ਅਸੀਂ ਅੱਜ 50 ਸਾਲ ਪੁਰਾਣੀ ਮਹਾਨ ਸੰਸਥਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਜ਼ਸ਼ਨਾਂ ਦੀ ਲੜੀ ਵਿੱਚ ਪੁਰਾਣੇ ਵਿਦਿਆਰਥੀਆਂ ਦਾ ਜੋੜ ਮੇਲਾ ਰਲ ਕੇ ਮਨਾਉਣ ਲੱਗੇ ਹਾਂ। ਸ਼ਗਨਾਂ ਦੀ ਘੜੀ ਹੈ। ਇਸ ਘੜੀ ਰਲ ਬੈਠਣਾ ਸਾਡਾ ਸੁਭਾਗ ਵੀ ਹੈ ਅਤੇ ਆਪਣੇ ਸਾਂਝੇ ਮਾਣ ਮੱਤੇ ਵਿਰਸੇ ਦੀਆਂ ਲਿਸ਼ਕਦੀਆਂ ਤੰਦਾਂ ਤੋਂ ਰੌਸ਼ਨੀ ਲੈਣ ਦਾ ਮੌਕਾ ਵੀ ।
ਲਗਪਗ ਇਕ ਸਦੀ ਤੋਂ ਕੁਝ ਵਰ੍ਹੇ ਵਧ ਪਹਿਲਾਂ ਲਾਇਲਪੁਰ ਜਿਸ ਨੂੰ ਹੁਣ ਤੁਸੀਂ ਫੈਸਲਾਬਾਦ ਆਖਦੇ ਹੋ ਉਥੇ ਗਿਆਨ ਦਾ ਪਹਿਲਾ ਬੂਟਾ ਉੱਗਿਆ। 47 ਵੇਲੇ ਉਸਦੀਆਂ ਟਾਹਣੀਆਂ ਛਾਂਗੀਆਂ ਗਈਆਂ । ਇਕ ਟਾਹਣੀ ਏਧਰ ਪਹਿਲਾਂ ਅੰਬਰਸਰ ਅਤੇ ਫਿਰ ਲੁਧਿਆਣੇ ਮੁੜ ਪੁੰਗਰੀ। ਉਸੇ ਟਾਹਣੀ ਦੇ ਬਿਰਖ਼ ਰੂਪ ਥੱਲੇ ਅੱਜ ਅਸੀਂ ਮੁੜ ਇਕੱਠੇ ਬੈਠੇ ਹਾਂ। ਇਹ ਘਣਛਾਵਾਂ ਬਿਰਖ਼ ਉਸੇ ਮਹਾਨ ਧਰਤੀ ਵਿੱਚ ਉੱਗੀ ਸਾਂਝੀ ਵਿਰਾਸਤ ਦਾ ਪ੍ਰਤੀਕ ਬਣ ਗਿਆ ਹੈ। 47 ਵੇਲੇ ਕੌੜੀਆਂ ਵੇਲਾਂ ਬਥੇਰੀਆ ਉੱਗੀਆਂ ਪਰ ਅਸੀਂ ਉਨ੍ਹਾਂ ਤੋਂ ਪਾਰ ਜਾ ਕੇ ਸਰਬ ਸਾਂਝੀ ਮਨੁੱਖਤਾ ਵਾਸਤੇ ਅਨਾਜ ਪੈਦਾ ਕਰਨ ਦੀ ਵੱਡੀ ਜਿੰਮੇਂਵਾਰੀ ਸੰਭਾਲੀ ਹੈ। ਸਾਡਾ ਤੁਹਾਡਾ ਸਾਂਝਾ ਵਤਨ ਕੇਵਲ ਮੁੜ੍ਹਕੇ ਨਾਲ ਭਿੱਜਿਆ ਖੇਤ ਹੈ ਜਿਥੇ ਧਰਮ, ਜਾਤ, ਗੋਤ ਬਹੁਤ ਨਿੱਕੇ ਹੋ ਜਾਂਦੇ ਨੇ। ਸਾਡੀਆਂ ਰੁੱਤਾਂ ਇਕ ਨੇ, ਲੋੜਾਂ ਇਕ ਨੇ, ਸ਼ਕਤੀਆਂ ਇਕ ਨੇ, ਹੋਰ ਤਾਂ ਹੋਰ ਕਮਜ਼ੋਰੀਆਂ ਵੀ ਇਕ ਨੇ ਪਰ ਇਨ੍ਹਾਂ ਕਮਜ਼ੋਰੀਆਂ ਤੋਂ ਪਾਰ ਜਾਣ ਲਈ ਸਾਂਝੀ ਸ਼ਕਤੀ ਦਾ ਮਾਹੌਲ ਉਸਾਰਨਾ ਸਾਡੀ ਸਾਂਝੀ ਜਿੰਮੇਂਵਾਰੀ ਹੈ।
ਸਾਡੀ ਸਾਂਝੀ ਵਿਰਾਸਤ ਵਿੱਚ ਇਸ ਧਰਤੀ ਦਾ ਸਾਰਾ ਹੁਸਨ ਹੈ। ਬਾਬਾ ਫਰੀਦ ਤੋਂ ਲੈ ਕੇ ਅੱਜ ਤੀਕ ਦਾ ਹਰ ਸੂਫੀ ਸਾਇਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬੋਲਬਾਲਾ ਮੰਗਦਾ ਹੈ। 12ਵੀਂ ਸਦੀ ਵਿੱਚ ਬਾਬਾ ਫਰੀਦ ਨੇ ਸਾਨੂੰ ਬੜਾ ਸਪਸ਼ਟ ਆਖਿਆ ਸੀ ਕਿ ਅਸੀਂ ਆਪਣੀ ਸਾਦਗੀ ਨਾ ਗਵਾਈਏ, ਹੰਕਾਰ ਦੇ ਕਿਲੇ ਉਸਾਰਨ ਦਾ ਥਾਂ ਪਹੇ ਦੀ ਦੱਭ ਵਾਂਗ ਹੋ ਜਾਈਏ।
ਫਰੀਦਾ ਥੀਓ ਪਵਾਹੀ ਦੱਭ, ਜੇ ਸਾਂਈ ਲੋੜੇ ਸਭ।
ਇੱਕ ਛਿਜਹਿ ਬਿਆ ਲਿਤਾੜੀਏ ਤਾਂ ਸਾਂਈ ਦੇ ਦਰ ਵਾੜੀਏ।
ਇਹ ਸਬਕ ਸਾਡੇ ਸਭ ਲਈ ਸੀ। ਅਸੀਂ ਜਿੰਨਾਂ–ਜਿੰਨਾਂ ਭੁਲਾ ਲਿਆ, ਓਨਾ–ਓਨਾ ਸਾਂਈ ਤੋਂ ਦੂਰ ਚਲੇ ਗਏ। ਜਿੰਨਾ–ਜਿੰਨਾਂ ਚੇਤੇ ਕਰ ਲਿਆ, ਓਨਾ–ਓਨਾ ਮੁਹੱਬਤੀ ਰੂਹਾਂ ਬਣ ਗਏ। ਅਸੀਂ ਜਿੰਦਗੀ ਦੇ ਸਾਹ ਅਸਵਾਰ ਸਾਂ, ਸਮਿਆਂ ਦੇ ਗੇੜ ਨਾਲ ਅਸੀਂ ਕੀ ਤੋਂ ਕੀ ਬਣ ਗਏ?
ਸਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਅਤੇ ਹਾਸ਼ਮ ਵਰਗੇ ਸਾਇਰ ਸਾਡੇ ਪੁਰਖੇ ਨੇ। ਪੰਜ ਦਰਿਆਵਾਂ ਤੇ ਗੀਤ ਗਾਉਣ ਵਾਲੇ। ਇਨ੍ਹਾਂ ਪੰਜਾਂ ਦਰਿਆਵਾਂ ਦੇ ਪੁੱਤਰ ਹਾਂ ਅਸੀਂ। ਕਦੇ ਕਾਬਲ ਕੰਧਾਰ ਦੀਆਂ ਕੰਧਾਂ ਸਾਡੇ ਸਾਂਝੇ ਬਾਹੂ ਬਲ ਅਤੇ ਲਿਆਕਤ ਵੱਲ ਵੇਖ ਕੇ ਕੰਬਦੀਆਂ ਸਨ, ਅੱਜ ਅਸੀਂ ਇੱਕ ਦੂਸਰੇ ਤੋਂ ਡਰੀ ਜਾਂਦੇ ਹਾਂ। ਅਸੀਂ ਆਪਣੇ ਸਾਂਝੇ ਵਿਰਸੇ ਵੱਲ ਕੰਡ ਕਰਕੇ ਕੀ ਖੱਟਿਆ, ਸਿਰਫ ਬੇਵਿਸਾਹੀ, ਬੇਭਰੋਸਗੀ। ਸੱਕ ਦੇ ਡੰਗੇ ਹੋਏ ਅਸੀਂ ਰੱਸੀਆਂ ਦੇ ਸੱਪ ਮਾਰਨ ਵਿੱਚ ਹੀ ਅੱਧੀ ਸਦੀ ਤੋਂ ਵੱਧ ਸਮਾਂ ਰੁਝੇ ਰਹੇ। ਅਮਨ ਦਾ ਗੀਤ ਸਾਨੂੰ ਚੰਗਾ ਲੱਗਣੋਂ ਹਟ ਗਿਆ ਸੀ। ਅਸੀਂ ਅੱਗ–ਅੱਗ ਖੇਡਦੇ ਝੁੱਗੇ ਚੌੜ ਕਰਾ ਬੈਠੇ। ਕੀ ਅਸੀਂ ਅਗਨ ਖੇਡ ਤੋਂ ਮੁਕਤੀ ਹਾਸਲ ਕਰਕੇ ਵਿਕਾਸ ਖੇਡ ਦੇ ਭਾਈਵਾਲ ਨਹੀਂ ਸਾਂ ਬਣ ਸਕਦੇ?
ਚਲੋ ! ਅਜੇ ਵੀ ਡੁੱਲੇ ਬੇਰਾਂ ਦਾ ਕੱਖ ਨਹੀ. ਵਿਗੜਿਆ, ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਪਰਤ ਆਵੇ ਤਾਂ ਉਹਨੂੰ ਭੁਲਿਆ ਨਹੀਂ ਆਖਦੇ। ਸਾਂਈ ਬੁੱਲ੍ਹੇ ਸ਼ਾਹ ਸਾਨੂੰ ਆਪਣੇ ਮੂਲ ਧੁਰੇ ਨਾਲ ਜੋੜਦਾ ਹੈ। ਸਾਨੂੰ ਆਦਮੀ ਬਣਨ ਲਈ ਪ੍ਰੇਰਦਾ ਹੈ । ਰੰਗਾਂ, ਜਾਤਾਂ, ਨਸਲਾਂ, ਧਰਮਾਂ, ਇਲਾਕਿਆਂ ਅਤੇ ਰੁਤਬਿਆਂ ਦੇ ਫਰਕ ਤੋਂ ਵੱਖਰਾ । ਇਨ੍ਹਾਂ ਸਭ ਤੋਂ ਕਿਤੇ ਉਚੇਰਾ ।
