ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਦੀ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਪਹਿਲੀ ਮਿਲਣੀ ਅਤੇ ਖੇਤੀਬਾੜੀ ਕਾਲਿਜ, ਪੀ.ਏ.ਯੂ. ਲੁਧਿਆਣਾ ਦੀ 50ਵੀਂ ਵਰੇ ਗੰਢ ਮੌਕੇ ਦੇਸ਼ ਬਦੇਸ਼ ਤੋਂ ਆਏ ਪਰਾਣੇ ਵਿਦਿਆਥੀਆਂ ਨੂੰ ਸੰਬੋਧਤ ਕਰਦਿਆਂ ਪਾਕਿਸਤਾਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਜਨਾਬ ਮਲਿਕ ਅਹਿਮਦ ਅਲੀ ਔਲਖ ਨੇ ਕਿਹਾ ਹੈ ਕਿ ਹਿੰਦ ਪਾਕ ਦੋਸਤੀ ਵਿਚ ਖੇਤੀਬਾੜੀ ਵਿਕਾਸ ਦੀਆਂ ਸੰਭਾਵਨਾਵਾਂ ਮੌਜੂਦ ਹਨ। ਜਨਾਬ ਔਲਖ ਨੇ ਕਿਹਾ ਹੈ ਕਿ ਇਕੋ ਜਿਹੀ ਆਬੋ ਹਵਾ ਹੋਣ ਕਾਰਨ ਸਾਡੀਆਂ ਖੇਤੀ ਮੁਸੀਬਤਾਂ ਵੀ ਇਕੋ ਜਿਹੀਆਂ ਹਨ। ਉਨਾਂ ਆਖਿਆ ਕਿ ਗਿਆਨ ਵਿਗਿਆਨ ਦੀ ਆਮਦੋ-ਰਫ਼ਤ ਵਧਣ ਨਾਲ ਕਈ ਗੁੰਝਲਦਾਰ ਸਮੱਸਿਆਵਾਂ ਸੌਖਿਆਂ ਹੀ ਹੱਲ ਹੋ ਸਕਦੀਆਂ ਹਨ। ਵਧਦੀ ਆਬਾਦੀ ਦਾ ਪੇਟ ਭਰਨ ਲਈ ਵਧੇਰੇ ਅਨਾਜ ਅਤੇ ਪੌਸ਼ਟਿਕ ਸੁਰੱਖਿਆ ਦੇ ਹਵਾਲੇ ਨਾਲ ਜਨਾਬ ਔਲਖ ਨੇ ਆਖਿਆ ਕਿ ਪਾਕਿਸਤਾਨ ਦੀ 70% ਆਬਾਦੀ ਖੇਤੀਬਾੜੀ ਤੇ ਨਿਰਭਰ ਹੈ ਅਤੇ ਕੁਲ ਉਦਯੋਗ ਵਿਚੋਂ 90% ਉਦਯੋਗ ਖੇਤੀ ਅਧਾਰਿਤ ਹੈ। ਇਸ ਲਈ ਸਾਨੁੰ ਸਭ ਨੂੰ ਮਿਲ ਕੇ ਇਸ ਬਾਰੇ ਸਾਂਝੇ ਖੋਜ ਕਾਰਜ ਕਰਨ ਦੀ ਲੋੜ ਹੈ।
ਜਨਾਬ ਔਲਖ ਨੇ ਆਖਿਆ ਕਿ ਪਾਕਿਸਤਾਨੀ ਪੰਜਾਬ ਵਿਚ ਖਾਦਾਂ, ਬਿਜਲੀ ਅਤੇ ਹੋਰ ਖੇਤੀ ‘ਚ ਕੰਮ ਆਉਣ ਵਾਲੇ ਸਾਧਨ ਬੜੇ ਮਹਿੰਗੇ ਹਨ। ਜੇਕਰ ਸਾਡੀ ਨੇੜਤਾ ਹੋ ਜਾਵੇ ਤਾਂ ਸਾਨੂੰ ਕਿਸੇ ਹੋਰ ਮੁਲਕ ਤੇ ਨਿਰਭਰ ਹੋਣ ਦੀ ਥਾਂ ਅਸੀਂ ਇਹ ਵਸਤਾਂ ਇਕ ਦੂਸਰੇ ਪਾਸੋਂ ਸਹਿਜੇ ਹੀ ਘੱਟ ਖਰਚੇ ਤੇ ਲੈ ਸਕਦੇ ਹਾਂ।