ਅੰਮ੍ਰਿਤਸਰ-17 ਦਸੰਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਜੋੜਮੇਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ 25,26,27 ਤੇ 28 ਦਸੰਬਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਥੋਂ ਜਾਰੀ ਪ੍ਰੈਸ ਰਲੀਜ਼ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬ ਜਾਦਿਆਂ ਦੇ ਸ਼ਹੀਦੀ ਜੋੜਮੇਲ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿਤੀ ਜਾਵੇਗੀ ਤੇ ਬੀਤੇ ਦਿਨੀ ਉਨ੍ਹਾਂ ਖੁਦ ਸਾਰੇ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਜਿੱਥੇ ਕਿਤੇ ਕੋਈ ਘਾਟ ਸੀ ਉਸ ਨੂੰ ਤੁਰੰਤ ਮੁਕੰਮਲ ਕਰਨ ਲਈ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਦੀਵਾਨ ਟੋਡਰ ਮੱਲ ਹਾਲ ਵਿਖੇ ਧਾਰਮਿਕ ਦੀਵਾਨ ਸ਼ੁਰੂ ਹੋਣਗੇ ਜਿਸ ਵਿੱਚ ਪੰਥ ਪ੍ਰਸਿਧ ਰਾਗੀ ਢਾਡੀ, ਕਵੀਸ਼ਰ, ਕਵੀਜਨ ਕਥਾ ਕੀਰਤਨ ਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 27 ਦਸੰਬਰ ਨੂੰ ਸਵੇਰੇ 9.00 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੀਕ ਵਿਸ਼ਾਲ ਨਗਰ ਕੀਰਤਨ ਅਯੋਜਿਤ ਕੀਤਾ ਜਾਵੇਗਾ। ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋੜ ਮੇਲ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੱਖਾਂ ਸੰਗਤਾਂ ਮੱਥਾ ਟੇਕ ਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨਗੀਆਂ।