ਅੰਮ੍ਰਿਤਸਰ – ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਨਾਬ ਅਲਤਮਸ ਕਬੀਰ ਨੇ ਇੱਕ ਜੱਜਾਂ ਤੇ ਸੀਨੀਅਰ ਵਕੀਲਾਂ ਦੇ ਵਫਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਅਤੇ ਇਤਿਹਾਸ ਸਬੰਧੀ ਪੂਰੀ ਦਿਲਚਸਪੀ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਤੇ ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ, ਸ਼ਾਲ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਚੀਫ ਜਸਟਿਸ ਸ੍ਰੀ ਕਬੀਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆਤਮਿਕ ਸਾਂਤੀ ਦਾ ਘਰ ਹੈ। ਮੈਂ ਜਦ ਵੀ ਅੰਮ੍ਰਿਤਸਰ ਆਉਂਦਾ ਹਾਂ, ਮੇਰਾ ਅਧਿਆਤਮਕ ਤਜਰਬਾ ਹੈ, ਇਥੇ ਆਉਣ ਨਾਲ ਹਿਰਦਾ ਸਾਫ ਤੇ ਤ੍ਰਿਪਤ ਹੋ ਜਾਂਦਾ ਹੈ। ਉਨ੍ਹਾਂ ਨਾਲ ਆਏ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ੍ਰੀ ਅਰਜਨ ਕੁਮਾਰ ਸੀਕਰੀ, ਸੁਪਰੀਮ ਕੋਰਟ ਦੇ ਜੱਜ ਸ੍ਰੀ ਡੀ.ਕੇ. ਜੈਨ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸ.ਜਸਬੀਰ ਸਿੰਘ, ਸ੍ਰੀ ਹੇਮੰਤ ਗੁਪਤਾ, ਸ੍ਰੀ ਸਤ ਪ੍ਰਕਾਸ਼ ਬੰਗੜ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਐਡਵੋਕੇਟ ਸ.ਸਿਆਲਕਾ ਤੋਂ ਇਲਾਵਾ ਸ.ਮੰਗਲ ਸਿੰਘ ਐਡਵੋਕੇਟ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ, ਸ.ਗੁਰਬਚਨ ਸਿੰਘ ਪੀ.ਆਰ.ਓ., ਸ.ਹਰਪ੍ਰੀਤ ਸਿੰਘ ਸੂਚਨਾ ਅਧਿਕਾਰੀ ਆਦਿ ਮੌਜੂਦ ਸਨ।