ਉਨ੍ਹਾਂ ਆਖਿਆ ਕਿ ਭਵਿੱਖ ਦੇ ਵਿਗਿਆਨ ਬਾਇਓ ਟੈਕਨਾਲੋਜੀ ਇੰਜੀਨੀਅਰਿੰਗ ਵਿਚ ਵੀ ਦੁਵੱਲਾ ਸਹਿਯੋਗ ਮਦਦਗਾਰ ਸਾਬਤ ਹੋ ਸਕਦਾ ਹੈ। ਜਨਾਬ ਔਲਖ ਨੇ ਆਖਿਆ ਕਿ ਸਾਡੀਆਂ ਤੁਹਾਡੀਆਂ ਲੋੜਾਂ ਇਕ ਹਨ ਅਤੇ ਇਨਾਂ ਲੋੜਾਂ ਦੀ ਪੂਰਤੀ ਲਈ ਇਧਰਲੇ ਡਿਪਟੀ ਚੀਫ ਮਨਿਸਟਰ ਸ। ਸੁਖਬੀਰ ਸਿੰਘ ਬਾਦਲ ਅਤੇ ਉਧਰਲੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ਼ ਵਿਚਕਾਰ ਪਿਛਲੇ ਮਹੀਨੇ ਪਾਕਿਸਤਾਨ ‘ਚ ਹੋਈਆਂ ਮਿਲਣੀਆਂ ਭਵਿੱਖ ‘ਚ ਚੰਗੇ ਨਤੀਜੇ ਦੇਣਗੀਆਂ। ਉਨ੍ਹਾਂ ਆਖਿਆ ਕਿ ਜਨਾਬ ਸ਼ਾਹਬਾਜ਼ ਸ਼ਰੀਫ ਵੀ ਕੁਝ ਅਰਸੇ ਬਾਅਦ ਏਸ ਪੰਜਾਬ ਦਾ ਦੌਰਾ ਕਰਨਗੇ ਜਿਸ ਤੋਂ ਚੰਗੇ ਨਤੀਜੇ ਮਿਲਣ ਦੀ ਆਸ ਹੋਰ ਵਧੇਗੀ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ। ਬਲਦੇਵ ਸਿੰਘ ਔਲਖ ਨੇ ਇਸ ਮੌਕੇ ਪਾਕਿਸਤਾਨੀ ਪੰਜਾਬ ਨੇ ਖੇਤੀਬਾੜੀ ਮੰਤਰੀ ਜਨਾਬ ਮਲਿਕ ਅਹਿਮਦ ਅਲੀ ਔਲਖ ਨੂੰ ਫੁਲਾਂ ਦਾ ਗੁਲਦਸਤਾ, ਸਨਮਾਨ ਚਿੰਨ ਅਤੇ ਦੋਸ਼ਾਲਾਂ ਪਹਿਨਾ ਕੇ ਸਨਮਾਨਿਤ ਕੀਤਾ। ਪਾਕਿਸਤਾਨ ਦੀ ਪ੍ਰਸਿੱਧ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ (ਪੰਜਾਬ) ਨੇ ਵਾਈਸ ਚਾਂਸਲਰ ਡਾ। ਇਕਰਾਰ ਅਹਿਮਦ ਖਾਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਿਛਲੇ 50 ਵਰਿਆਂ ਵਿਚ ਪੂਰੇ ਵਿਸ਼ਵ ਨੂੰ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ ਹੈ। ਬੁਲੰਦੀ ਤੇ ਪਹੁੰਚ ਕੇ ਨਾਮ ਕਮਾਉਣ ਤੋਂ ਇਲਾਵਾ ਇਸ ਸੰਸਥਾ ਦੇ ਮੁਖੀਆਂ ਨੇ ਸਾਨੂੰ ਵੀ ਪ੍ਰਭਾਵਿਤ ਕੀਤਾ ਹੈ। ਡਾ:ਖਾਨ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੀ ਰੀਸ ਕਰਕੇ ਅਸੀਂ ਵੀ ਖੇਤੀਬਾੜੀ ਵਿੱਚ ਛੇ ਸਾਲਾ ਕੋਰਸ 30 ਸਾਲਾਂ ਦੇ ਵਕਫੇ ਬਾਅਦ ਮੁੜ ਸੁਰਜੀਤ ਕਰ ਲਿਆ ਹੈ।ਉਨ੍ਹਾਂ ਆਖਿਆ ਕਿ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੁੱਚੇ ਵਿਸ਼ਵ ਵਿੱਚ ਜਾਣੀ ਪਛਾਣੀ ਸੰਸਥਾ ਹੈ ਅਤੇ ਭਵਿੱਖ ਵਿੱਚ ਵੀ ਇਹ ਸੰਸਥਾ ਹੋਰ ਬੁਲੰਦੀਆਂ ਸਰ ਕਰੇਗੀ। ਉਨ੍ਹਾਂ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਇਥੋਂ ਦੇ ਵਿਗਿਆਨੀ ਅੱਜ ਵੀ ਪੁਰਾਣੇ ਲਾਇਲਪੁਰ ਅਤੇ ਅੱਜ ਦੇ ਫੈਸਲਾਬਾਦ ਨੂੰ ਆਪਣੇ ਸਾਹਾਂ ਵਿੱਚ ਵਸਾਈ ਬੈਠੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਸਰਹੱਦ ਕੰਢੇ ਖੇਤੀ ਵਿਕਾਸ ਮਾਡਲ ਉਸਾਰਨ ਦੀ ਗੱਲ ਕਹੀ ਹੈ ਜਿਸ ਤੋਂ ਦੋਵੇਂ ਦੇਸ਼ ਸਾਂਝੀ ਪ੍ਰੇਰਨਾ ਲੈ ਕੇ ਅੱਗੇ ਵਧ ਸਕਦੇ ਹਨ। ਇਹ ਵਿਕਾਸ ਮਾਡਲ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਨੇੜੇ ਉੱਸਰ ਸਕਦਾ ਹੈ। ਡਾ: ਖਾਨ ਨੇ ਪਾਕਿਸਤਾਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਜਨਾਬ ਮਲਿਕ ਅਹਿਮਦ ਅਲੀ ਔਲਖ ਜੀ ਦੀ ਪ੍ਰੇਰਨਾ ਨੂੰ ਮਹੱਤਵਪੂਰਨ ਆਖਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਸਾਨੂੰ ਮਰਕਜ਼ੀ ਸਰਕਾਰ ਤੋਂ ਫੈਸਲੇ ਕਰਵਾਉਣੇ ਵੀ ਅਸਾਨ ਰਹਿਣਗੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਰਤ ਪਾਕਿ ਵਿਗਿਆਨਕ ਅਦਾਨ ਪ੍ਰਦਾਨ ਅਤੇ ਸਾਂਝੇ ਯਤਨਾਂ ਨਾਲ ਰੌਸ਼ਨ ਖੇਤੀਬਾੜੀ ਭਵਿੱਖ ਦੀ ਸਲਾਮਤੀ ਸੰਭਵ ਹੈ।ਉਨ੍ਹਾਂ ਆਖਿਆ ਕਿ ਹੱਦਾਂ ਸਰਹੱਦਾਂ ਵਿਅਕਤੀ ਲਈ ਹਨ ਫ਼ਸਲਾਂ, ਫ਼ਲਾਂ, ਸਬਜ਼ੀਆਂ ਅਤੇ ਪਸ਼ੂਆਂ ਦੀਆਂ ਬੀਮਾਰੀਆਂ ਜਾਂ ਕੀੜੇ ਮਕੌੜਿਆਂ ਲਈ ਨਹੀਂ, ਇਸ ਲਈ ਸਾਨੂੰ ਸੁਰੱਖਿਅਤ ਫ਼ਸਲਾਂ ਅਤੇ ਹੋਰ ਸਾਂਝੇ ਦੁਸ਼ਮਣਾਂ ਦੇ ਟਾਕਰੇ ਲਈ ਸਾਂਝੀ ਕਾਰਜਨੀਤੀ ਉਸਾਰਨੀ ਪਵੇਗੀ।ਉਨ੍ਹਾਂ ਆਖਿਆ ਕਿ ਖੇਤੀ ਸਾਧਨਾਂ ਦੀ ਸੁਯੋਗ ਵਰਤੋਂ ਲਈ ਦੁਵੱਲਾ ਸਹਿਯੋਗ ਭਵਿੱਖ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਡਾ: ਢਿੱਲੋਂ ਨੇ ਆਖਿਆ ਕਿ ਇਸ ਯੂਨੀਵਰਸਿਟੀ ਵੱਲੋਂ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਇਸ ਸਾਲ ਤੋਂ ਵਿਸ਼ੇਸ਼ ਕੋਰਸ ਕੀਤਾ ਗਿਆ ਹੈ ਜੋ ਕਿ ਸ਼ਾਇਦ ਵਿਸ਼ਵ ਵਿੱਚ ਕਿਸੇ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕੀਤਾ ਗਿਆ ਹੈ। ਇਵੇਂ 1979 ਵਿੱਚ ਇਸ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ ਡਾ: ਹਰਚਰਨ ਸਿੰਘ ਸੰਧੂ ਦੀ ਅਗਵਾਈ ਹੇਠ ਮੱਕੀ ਦੇ ਖੇਤ ਵਿੱਚ ਜ਼ੀਰੋ ਟਿੱਲੇਜ਼ ਦੀ ਸਿਫਾਰਸ਼ ਕੀਤੀ ਗਈ ਸੀ ਅਤੇ 1990 ਵਿੱਚ ਡਾ: ਸੋਹਣ ਸਿੰਘ ਪਰਿਹਾਰ, ਡਾ: ਐਸ ਡੀ ਖੇਪੜ ਅਤੇ ਡਾ: ਵੀਰ ਸਿੰਘ ਨੇ ਪੰਜਾਬ ਦੇ ਜਲ ਸੋਮਿਆਂ ਦੀ ਸੰਭਾਲ ਸੰਬੰਧੀ ਪੂਰੇ ਵਿਸ਼ਵ ਨੂੰ ਸੁਚੇਤ ਕੀਤਾ ਸੀ। ਉਨ੍ਹਾਂ ਆਖਿਆ ਕਿ ਹਿੰਮਤ ਨਾਲ ਹੀ ਭਵਿੱਖ ਦੀਆ ਚੁਣੌਤੀਆਂ ਤੇ ਜੇਤੂ ਹੋ ਸਕਦੇ ਹਾਂ। ਡਾ: ਢਿੱਲੋਂ ਨੇ ਪਾਕਿਸਤਾਨੀ ਪੰਜਾਬੀ ਸ਼ਾਇਰ ਉਸਤਾਦ ਦਾਮਨ ਦੇ ਹਵਾਲੇ ਨਾਲ ਸਾਂਝੇ ਯਤਨਾਂ ਦੀ ਸਲਾਮਤੀ ਨਾਲ ਸਰਬੱਤ ਦੇ ਭਲੇ ਲਈ ਵਧੇਰੇ ਅਨਾਜ ਅਤੇ ਹੋਰ ਖੁਰਾਕ ਪੈਦਾ ਕਰਨ ਲਈ ਵਿਗਿਆਨੀਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਵਿਜੇ ਕੁਮਾਰ ਤਨੇਜਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਵੀ ਸੰਸਥਾ ਲਈ ਅੱਧੀ ਸਦੀ ਲੰਮਾ ਸਫ਼ਰ ਜਿਥੇ ਵਕਤ ਦੇ ਸਫ਼ੇ ਤੇ ਗੂੜੀਆਂ ਪੈੜਾਂ ਪਾਉਂਦਾ ਹੈ ਉਥੇ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਮਜ਼ਬੂਤ ਆਧਾਰ ਕਿਲਾ ਬਣਦਾ ਹੈ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਨੇ ਖੇਤੀਬਾੜੀ, ਇੰਜੀਨੀਅਰਿੰਗ, ਗ੍ਰਹਿ ਵਿਗਿਆਨ, ਮੂਲ ਵਿਗਿਆਨ ਅਤੇ ਪਸ਼ੂ ਪਾਲ਼ਣ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਤੇ ਸਾਨੂੰ ਸਭ ਨੂੰ ਮਾਣ ਹੈ। ਸਮਾਗਮ ਦੀ ਪ੍ਰਧਾਨਗੀ ਖੇਤੀਬਾੜੀ ਕਾਲਜ ਦੇ ਸਭ ਤੋਂ ਪੁਰਾਣੇ ਵਿਦਿਆਰਥੀ ਡਾ: ਜ।