ਅੰਮ੍ਰਿਤਸਰ – ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਵਾਲੇ ਦੀ ਧਰਮ ਸੁਪਤਨੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਸਰਕਾਰ ‘ਚ ਚੇਅਰਮੈਨ ਪੇਡਾ ਦੇ ਸਤਿਕਾਰ ਯੋਗ ਮਾਤਾ ਬੀਬੀ ਨਰਿੰਜਣ ਕੌਰ ਦੇ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਮਨਜੀਤ ਸਿੰਘ ਨਾਲ ਡੂੰਘੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਥੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਂਦਿਆਂ ਦੱਸਿਆ ਕਿ ਬੀਬੀ ਨਰਿੰਜਣ ਕੌਰ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਰਕੇ ਜੇਰੇ ਇਲਾਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਸਨ। ਉਹ ਬੀਤੀ ਰਾਤ ਤਕਰੀਬਨ 9.30 ਵਜੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਬਾਰੇ ਪਤਾ ਚੱਲਦਿਆਂ ਹੀ ਜਥੇਦਾਰ ਅਵਤਾਰ ਸਿੰਘ ਨੇ ਭਾਈ ਮਨਜੀਤ ਸਿੰਘ ਨਾਲ ਟੈਲੀਫੂਨ ਕਰਕੇ ਦੁੱਖ ਪ੍ਰਗਟ ਕਰਦਿਆਂ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਈ ਮਨਜੀਤ ਸਿੰਘ ਸੰਤ ਕਰਤਾਰ ਸਿੰਘ ਭਿੰਡਰਾ ਵਾਲਿਆਂ ਦੇ ਸਪੁੱਤਰ ਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾ ਹੋਣ ਕਰਕੇ ਵਿਰਸੇ ਵਿਚੋਂ ਗੁਰਸਿੱਖੀ ਦੀ ਗੁੜਤੀ ਦੇ ਧਾਰਨੀ ਹਨ। ਇਹਨਾਂ ਦੀ ਸਤਿਕਾਰ ਯੋਗ ਮਾਤਾ ਬੀਬੀ ਨਰਿੰਜਣ ਕੌਰ ਜੀ ਪੂਰਨ ਗੁਰਸਿੱਖ, ਨਿਤਨੇਮੀ ਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਸੁਨੇਹੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਸਤਿਗੁਰੂ ਜੀ ਕ੍ਰਿਪਾ ਕਰਨ, ਬੀਬੀ ਜੀ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਤੇ ਸੁਨੇਹੀਆਂ ਨੂੰ ਬਲ ਪ੍ਰਦਾਨ ਕਰਨ।