ਵਾਰਿਸ ਸ਼ਾਹ ਹੀਰ ਰਾਂਝੇ ਦੀ ਗੱਲ ਕਰਦਿਆਂ ਸਾਨੂੰ ਚੇਤੇ ਕਰਵਾਉਂਦਾ ਹੈ
ਵੀਰਾਂ ਅੰਬੜੀ ਜਾਇਆ ਜਾਹ ਨਾਹੀ, ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀ।
ਭਾਈ ਮਰੇ ਤੇ ਪੌਦੀਆਂ ਭੱਜ ਬਾਂਹੀ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ।
ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੀ, ਤੇ ਭਾਈਆਂ ਬਾਝ ਬਹਾਰ ਨਾਹੀ।
ਅੱਜ ਅਸੀਂ ਫਿਰ ਆਪਣੇ ਆਪ ਨੂੰ ਆਪਣੇ ਵਿਰਸੇ ਵੱਲ ਤੋਰਨਾ ਹੈ। ਸਾਡੀਆਂ ਅੱਖਾਂ ਦੀ ਲਾਲੀ ਅਤੇ ਅੱਥਰੂ ਹੁਣ ਬੀਤੇ ਵਕਤ ਦੀ ਕਹਾਣੀ ਬਣ ਜਾਣ। ਸਾਡਾ ਵਰਤਮਾਨ ਅਤੇ ਭਵਿੱਖ ਮਹਿਕਦੇ ਸਫਰ ਵਰਗਾ ਹੋਵੇ। ਗਿਆਨ, ਵਿਗਿਆਨ, ਵਪਾਰ ਅਤੇ ਵਿਸਵ ਚੇਤਨਾ ਦੀ ਸਾਂਝ ਸਾਡੀ ਸਕਤੀ ਬਣੇ। ਸਾਡੇ ਹਾਸੇ ਦੀ ਟੁਣਕਾਰ ਪੰਜ ਦਰਿਆਵਾਂ ਦੀ ਰਫਤਾਰ ਨੂੰ ਹਰਕਤਾਂ ਅਤੇ ਬਰਕਤਾਂ ਵਿੱਚ ਤਬਦੀਲ ਕਰੇ।
ਅਸੀਂ ਵਾਹਗੇ ਦੀ ਕੰਡਿਆਲੀ ਤਾਰ ਦੇ ਦੋਹੀਂ ਪਾਸੀਂ ਖਿੜੇ ਫੁੱਲ ਬਣੀਏ। ਕੰਡਿਆਂ ਤੇ ਤੁਰ ਕੇ ਬਹੁਤ ਵੇਖ ਲਿਆ ਹੈ । ਸਾਡੀਆਂ ਮੁਟਿਆਰਾਂ ਕਸੂਰ ਦੀ ਜੁੱਤੀ ਨੂੰ ਤਰਸਦੀਆਂ ਹਨ ਅਤੇ ਤੁਹਾਡੀਆਂ ਧੀਆਂ ਪਟਿਆਲੇ ਦੇ ਪਰਾਂਦਿਆਂ ਨੂੰ। ਸਾਡੇ ਵੀਰਾਂ ਦਾ ਲਾਹੌਰ ਦੀ ਅਨਾਰਕਲੀ ਵਿੱਚ ਘੁੰਮਣ ਨੂੰ ਜੀ ਕਰਦਾ ਹੈ ਅਤੇ ਤੁਹਾਡਿਆਂ ਦਾ ਲੁਧਿਆਣੇ ਆਉਣ ਨੂੰ। ਕੀ ਮਹਿਕਦੀ ਹਵਾ ਵਾਂਗ ਅਸੀਂ ਇੱਕ ਦੂਸਰੇ ਦੇ ਸੁਪਨਿਆਂ ਦੇ ਹਾਣ ਦਾ ਸੰਸਾਰ ਨਹੀਂ ਸਿਰਜ ਸਕਦੇ?