ਸ। ਜਵੰਦਾ ਨੇ ਕਰਦਿਆਂ ਨਵੇਂ ਪੁਰਾਣੇ ਵਿਦਿਆਰਥੀਆਂ ਨੁੰ ਚੜਦੀ ਕਲਾ ਦਾ ਸੰਦੇਸ਼ ਅਤੇ ਵਿਕਾਸ ਲਈ ਅਸ਼ੀਰਵਾਦ ਦਿੱਤੀ। ਉਨ੍ਹਾਂ ਆਖਿਆ ਕਿ ਫੈਸਲਾਬਾਦ ਤੋਂ ਲੁਧਿਆਣਾ ਤਕ ਦਾ ਸਫ਼ਰ ਖੇਤੀਬਾੜੀ ਵਿਕਾਸ ਦਾ ਸਫ਼ਰ ਹੈ ਜਿਸ ਨੂੰ ਹੋਰ ਅੱਗੇ ਵਧਾਉਣਾ ਅੱਜ ਦੇ ਵਿਗਿਆਨੀਆਂ ਦਾ ਫਰਜ਼ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਐਗਰੀਕਲਚਰਲ ਯੂਨੀਵਰਸਿਟੀ ਫੈਸਲਾਬਾਦ ਦੇ ਵਾਈਸ ਚਾਂਸਲਰ ਡਾ: ਇਕਰਾਰ ਅਹਿਮਦ ਖਾਨ, ਡਾ: ਹਾਫ਼ਿਜ਼ ਅਬਦੁੱਲ ਕਿਯੂਮ ਅਤੇ ਡਾ: ਜੇ ਐਸ ਜਵੰਦਾ ਨੂੰ ਫੁੱਲਾਂ ਦੇ ਗੁਲਦਸਤੇ ਸਨਮਾਨ ਚਿੰਨ ਅਤੇ ਦੋਸ਼ਾਲੇ ਪਹਿਨਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ, ਡਾ: ਕਰਮਜੀਤ ਸਿੰਘ ਮਿਨਹਾਸ, ਡਾ: ਭ੍ਰਿਗੂਦੱਤ ਸ਼ਰਮਾ, ਸ਼੍ਰੀ ਕੁਲਵਿੰਦਰ ਸਿੰਘ, ਡਾ: ਜੇ ਆਰ ਸ਼ਰਮਾ, ਸ਼੍ਰੀ ਦਿਲਬਾਗ ਸਿੰਘ ਕੂੰਨਰ, ਡਾ: ਤਰਲੋਕ ਸਿੰਘ ਗਿੱਲ ਅਤੇ ਸ਼੍ਰੀ ਜਸਵਿੰਦਰ ਸਿੰਘ ਦੇ ਦੇਹਾਂਤੇ ਤੇ ਭਰੀ ਸਭਾ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ‘ਚੰਗੀ ਖੇਤੀ’ ਦੇ ਸੰਪਾਦਕ ਗੁਰਭਜਨ ਸਿੰਘ ਗਿੱਲ ਨੇ ਦੇਸ਼ ਵਿਦੇਸ਼ ਤੋਂ ਆਏ ਸਮੂਹ ਡੈਲੀਗੇਟਾਂ ਦਾ ਸੁਆਗਤ ਕੀਤਾ । ਇਸ ਮੌਕੇ ਪੁਰਾਣੇ ਵਿਦਿਆਰਥੀਆਂ ਦੀ ਸਭਾ ਦੇ ਮੈਗਜ਼ੀਨ ‘ਐਗਲੂਮੀਨਸ-2012′ ਤੋਂ ਇਲਾਵਾ ਡਾ: ਹਾਫ਼ਿਜ਼ ਅਬਦੁੱਲ ਕਿਯੂਮ ਦੀਆਂ ਨਜ਼ਮਾਂ ਅਤੇ ਚੌਲਾਂ ਦਾ ਬਾਦਸ਼ਾਹ ਡਾ: ਗੁਰਦੇਵ ਸਿੰਘ ਖੁਸ਼ ਨਾਮੀ ਬਾਲ ਪੁਸਤਕ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੁੰ ਡਾ: ਰਣਜੀਤ ਸਿੰਘ ਨੇ ਲਿਖਿਆ ਹੈ। ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਇਤਿਹਾਸਕਾਰੀ ਬਾਰੇ ਡਾ: ਰਣਜੀਤ ਸਿੰਘ ਵੱਲੋਂ ਤਿਆਰ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ। ਡਾ: ਗੁਰਦੇਵ ਸਿੰਘ ਸੰਧੂ ਨੇ ਸੁਆਗਤੀ ਨਜ਼ਮ ਸੁਣਾਈ ਜਦ ਕਿ ਪਾਕਿਸਤਾਨ ਤੋਂ ਆਏ ਡਾ: ਹਾਫ਼ਿਜ਼ ਅਬਦੁੱਲ ਕਿਯੂਮ ਜੀ ਨੇ ਭਾਵਨਾਵਾਂ ਭਰਪੂਰ ਕਵਿਤਾ ਨਾਲ ਹਾਜ਼ਰੀ ਲੁਆਈ।
ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਬਣਨ ਤੇ ਡਾ: ਸਰਦਾਰਾ ਸਿੰਘ ਜੌਹਲ, ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਡਾ: ਜੈ ਰੂਪ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਦੇ ਵਾਈਸ ਚਾਂਸਲਰ ਡਾ: ਰਾਮੇਸ਼ ਕੰਵਰ, ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ: ਆਰ ਐਸ ਬਾਵਾ, ਪੰਜਾਬ ਸਰਕਾਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਸੀ ਐਸ ਆਰ ਰੈਡੀ, ਪੰਜਾਬ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਸ: ਕਾਹਨ ਸਿੰਘ ਪਨੂੰ, ਆਈ ਏ ਐਸ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਪਦਮਸ਼੍ਰੀ ਪ੍ਰਾਪਤ ਕਰਤਾ ਇਸ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾ: ਸੁਰਜੀਤ ਪਾਤਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸੁਰਜੀਤ ਪਾਤਰ ਨੇ ਇਸ ਮੌਕੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਡਾ: ਸੁਰਜੀਤ ਸਿੰਘ ਗਿੱਲ, ਡਾ: ਬਲਵਿੰਦਰ ਸਿੰਘ ਸੂਚ, ਡਾ: ਬਲਵਿੰਦਰ ਸਿੰਘ ਬੁਟਾਹਰੀ, ਡਾ: ਪਿਰਤਪਾਲ ਕੌਰ ਚਾਹਲ ਅਤੇ ਡਾ: ਰਣਜੀਤ ਸਿੰਘ ਤਾਂਬੜ ਨੇ ਵੀ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਪਾਕਿਸਤਾਨ ਤੋਂ ਆਏ ਵਫਦ ਦੇ ਬਾਕੀ 16 ਮੈਂਬਰਾਂ ਪ੍ਰੋਫੈਸਰ ਰਾਏ ਨਿਆਜ਼ ਅਹਿਮਦ, ਪ੍ਰੋਫੈਸਰ ਡਾ: ਮੁਹੰਮਦ ਇਕਬਾਲ ਜ਼ਫ਼ਰ, ਡਾ: ਖਾਲਿਦ ਮੁਸਤਫਾ, ਨਾਜ਼ਮਾ ਮਕਬੂਲ, ਡਾ: ਸਹਿਜਾਦ ਬਸਰਾ, ਰੇਡੀਓ ਪਾਕਿਸਤਾਨ ਦੇ ਪ੍ਰਤੀਨਿਧ ਸ਼੍ਰੀ ਰਿਆਜ਼ ਅਹਿਮਦ ਪਰਵਾਜ਼, ਅਗਾਂਹਵਧੂ ਕਿਸਾਨ ਮੁਸ਼ਤਾਕ ਅਹਿਮਦ, ਡਾ: ਮੁਹੰਮਦ ਅੰਜ਼ਮ ਅਲੀ, ਚੌਧਰੀ ਹਾਮਿਦ ਮੱਲੀ, ਡਾ: ਜ਼ਾਹਿਦ ਅਤਾ ਕੀਮਾ, ਡਾ: ਮੁਹੰਮਦ ਫਾਰੂਕ, ਡਾ: ਇਰਫਾਨ ਅਫ਼ਜ਼ਲ ਸੰਧੂ, ਡਾ: ਹਫੀਜ਼ ਉਰਫ ਰਹਿਮਾਨ, ਮੁਬਸਰਾ ਯਾਸੀਨ, ਉਮਰ ਫਾਰੂਕ ਅਤੇ ਅਹਿਮਦ ਨਮਾਜ਼ ਨੁੰ ਵੀ ਸਨਮਾਨ ਚਿੰਨ• ਭੇਂਟ ਕੀਤੇ ਗਏ।
ਯੂਨੀਵਰਸਿਟੀ ਦੀ ਗੋਲਡਨ ਜੁਬਲੀ ਸਮਾਰੋਹਾਂ ਨੂੰ ਸਦੀਵੀ ਚਿੰਨ ਵਜੋਂ ਕਾਇਮ ਰੱਖਣ ਲਈ ਉੱਘੇ ਚਿੱਤਰਕਾਰ ਲੇਖਕ ਅਤੇ ਬੁੱਤ ਤਰਾਸ਼ ਸਵਰਨਜੀਤ ਸਵੀ ਵੱਲੋਂ ਤਿਆਰ ਕਲਾਕ੍ਰਿਤ ਨੂੰ ਗੋਲਡਨ ਜੁਬਲੀ ਚੌਕ ਵਿਖੇ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਮਹਿਮਾਨਾਂ ਨੇ ਪਰਦਾ ਚੁੱਕਾ ਕੇ ਲੋਕ ਅਰਪਣ ਕੀਤਾ। ਆਦਿ ਕਾਲ ਤੋਂ ਵਰਤਮਾਨ ਤੀਕ ਦਾ ਗਿਆਨ ਵਿਗਿਆਨ ਅਧਾਰਿਤ ਖੇਤੀ ਇਤਿਹਾਸ ਦਰਸਾਉਂਦੀ ਇਸ ਕਲਾਕ੍ਰਿਤ ਨੂੰ ਪਾਕਿਸਤਾਨੀ ਮਹਿਮਾਨਾਂ ਨੇ ਰੱਜ ਕੇ ਸਲਾਹਿਆ।
ਪੁਰਾਣੇ ਵਿਦਿਆਰਥੀਆਂ ਦੀ ਇਸ ਇਕੱਤਰਤਾ ਵਿੱਚ ਪੁਰਾਣੇ ਵਿਦਿਆਰਥੀ ਅਤੇ ਇਸ ਵੇਲੇ ਪੰਜਾਬ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਸ਼੍ਰੀ ਕਾਹਨ ਸਿੰਘ ਪਨੂੰ ਆਈ ਏ ਐਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਭਵਿੱਖ ਮੁਖੀ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਪਾਕਿਸਤਾਨ ਦੇ ਖੇਤੀਬਾੜੀ ਮੰਤਰੀ ਜਨਾਬ ਮਲਿਕ ਅਹਿਮਦ ਅਲੀ ਔਲਖ, ਵਾਈਸ ਚਾਂਸਲਰ ਇਕਰਾਰ ਅਹਿਮਦ ਅਤੇ ਹਿਮਾਚਲ ਪ੍ਰਦੇਸ਼ ਬਾਗਬਾਨੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਜਗਮੋਹਣ ਸਿੰਘ ਨੇ ਪ੍ਰਧਾਨਗੀ ਕੀਤੀ।