ਅੰਮ੍ਰਿਤਸਰ : ਪਟਿਆਲੇ ਦੀ ਇੱਕ ਵੱਕਾਰੀ ਗੈਰ ਸਰਕਾਰੀ ਸੰਸਥਾ ਪੰਜਾਬ ਟੂਡੇ ਫ਼ਾਉਂਡੇਸ਼ਨ ਨੇ ਅੱਜ ਇਥੇ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜ਼ਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਚੇਤਨਾ ਲਹਿਰ ਤੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿਚ ਸਮਾਜ ਵਿਚ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਬਾਰੇ ਹਰ ਵਿਅਕਤੀ, ਪਰਿਵਾਰ ਤੇ ਸੰਸਥਾ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਮਹੱਤਤਾ ਉਜਾਗਰ ਕਰਨ ਉਤੇ ਵੀ ਜ਼ੋਰ ਦਿੱਤਾ ਗਿਆ।
ਪੰਜਾਬ ਟੂਡੇ ਫ਼ਾਉਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੰਵਰ ਮਨਜੀਤ ਸਿੰਘ ਨੇ ਦਸਿਆ ਕਿ ਇਸ ਲਹਿਰ ਦੀ ਸ਼ੁਰੂਆਤ ਅੱਜ ਕੌਮਾਂਤਰੀ ਮਨੁੱਖੀ ਇੱਕਜੁਟਤਾ ਦਿਵਸ ਮੌਕੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਗਈ। ਉਪਰੰਤ ਇਹ ਲਹਿਰ ਪੈਦਲ ਯਾਤਰਾ ਦੇ ਤੌਰ ਤੇ ਜਲ੍ਹਿਆਂਵਾਲਾ ਬਾਗ ਤੋ ਹੁੰਦੀ ਹੋਈ ਅੰਮ੍ਰਿਤਸਰ ਦੇ ਮੁੱਖ ਬਜ਼ਾਰਾਂ ਵਿਚੋ ਲੰਘੀ। ਇਸ ਦੌਰਾਨ ਯਾਤਰਾ ਵਿਚ ਸ਼ਾਮਲ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਦੇ ਕਾਰਕੁਨਾਂ ਨੇ ਲੋਕਾਂ ਤੋਂ ਇਸ ਮੁਹਿੰਮ ਦੇ ਹੱਕ ਵਿਚ ਦਸਤਖ਼ਤ ਕਰਵਾਏ। ਇਹ ਯਾਤਰਾ ਪੰਜਾਬ ਦੇ ਸਾਰੇ ਜ਼ਿਲਿਆਂ ਤੋਂ ਇਲਾਵਾ ਚੰਡੀਗੜ ਅਤੇ ਦੇਸ਼ ਦੇ ਦੂਜੇ ਰਾਜਾਂ ਵਿਖੇ ਵੀ ਕੀਤੀ ਜਾਵੇਗੀ। ਇਹਨਾਂ ਚੇਤਨਾ ਯਾਤਰਾਵਾਂ ਦੀ ਸਮਾਪਤੀ ਕੌਮੀ ਰਾਜਧਾਨੀ ਦਿੱਲੀ ਵਿਖੇ ਕੀਤੀ ਜਾਣ ਵਾਲੀ ਯਾਤਰਾ ਨਾਲ ਹੋਵੇਗੀ। ਇਸ ਲਹਿਰ ਦੌਰਾਨ ਔਰਤਾਂ ਵਿਰੁੱਧ ਜ਼ੁਲਮਾਂ ਦੇ ਕੇਸਾਂ ਦੇ ਤੁਰੰਤ ਨਿਪਟਾਰੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕਰਨ ਲਈ ਹੋਰਨਾਂ ਸ਼ਹਿਰਾਂ ਵਿਚ ਵੀ ਦਸਤਖ਼ਤੀ ਮੁਹਿੰਮ ਚਲਾਈ ਜਾਵੇਗੀ ਅਤੇ ਇਹ ਮੰਗ ਪੱਤਰ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ। ਇਸ ਮੰਗ ਪੱਤਰ ਵਿਚ ਇਹ ਮੰਗ ਵੀ ਕੀਤੀ ਜਾਵੇਗੀ ਕਿ ਔਰਤਾਂ ਉੱਤੇ ਹੁੰਦੇ ਜ਼ੁਲਮਾਂ ਦੇ ਕੇਸਾਂ ਨੂੰ ਨਜਿੱਠਣ ਲਈ ਫਾਸਟ-ਟਰੈਕ ਅਤੇ ਔਰਤ ਜੱਜਾਂ ਵਾਲੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕੀਤੀਆਂ ਜਾਣ।
ਕੰਵਰ ਮਨਜੀਤ ਸਿੰਘ ਨੇ ਕਿਹਾ ਕਿ ਉਹ ਇਹਨਾਂ ਯਾਤਰਾਵਾਂ ਵਿਚ ਸ਼ਾਮਲ ਹੋਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਿਰਕੱਢ ਵਿਅਕਤੀਆਂ, ਰਾਜਨੀਤਕ ਆਗੂਆਂ, ਬੁੱਧੀਜੀਵੀਆਂ, ਚਿੰਤਕਾਂ, ਵਿਦਿਆਰਥੀ ਨੇਤਾਵਾਂ, ਧਾਰਮਿਕ ਸਖਸ਼ੀਅਤਾਂ ਅਤੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦੇ ਹਨ। ਉਹਨਾਂ ਦਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਔਰਤਾਂ ਦੇ ਸਨਮਾਨ ਤੇ ਇੱਜ਼ਤ ਦੀ ਰਾਖੀ ਲਈ ਵੰਡੇ ਜਾਣ ਵਾਲੇ ਸਾਹਿਤ ਰਾਹੀਂ ਇਹ ਅਹਿਸਾਸ ਪੈਦਾ ਕੀਤਾ ਜਾਵੇਗਾ ਕਿ ਜੇ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਨਾ ਉਠਾਈ ਗਈ ਤਾਂ ਕੱਲ ਨੂੰ ਇਹੋ ਜਿਹੀ ਸ਼ਰਮਨਾਕ ਘਟਨਾ ਕਿਸੇ ਕੀ ਧੀ, ਭੈਣ ਜਾਂ ਪਤਨੀ ਨਾਲ ਵਾਪਰ ਸਕਦੀ ਹੈ।
ਕੰਵਰ ਮਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਸਮੇਤ ਦਿੱਲੀ, ਹਰਿਆਣੇ ਤੇ ਕਈ ਹੋਰ ਸੂਬਿਆਂ ਵਿਚ ਔਰਤਾਂ ਉੱਤੇ ਹੋਏ ਜ਼ੁਲਮਾਂ ਦੀਆਂ ਸ਼ਰਮਨਾਕ ਘਟਨਾਵਾਂ ਨਾਲ ਪੂਰੇ ਸਮਾਜ ਦਾ ਸਿਰ ਨੀਵਾਂ ਹੋਇਆ ਹੈ। ਅੱਜ ਸਾਰੇ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਚੇਤੰਨ ਹੋਣ ਦਾ ਮੌਕਾ ਹੈ ਕਿ ਅਸੀ ਔਰਤਾਂ ਤੇ ਲੜਕੀਆਂ ਦੇ ਸਮਾਜ ਵਿਚ ਇੱਜਤ ਤੇ ਸਨਮਾਨ ਨਾਲ ਰਹਿਣ ਦੇ ਹੱਕ ਬਾਰੇ ਜਾਗਰੂਕ ਹੋਈਏ। ਅੱਜ ਲੋੜ ਹੈ ਸਮਾਜ ਵਿਚ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਬਾਰੇ ਹਰ ਵਿਅਕਤੀ, ਪਰਿਵਾਰ ਤੇ ਸੰਸਥਾ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ। ਉਹਨਾਂ ਕਿਹਾ ਕਿ ਫਰੀਦਕੋਟ ਤੇ ਅੰਮ੍ਰਿਤਸਰ ਵਿਚ ਵਾਪਰੀਆਂ ਘਟਨਾਵਾਂ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਉਤੇ ਵਸਣ ਵਾਲੇ ਸਮੂਹ ਪੰਜਾਬੀਆਂ ਦੇ ਮੱਥੇ ਉਤੇ ਕਲੰਕ ਨੂੰ ਧੋਣ ਲਈ ਜਾਗਰੂਕਤਾ ਪੈਦਾ ਕਰਨਾ ਹੀ ਇਸ ਲਹਿਰ ਦਾ ਮਕਸਦ ਹੈ।