ਵਕਤ ਇਸ ਗੱਲ ਨੂੰ ਨੋਟ ਨਹੀਂ ਕਰਦਾ ਕਿ ਕਿਸ ਵਿਅਕਤੀ ਨੇ ਕਿਸ ਧਰਤੀ ਤੇ ਕਿੰਨਾ ਸਮਾਂ ਹਕੂਮਤ ਕੀਤੀ ਸਗੋਂ ਇਹ ਵੇਖਦਾ ਹੈ ਕਿ ਕਿਸ ਵਿਅਕਤੀ ਨੇ ਧਰਤੀ ਤੇ ਕਿਹੋ ਜਿਹੀ ਖੂਬਸੂਰਤੀ ਬੀਜੀ। ਅਸੀਂ ਰਲ ਕੇ ਯਤਨ ਕਰਨਾ ਹੈ ਕਿ ਖੂਬਸੂਰਤੀ ਬੀਜੀਏ ਅਤੇ ਖੂਬਸੂਰਤੀ ਹੀ ਹੰਢਾਈਏ। ਐਵੇ. ਗੱਲਾਂ ਵਿੱਚ ਵਕਤ ਨਾ ਗਵਾਈਏ।
ਸਾਡੇ ਸਾਂਝੇ ਨਾਇਕ ਸਾਨੂੰ ਹਮੇਸ਼ਾਂ ਆਵਾਜ ਦਿੰਦੇ ਹਨ ਅਤੇ ਆਖਦੇ ਹਨ ਕਿ ਸਾਡੇ ਪੁੱਤਰੋ ! ਇੱਕ ਦੂਸਰੇ ਵੱਲ ਪਿੱਠਾਂ ਕਿਉਂ ਕੀਤੀਆਂ ਜੇ। ਜੇ ਅਸੀਂ ਆਜਾਦੀ ਦੀ ਲੜਾਈ ਲੜਦਿਆਂ ਇੱਕਠੇ ਮਰ ਸਕਦੇ ਹਾਂ ਤਾਂ ਤੁਸੀਂ ਆਜਾਦੀ ਮਾਣਦੇ ਇਕੱਠੇ ਜੀਣ ਤੋਂ ਕਿਉਂ ਇਨਕਾਰ ਕਰਦੇ ਹੋ? ਇਸ ਸਵਾਲ ਦਾ ਸਾਡੇ ਕੋਲ ਕੋਈ ਜੁਆਬ ਨਹੀਂ। ਆਓ ਇਸ ਸੁਆਲ ਦੇ ਸਨਮੁਖ ਖਲੋਈਏ ਅਤੇ ਅੱਜ ਸਾਂਝੇ ਅਹਿਦਨਾਮੇ ਤੇ ਦਸਤਖਤ ਕਰੀਏ।
ਅਹਿਦਨਾਮਾ
* ਦੋਹਾਂ ਦੇਸਾਂ ਦੇ ਸਾਂਝੇ ਦੁਸਮਣਾਂ, ਅਨਪੜ੍ਹਤਾ, ਬੇਰੁਜਗਾਰੀ, ਭੁੱਖਮਰੀ, ਗਰੀਬੀ, ਨਸ਼ਾਖੋਰੀ ਅਤੇ ਕਿਸਾਨੀ ਦੀ ਕਮਜੋਰ ਹੋ ਰਹੀ ਆਰਥਿਕਤਾ ਲਈ ਸਾਂਝੀ ਕਾਰਜ ਨੀਤੀ ਦਾ ਵਿਕਾਸ ਅਤੇ ਸਮਾਂਬੱਧ ਬਣਾਈਏ।
* ਦੋਹਾਂ ਪੰਜਾਬਾਂ ਦੀ ਪੇਂਡੂ ਨੁਹਾਰ ਬਦਲਣ ਲਈ ਸਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦੋਹਾਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਨੂੰ ਰਜਾਮੰਦ ਅਤੇ ਸਮਾਂਬੱਧ ਕਾਰਜ ਯੋਜਨਾ ਉਲੀਕਣ ਲਈ ਨੀਤੀ ਨਿਰਧਾਰਣ ਕਰੀਏ।
* ਦੋਹਾਂ ਪੰਜਾਬਾਂ ਦੇ ਬਹੁ–ਪੱਖੀ ਪੇਂਡੂ ਅਤੇ ਖੇਤੀ ਵਿਕਾਸ ਲਈ ਖੇਤੀਬਾੜੀ ਵਿਗਿਆਨੀਆਂ, ਖੋਜਕਾਰਾਂ, ਬੀਜ ਵਿਕਾਸ ਪ੍ਰੋਗਰਾਮਾਂ, ਵਿਦਿਆਰਥੀਆਂ, ਕਿਸਾਨਾਂ, ਖੇਤੀਬਾੜੀ ਸਾਹਿਤ ਅਤੇ ਸੰਚਾਰ ਮਾਹਿਰਾਂ ਦਾ ਬੇਰੋਕ ਰੋਕ ਟੋਕ ਆਦਾਨ ਪ੍ਰਦਾਨ ਦਾ ਪ੍ਰਬੰਧ ਕਰੀਏ।