੀ ਮੌਜੂਦਾ ਲੀਹੋ ਲੱਥੀ ਕਾਨੂੰਨ ਵਿਵਸਥਾ ਸਥਿਤੀ ਬਾਰੇ ਜਾਣੂੰ ਕਰਵਾਇਆ।
ਪੰਜਾਬ ਅੰਦਰ ਕਾਨੂੰਨ ਵਿਵਸਥਾ ਦੇ ਚਰਮਾਏ ਜਾਣ ਦੀ ਗੱਲ ਕਹਿੰਦਿਆਂ ਅਤੇ ਜੰਗਲ ਰਾਜ ਦੇ ਬੋਲਬਾਲਾ ਹੋਣ ਦਾ ਜ਼ਿਕਰ ਕਰਦਿਆਂ ਵਫਦ ਨੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਦੱਸਿਆ ਕਿ ਕਿਸ ਤਰਾਂ ਸੂਬੇ ਵਿੱਚ ਗੁੰਡਾ ਅਤੇ ਗੈਰ ਸਾਮਾਜਿਕ ਤੱਤਾਂ ਨੂੰ ਸੱਤਾਰੂਢ ਅਕਾਲੀ ਦਲ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜਲੰਧਰ ਵਿਖੇ ਹੋਏ ਗਿੱਕੀ ਸੇਖੋਂ ਦਾ ਕਤਲ, ਫਰੀਦਕੋਟ ਵਿਖੇ ਸ਼ਰੂਤੀ ਨੂੰ ਅਗਵਾ ਕਰਨ ਦੀ ਵਾਰਦਾਤ, ਦਿਨ ਦਿਹਾੜੇ ਅਕਾਲੀ ਦਲ ਦੇ ਅਪਣੇ ਹੀ ਸਾਬਕਾ ਵਿਧਾਇਕ ਦਾ ਹੋਇਆ ਕਤਲ ਅਤੇ ਬੀਤੇ ਦੀਨੀਂ ਅਮ੍ਰਿਤਸਰ ਵਿਖੇ ਵਰਦੀ ਵਿੱਚ ਪੁਲਿਸ ਦੇ ਏ. ਐਸ. ਆਈ. ਦੀ ਅਕਾਲੀ ਦਲ ਦੇ ਕਥਿਤ ਆਹੁਦੇਦਾਰਾਂ ਵੱਲੋਂ ਕੀਤੀ ਗਈ ਸਰੇਆਮ ਹੱਤਿਆ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਪੁਲਿਸ ਦਾ ਡਰ ਇਨ੍ਹਾਂ ਅਨਸਰਾਂ ਅੰਦਰ ਬਿਲਕੁਲ ਖਤਮ ਹੋ ਚੁੱਕਾ ਹੈ ਜਿਸ ਨਾਲ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਸੂਬੇ ਵਿੱਚ ਖੱਤਮ ਹੋ ਗਈ ਹੈ ਅਤੇ ਰਾਜਸੀ ਆਗੂਆਂ ਵੱਲੋਂ ਅਪਰਾਧੀ ਕਿਸਮ ਦੇ ਲੋਕਾਂ ਨੂੰ ਮਿਲ ਰਹੀ ਸ਼ਹਿ ਕਾਰਨ ਅੱਤਵਾਦ ਦਾ ਮੁਕਾਬਲਾ ਕਰਨ ਵਾਲੀ ਬਹਾਦਰ ਪੰਜਾਬ ਪੁਲਿਸ ਵੀ ਅੱਜ ਬੇਵਸ ਹੋ ਕਿ ਗਈ ਹੈ।
ਵਫਦ ਨੇ ਪ੍ਰਧਾਨ ਮੰਤਰੀ ਜੀ ਨੂੰ ਬੀਤੇ ਕੁੱਝ ਦਿਨਾਂ ਦੀ ਸੂਬੇ ਅੰਦਰ ਹੋਇਆਂ ਸੰਵੇਦਨਸ਼ੀਲ ਘਟਨਾਵਾਂ ਦੀ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਦੀ ਫਾਇਲ ਦਿੱਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਦੀ ਸਥਿਤੀ ਨੂੰ ਦਰੂਸਤ ਕਰਨ ਲਈ ਆਪ ਅਪਣੇ ਪੱਧਰ ’ਤੇ ਦਖਲ ਦੇਣ। ਪ੍ਰਧਾਨ ਮੰਤਰੀ ਜੀ ਨੇ ਜਿੱਥੇ ਊਨ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਥੇ ਹੀ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਸੰਬੰਧਿਤ ਉੱਚ ਅਧਿਕਾਰੀਆਂ ਨਾਲ ਉਹ ਅਪਣੇ ਪੱਧਰ ’ਤੇ ਜਲੱਦ ਗੱਲ ਕਰਣਗੇ।