ਲੁਧਿਆਣਾ, (ਵਿਸ਼ੇਸ਼ ਰਿਪੋਰਟ ਪਰਮਜੀਤ ਸਿੰਘ ਬਾਗੜੀਆ)- ਤੀਜੇ ਪਰਲਜ਼ ਵਰਲਡ ਕਬੱਡੀ ਕੱਪ ਦੇ ਫਾਈਨਲ ਵਿਚ ਇਕ ਸਾਲ ਦੇ ਵਕਫੇ ਤੋਂ ਬਾਅਦ ਇੰਡੀਆ ਅਤੇ ਪਾਕਿਸਤਾਨ ਦੇ ਫਿਰ ਟਕਰਾਉਣ ਨਾਲ ਇਸ ਕੱਪ ਦਾ ਰੋਮਾਂਸ ਸਿਖਰਾਂ ‘ਤੇ ਪੁੱਜ ਗਿਆ ਸੀ। ਦੇਸ਼ ਵਿਦੇਸ਼ ਦੇ ਕਰੋੜਾਂ ਕਬੱਡੀ ਪ੍ਰੇਮੀਆਂ ਨੂੰ ਇਸ ਖਿਤਾਬੀ ਟੱਕਰ ਵਿਚ ਸਾਨ੍ਹਾਂ ਦੇ ਭੇੜ ਹੋਣ ਦੀ ਆਸ ਸੀ ਕਿਉਂ ਜੋ ਇਸ ਵਾਰ ਪਾਕਿਸਤਾਨ ਨੇ ਆਪਣੇ ਵਿਰੋਧੀ ਇੰਡੀਆ ਨੂੰ ਹਰਾ ਕੇ ਦੋ ਕਰੋੜੀ ਕੱਪ ਨੂੰ ਹੱਥ ਪਾਉਣ ਲਈ ਪਾਕਿਸਤਾਨ ਕਬੱਡੀ ਦਾ ਨਿਚੋੜ ਲਿਆਂਦਾ ਸੀ। ਪੂਲ ਮੈਚਾਂ ਦੇ ਜਿਆਦਾ ਮੁਕਾਬਲੇ ਇਕਪਾਸੜ ਰਹਿਣ ਤੋਂ ਉਪਰਾਮ ਦਰਸ਼ਕਾਂ ਨੇ ਸਾਰੀਆਂ ਆਸਾਂ ਹੀ ਇੰਡੀਆ –ਪਾਕਿਸਤਾਨ ਵਿਚਕਾਰ ਫਾਈਨਲ ਮੁਕਾਬਲੇ ‘ਤੇ ਲੱਗਾ ਰੱਖੀਆਂ ਸਨ। ਦੋਵਾਂ ਟੀਮਾਂ ਵਿਚ ਸਖਤ ਟੱਕਰ ਹੋਣ ਦੀ ਉਮੀਦ ਵਿਚ ਹੀ ਲੁਧਿਆਣਾ ਦਾ ਵਿਸ਼ਾਲ ਗੁਰੁ ਨਾਨਕ ਸਟੇਡੀਅਮ ਇਸ ਵਾਰ ਫਿਰ ਭਰ ਗਿਆ ਸੀ।
ਪੰਦਰਾਂ ਦਿਨਾਂ ਤੋਂ ਉਡੀਕੇ ਜਾ ਰਹੇ ਇਸ ਮੈਚ ਨੂੰ ਜਿੱਤ ਵੱਲ ਉਲਰਨ ਲਈ 15 ਮਿੰਟ ਵੀ ਨਾ ਲੱਗੇ ਹੁਣ ਮੈ ਵਰਨਣ ਕਰਦਾ ਹਾਂ ‘ਕੱਲੀ ‘ਕੱਲੀ ਰੇਡ ਅਤੇ ‘ਕੱਲੇ ‘ਕੱਲੇ ਜੱਫੇ ਦਾ। ਪਹਿਲੀ ਰੇਡ ਇੰਡੀਆ ਟੀਮ ਦੇ ਕਪਤਾਨ ਸੁਖਵੀਰ ਸਰਾਵਾਂ ਨੇ ਪਾਈ ਅਤੇ ਸਜਾਦ ਗੁੱਜਰ ਨੂੰ ਟੱਚ ਕਰਕੇ ਪਹਿਲਾਂ ਅੰਕ ਲੈ ਲਿਆ। ਪਾਕਿਸਤਾਨ ਵਲੋਂ ਪਹਿਲੀ ਕਬੱਡੀ ਸਟਾਰ ਰੇਡਰ ਲਾਲਾ ਅਬੈਦਉੱਲਾ ਨੇ ਪਾਈ ਜਿਸਨੂੰ ਇੰਡੀਆ ਦੇ ਜਾਫੀ ਏਕਮ ਹਠੂਰ ਨੇ ਅੱਖ ਦੇ ਫੋਰ ਨਾਲ ਹੀ ਕਸੂਤੀ ਜਕੜ ਦੇ ਸ਼ਿਕੰਜੇ ਵਿਚ ਲੈ ਲਿਆ। ਪਹਿਲੇ 10 ਮਿੰਟ ਦੀ ਖੇਡ ਤੱਕ ਤਾਂ ਇੰਡੀਆ ਦੀਆਂ ਸਾਰੀਆਂ ਹੀ ਰੇਡਾਂ ਸੁਖਵੀਰ ਸਰਾਵਾਂ, ਮਨਿੰਦਰ ਸਰਾਂ, ਗੁਰਲਾਲ ਘਨੌਰ ਅਤੇ ਗਗਨਜੀਤ ਗੱਗੀ ਖੀਰਾਂਵਾਲੀ ਮੁੜੀਆਂ ਪਰ ਇੰਡੀਆ ਦੇ ਜਾਫੀਆਂ ਨੇ ਪਾਕਿ ਧਾਵੀਆਂ ਨੂੰ ਤਾਂ ਜਿਵੇਂ ਜੂੜ ਹੀ ਪਾ ਲਿਆ ਸੀ। ਪਾਕਿਸਤਾਨ ਦੀ ਵੱਡੀ ਰੇਡ ਸਦੀਕ ਬੱਟ ਨੂੰ ਵੀ ਏਕਮ ਨੇ ਦੋ ਜੱਫਿਆਂ ਵਿਚ ਅਜਿਹਾ ਨੂੜਿਆ ਕਿ ਉਹ ਮੁੜ ਕੇ ਕਬੱਡੀ ਪਾਉਣ ਦਾ ਹੌਸਲਾ ਨਾ ਕਰ ਸਕਿਆ। ਲਾਲੇ ਨੂੰ ਏਕਮ ਤੋਂ ਬਾਅਦ ਬਿੱਟੂ ਦੁਗਾਲ ਅਤੇ ਕਾਹਲਵਾਂ ਨੇ ਵੀ ਇਕ ਇਕ ਵਾਰ ਫੜ੍ਹ ਲਿਆ। ਸਫੀਕ ਬੱਟ ਨੂੰ ਪਾਲਾ ਜਲਾਲਪੁਰ ਨੇ ਇਕ ਅਤੇ ਚੌਥੇ ਧਾਵੀ ਇਰਫਾਨ ਮਾਨਾਂ ਨੂੰ ਬਿੱਟੂ ਦੁਗਾਲ ਅਤੇ ਏਕਮ ਨੇ ਵੀ ਇਕ ਇਕ ਜੱਫਾ ਜੜ ਦਿੱਤਾ। ਇਸ ਤਰ੍ਹਾਂ ਪਹਿਲੇ 10 ਮਿੰਟ ਦੀ ਖੇਡ ਵਿਚ ਹੀ ਪਾਕਿਸਤਾਨ ਦੀ ਟੀਮ ਬੋਰੀ ਦੇ ਦਾਣਿਆਂ ਵਾਂਗ ਕਿਰ ਗਈ ਇੰਡੀਆ ਦੇ 8 ਜੱਫਿਆਂ ਦੇ ਮੁਕਾਬਲੇ ਉਹ ਜੱਫੇ ਵਾਲਾ ਇੱਕ ਵੀ ਅੰਕ ਖਰਾ ਨਹੀਂ ਕਰ ਸਕੇ। ਅਗਲੇ 10 ਮਿੰਟ ਵਿਚ ਫਿਰ ਇੰਡੀਆ ਦੇ ਜਾਫੀਆਂ ਨੇ ਪੂਰੀ ਚੜ੍ਹਤ ਬਣਾਈ ਰੱਖੀ। ਅਗਲੇ 10 ਮਿੰਟਾਂ ਵਿਚ ਏਕਮ ਨੇ ਫਿਰ 3 ਅਤੇ ਗੋਗੋ ਰੁੜਕੀ ਅਤੇ ਗੁਰਵਿੰਦਰ ਕਾਹਲਵਾਂ ਨੇ ਇਕ ਇਕ ਜੱਫਾ ਲਾਇਆ।ਦੂਜੇ ਪਾਸੇ ਪਾਕਿਸਤਾਨ ਵਲੋਂ ਸਿਰਫ ਇਕੋ ਇਕ ਜੱਫਾ ਸਜਾਦ ਗੁੱਜਰ ਵਲੋਂ ਇੰਡੀਆ ਦੇ ਧਾਵੀ ਮਨਿੰਦਰ ਸਰਾਂ ਨੂੰ ਲਾਇਆ ਗਿਆ ਇਸ ਤਰ੍ਹਾਂ ਅੱਧੇ ਸਮੇਂ ਤਕ ਪਾਕਿਸਤਾਨ ਦੇ 15 ਅੰਕਾਂ ਦੇ ਮੁਕਾਬਲੇ ਇੰਡੀਆ ਦੇ 47 ਅੰਕ ਜੁੜ ਚੁੱਕੇ ਸਨ। ਅੱਧੇ ਸਮੇਂ ਦੀ ਬ੍ਰੇਕ ਦੌਰਾਨ ਹੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਵੀਰ ਸਿੰਘ ਬਾਦਲ ਵਲੋਂ ਪਾਕਿਸਤਾਨ ਤੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਤੋਹਫਿਆਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ ਪਰ ਇਨ੍ਹਾਂ ਪਾਕਿ ਮਹਿਮਾਨਾਂ ਦੇ ਮੁੱਖ ਤੋਂ ਪਾਕਿਸਤਾਨੀ ਟੀਮ ਦੀ ਹਾਰ ਦਾ ਗਮ ਸ਼ਪਸਟ ਪੜ੍ਹਿਆ ਜਾ ਸਕਦਾ ਸੀ।
ਪਾਕਿਸਤਾਨ ਦੀ ਟੀਮ ਅਗਲੇ ਅੱਧ ਵਿਚ ਵੀ ਵਾਪਸੀ ਨਹੀਂ ਕਰ ਸਕੀ ਅਗਲੇ ਅੱਧ ਵਿਚ ਤਾਂ ਸਦੀਕ ਤੋਂ ਬਾਅਦ ਲਾਲਾ ਅਬੈਦਉੱਲਾ ਵੀ ਕਬੱਡੀਆਂ ਪਾਉਣ ਦੀ ਹਿੰਮਤ ਨਾ ਕਰ ਸਕਿਆ। ਅਗਲੇ ਅੱਧ ਵਿਚ ਵੀ ਇੰਡੀਆ ਦੇ ਜਾਫੀਆਂ ਨੇ ਵੀ ਜੱਫਿਆਂ ਦੀ ਲੜੀ ਟੁੱਟਣ ਨਹੀਂ ਦਿੱਤੀ ਜਾਫੀਆਂ ਨੇ ਤਾਂ ਪਾਕਿਸਤਾਨ ਦੀ ਪੂਰੀ ਟੀਮ ਹੀ ਖੜਕਾ ਦਿੱਤੀ। ਅਗਲੇ ਅੱਧ ਵਿਚ ਫਿਰ ਇੰਡੀਆ ਦੀ ਟੀਮ ਨੇ 13 ਹੋਰ ਜੱਫੇ ਲਾ ਕੇ ਪਾਕਿਸਤਾਨ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਜਿਸਨੂੰ ਉਹ ਕਦੇ ਵੀ ਨਹੀਂ ਭੁਲਾ ਸਕਣਗੇ। ਇੰਡੀਆ ਦੇ ਜਾਫੀਆਂ ਨੇ ਲਾਲੇ ਨੂੰ ਪਹਿਲੀ ਕਬੱਡੀ ਜੱਫਾ ਲਾਉਣ ਤੋਂ ਬਾਅਦ ਧਾਵੀ ਸਯਾਦ ਅਕਮਲ ਨੂੰ ਇਡੀਆ ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਮੈਚ ਦੀ ਆਖਿਰੀ ਕਬੱਡੀ ਨੂੰ ਵੀ ਜੱਫੇ ਵਿਚ ਬਦਲ ਦਿੱਤਾ। ਭਾਵੇਂ ਪਾਕਿਸਤਾਨ ਦੇ ਜਾਫੀ ਮੁਸ਼ਰਫ ਜਾਵੇਦ ਜੰਜੂਆ ਨੇ ਇੰਡੀਆ ਦੇ ਸਾਰੇ ਧਾਵੀਆਂ ਨੂੰ ਵਧ ਵਧ ਕੇ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਜੰਝੂਆ ਸਿਰਫ ਗੁਰਲਾਲ ਘਨੌਰ ਨੂੰ ਹੀ ਇਕ ਜੱਫਾ ਲਾ ਸਕਿਆ। ਪਰ ਸਜਾਦ ਅਕਮਲ ਨੇ ਜਰੂਰ 5 ਜੱਫੇ ਲਾਉਣ ਵਿਚ ਸਫਲਤਾ ਹਾਸਲ ਕੀਤੀ ਸਜਾਦ ਨੇ ਸੁਖਵੀਰ ਸਰਾਵਾਂ , ਗੁਰਲਾਲ ਘਨੌਰ ਅਤੇ ਬਲਰਾਮ ਭੁਰਾ ਨੂੰ ਇਕ ਇਕ ਅਤੇ ਮਨਿੰਦਰ ਸਰਾਂ ਨੂੰ ਦੋ ਜੱਫੇ ਲਾਏ। ਦੂਜੇ ਪਾਸੇ ਇੰਡੀਆ ਦੇ ਜਾਫੀਆਂ ਵਿਚੋਂ ਏਕਮ ਨੇ ਸਭ ਤੋਂ ਵੱਧ 10, ਬਲਬੀਰ ਪਾਲੇ ਨੇ 7, ਗੁਰਵਿੰਦਰ ਕਾਹਲਵਾਂ ਨੇ 4 ਅਤੇ ਗੋਗੋ ਰੁੜਕੀ ਅਤੇ ਬਿੱਟੂ ਦੁਗਾਲ ਨੇ ਦੋ ਦੋ ਜੱਫੇ ਲਾਏ ਜਦਕਿ ਯਾਦਵਿੰਦਰ ਯਾਦ ਨੇ ਇਕ ਜੱਫਾ ਖਰਾ ਕੀਤਾ ਇਸ ਤਰ੍ਹਾਂ ਇੰਡੀਆ ਦੀ ਟੀਮ ਨੇ ਪਾਕਿਸਤਾਨ ਦੇ 7 ਜੱਫਿਆਂ ਦੇ ਜੁਆਬ ਵਿਚ 26 ਜੱਫਿਆਂ ਦਾ ਮੀਂਹ ਵਰ੍ਹਾ ਕੇ ਲਗਾਤਾਰ ਤੀਜਾ 2 ਕਰੋੜੀ ਵਿਸ਼ਵ ਕਬੱਡੀ ਕੱਪ ਚੁੰਮ ਲਿਆ। ਖੱਪ ਦੀ ਦਾਅਵੇਦਾਰ ਬਣ ਕੇ ਆਈ ਪਾਕਿਸਤਾਨ ਦੀ ਟੀਮ ਨੂੰ ਦੂਜੇ ਸਥਾਨ ਤੇ ਰਹਿ ਕੇ ਇਕ ਕਰੋੜ ਦੇ ਇਨਾਮ ਨਾਲ ਹੀ ਸਬਰ ਕਰਨਾ ਪਿਆ। ਇੰਡੀਆ ਟੀਮ ਦੇ ਜਾਫੀ ਏਕਮ ਨੂੰ ਸਭ ਤੋਂ ਵੱਧ 10 ਜੱਫੇ ਲਾਉਣ ਕਰਕੇ ਵਿਸ਼ਵ ਕੱਪ ਦਾ ਬੈਸਟ ਜਾਫੀ ਐਲਾਨਿਆਂ ਗਿਆ ਅਤੇ ਇੰਡੀਆ ਟੀਮ ਦੇ ਧਾਵੀ ਗਗਨਜੀਤ ਗੱਗੀ ਨੁੰ 10 ਬੇਰੋਕ ਕਬੱਡੀਆਂ ਪਾਉਣ ਕਰਕੇ ਬੈਸਟ ਰੇਡਰ ਐਲਾਨਿਆ ਗਿਆ। ਦੋਵਾਂ ਨੂੰ ਪ੍ਰੀਤ ਟ੍ਰੈਕਟਰ ਇਨਾਮ ਵਜੋਂ ਦਿੱਤੇ ਗਏ। ਇਸ ਤਰ੍ਹਾਂ ਤੀਜਾ ਵਿਸ਼ਵ ਕੱਪ ਵੱਡੇ ਫਰਕ ਨਾਲ ਜਿੱਤ ਕੇ ਇੰਡੀਆ ਨੇ ਕਬੱਡੀ ਖੇਡ ਵਿਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ।